15 ਦਿਨਾਂ ਤੋਂ ਪੈ ਰਹੀ ਧੁੰਦ ਕਾਰਨ ਸਮੁੱਚਾ ਜਨਜੀਵਨ ਪ੍ਰਭਾਵਿਤ

11/15/2017 10:41:20 AM


ਫਰੀਦਕੋਟ (ਹਾਲੀ) - 28 ਅਕਤੂਬਰ ਤੋਂ ਮਾਲਵੇ 'ਚ ਪੈ ਰਹੀ ਸੰਘਣੀ ਧੁੰਦ ਕਾਰਨ ਸਮੁੱਚਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸੜਕੀ ਹਾਦਸਿਆਂ ਦੇ ਨਾਲ-ਨਾਲ ਰੋਜ਼ਾਨਾ ਦੇ ਕੰਮਕਾਜ ਵੀ ਧੁੰਦ ਨੇ ਪ੍ਰਭਾਵਿਤ ਕੀਤੇ ਹਨ। ਸੰਘਣੀ ਧੁੰਦ ਕਾਰਨ ਸਕੂਲਾਂ 'ਚ ਵਿਦਿਆਰਥੀਆਂ ਦੀ ਹਾਜ਼ਰੀ 50 ਫ਼ੀਸਦੀ ਹੀ ਹੈ। ਧੁੰਦ ਕਾਰਨ ਪਿਛਲੇ 15 ਦਿਨਾਂ ਤੋਂ ਸੂਰਜ ਨਾ ਨਿਕਲਣ ਕਾਰਨ ਕਣਕ ਦੀ ਬਿਜਾਈ ਵੀ ਪ੍ਰਭਾਵਿਤ ਹੋਈ ਹੈ। ਧੁੱਪ ਨਾ ਨਿਕਲਣ ਕਾਰਨ ਰੌਣੀ ਹੋਏ ਵਾਹਣ ਵੱਤਰ ਨਹੀਂ ਆਏ, ਜਿਸ ਕਰਕੇ ਕਣਕ ਦੀ ਬਿਜਾਈ ਲੇਟ ਹੋ ਰਹੀ ਹੈ। ਕੁਝ ਥਾਵਾਂ 'ਤੇ ਕਿਸਾਨਾਂ ਨੇ ਅਜੇ ਪਰਾਲੀ ਨੂੰ ਅੱਗ ਨਹੀਂ ਲਾਈ ਸੀ ਅਤੇ ਅਚਾਨਕ ਧੁੰਦ ਵਧਣ ਕਾਰਨ ਹੁਣ ਇਹ ਪਰਾਲੀ ਸੁੱਕਣ ਦੀ ਥਾਂ ਹੋਰ ਗਿੱਲੀ ਹੋ ਗਈ ਹੈ ਤੇ ਹੁਣ ਇਸ ਪਰਾਲੀ ਨੂੰ ਅੱਗ ਲਾਉਣਾ ਲਗਭਗ ਅਸੰਭਵ ਹੈ, ਜਿਸ ਕਾਰਨ ਕਿਸਾਨ ਰੌਣੀ ਨੂੰ ਸਬਜ਼ੀ ਮੰਡੀ ਤੱਕ ਪਹੁੰਚਾਉਣ ਤੋਂ ਵੀ ਅਸਮਰਥ ਹਨ। 

ਕੀ ਕਹਿੰਦੇ ਹਨ ਐੱਸ. ਐੱਸ. ਪੀ.
ਪੁਲਸ ਕਪਤਾਨ ਡਾ. ਨਾਨਕ ਸਿੰਘ ਨੇ ਕਿਹਾ ਕਿ ਧੁੰਦ ਦੌਰਾਨ ਆਵਾਜਾਈ ਤੇ ਟ੍ਰੈਫਿਕ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਸੰਘਣੀ ਧੁੰਦ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਸ਼ਹਿਰ ਨੂੰ ਆਉਣ ਵਾਲੀਆਂ ਸੜਕਾਂ 'ਤੇ ਵਿਸ਼ੇਸ਼ ਨਾਕੇਬੰਦੀ ਕਰਵਾਈ ਗਈ ਹੈ ਅਤੇ ਵਾਹਨਾਂ ਨੂੰ ਵਿਸ਼ੇਸ਼ ਰਿਫਲੈਕਟਰ ਲਾਏ ਜਾ ਰਹੇ ਹਨ।

ਕੀ ਕਹਿੰਦੇ ਹਨ ਡੀ. ਸੀ.
ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਕਿਹਾ ਕਿ ਆਮ ਲੋਕਾਂ ਨੂੰ ਸ਼ਾਮ ਤੋਂ ਬਾਅਦ ਸਫ਼ਰ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਸੰਘਣੀ ਧੁੰਦ ਕਾਰਨ ਪੁਲਸ ਵੱਲੋਂ ਅਪਰਾਧੀਆਂ ਨੂੰ ਅਦਾਲਤ ਵੱਲੋਂ ਪੇਸ਼ ਕਰਨ ਦੀ ਥਾਂ ਉਨ੍ਹਾਂ ਦੀਆਂ ਪੇਸ਼ੀਆਂ ਜੇਲ 'ਚੋਂ ਵੀਡੀਓ ਕਾਨਫਰੰਸ ਭੁਗਤਾਈਆਂ ਜਾ ਰਹੀਆਂ ਹਨ ਅਤੇ ਬਹੁਤੇ ਕੇਸਾਂ 'ਚ ਦੂਰ-ਦੁਰਾਡਿਓਂ ਦੇ ਦਾਅਵੇਦਾਰ ਸਮੇਂ ਸਿਰ ਪੇਸ਼ੀ ਲਈ ਅਦਾਲਤ 'ਚ ਹਾਜ਼ਰ ਨਹੀਂ ਹੋ ਰਹੇ, ਜਿਸ ਨਾਲ ਅਦਾਲਤੀ ਕਾਰਵਾਈ ਵੀ ਕਾਫ਼ੀ ਪ੍ਰਭਾਵਿਤ ਹੋ ਰਹੀ ਹੈ।