ਜ਼ਿਆਦਾ ਪਾਣੀ ਛੱਡਣ ਕਾਰਨ ਰਜਬਾਹੇ ''ਚ ਪਿਆ 70 ਫੁੱਟ ਦਾ ਪਾੜ

11/23/2017 5:41:14 AM

ਮਾਨਸਾ, (ਸੰਦੀਪ ਮਿੱਤਲ)- ਪਿੰਡ ਭੰਮੇ ਕਲਾਂ ਵਿਚੋਂ ਲੰਘਦੇ ਉਡਤ ਬ੍ਰਾਂਚ ਰਜਬਾਹੇ ਵਿਚ ਬੁੱਧਵਾਰ ਰਾਤ ਵੱਡਾ ਪਾੜ ਪੈਣ ਕਾਰਨ 100 ਏਕੜ ਦੇ ਲਗਭਗ ਬੀਜੀ ਕਣਕ ਅਤੇ ਹਰੇ ਚਾਰੇ ਦੀ ਫਸਲ ਦਾ ਭਾਰੀ ਨੁਕਸਾਨ ਹੋ ਗਿਆ ਹੈ। ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਪਾਣੀ ਦਾ ਵਹਾਅ ਤੇਜ਼ ਹੋਣ ਕਰ ਕੇ ਰਜਬਾਹੇ ਵਿਚ ਪਾੜ ਪਿਆ ਹੈ। ਹੁਣ ਕਿਸਾਨ ਸਰਕਾਰ ਤੋਂ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ। 
ਜਾਣਕਾਰੀ ਅਨੁਸਾਰ ਪਿੰਡ ਭੰਮੇ ਕਲਾਂ ਵਿਖੇ ਬੁੱਧਵਾਰ ਰਾਤ ਰਜਬਾਹੇ ਵਿਚ 70 ਫੁੱਟ ਦਾ ਪਾੜ ਪੈ ਗਿਆ, ਜਿਸ ਕਾਰਨ 100 ਏਕੜ ਦੇ ਲਗਭਗ ਫਸਲ 'ਚ ਦੋ-ਢਾਈ ਫੁੱਟ ਪਾਣੀ ਭਰ ਗਿਆ। ਕਿਸਾਨਾਂ ਨੇ ਪਾੜ ਕਾਰਨ ਹੋਏ ਨੁਕਸਾਨ ਦੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਉੱਧਰ ਨਹਿਰੀ ਵਿਭਾਗ ਦੇ ਐੱਸ. ਡੀ. ਓ. ਰਾਜ ਕੁਮਾਰ ਵਰਮਾ ਨੇ ਦੱਸਿਆ ਕਿ ਰਜਬਾਹੇ ਵਿਚ ਪਾਣੀ ਜ਼ਿਆਦਾ ਹੋਣ ਕਰ ਕੇ ਪਾੜ ਪਿਆ ਹੈ। ਉਨ੍ਹਾਂ ਦੱਸਿਆ ਕਿ ਹੈੱਡ ਤੋਂ ਪਾਣੀ ਬੰਦ ਕਰਵਾ ਦਿੱਤਾ ਹੈ ਤੇ ਪਾੜ ਨੂੰ ਪੂਰਨ ਲਈ ਟੀਮ ਨੂੰ ਬੁਲਾ ਲਿਆ ਗਿਆ ਹੈ। 
ਐੱਸ. ਡੀ. ਐੱਮ. ਸਰਦੂਲਗੜ੍ਹ, ਤਹਿਸੀਲਦਾਰ ਸੰਧੂਰਾ ਸਿੰਘ, ਨਾਇਬ ਤਹਿਸੀਲਦਾਰ ਝੁਨੀਰ ਜੀਵਨ ਲਾਲ, ਕਾਨੂੰਨਗੋ ਰਘਵੀਰ ਸਿੰਘ ਅਤੇ ਪਟਵਾਰੀ ਬਲਜਿੰਦਰ ਸਿੰਘ ਨੇ ਵੀ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।