ਕਿਸਾਨਾਂ ਦਾ ਮੰਗਾਂ ਸਬੰਧੀ ਦਿੱਤਾ ਧਰਨਾ ਤੀਜੇ ਦਿਨ ''ਚ ਦਾਖਲ

12/26/2017 4:46:54 AM

ਬਰਗਾੜੀ/ਜੈਤੋ, (ਕੁਲਦੀਪ, ਜਿੰਦਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪਿੰਡ ਵਾੜਾ ਭਾਈਕਾ ਦੇ ਵਸਨੀਕਾਂ ਵੱਲੋਂ ਸਾਂਝੇ ਤੌਰ 'ਤੇ ਮੰਗਾਂ ਸਬੰਧੀ ਕੌਮੀ ਸ਼ਾਹ ਮਾਰਗ ਨੰਬਰ-15 'ਤੇ ਸ਼ੁਰੂ ਕੀਤਾ ਗਿਆ ਧਰਨਾ ਅੱਜ ਤੀਜੇ ਦਿਨ 'ਚ ਦਾਖਲ ਹੋ ਗਿਆ। 
ਇਸ ਮੌਕੇ ਧਰਨਾਕਾਰੀਆਂ ਦੀ ਮੁੱਖ ਮੰਗ ਹੈ ਕਿ ਪਿੰਡ ਵਾਸੀਆਂ ਨੂੰ ਜਲ ਘਰ ਤੋਂ ਸਪਲਾਈ ਕੌਮੀ ਸ਼ਾਹ ਮਾਰਗ ਦੇ ਨਿਰਮਾਣ ਸਮੇਂ ਤੋਂ ਬੰਦ ਪਈ ਹੈ, ਜਿਸ ਨੂੰ ਤੁਰੰਤ ਚਾਲੂ ਕੀਤਾ ਜਾਵੇ। ਇਸ ਤੋਂ ਇਲਾਵਾ ਕੌਮੀ ਸ਼ਾਹ ਮਾਰਗ 'ਤੇ ਪਿੰਡ ਵਾੜਾ ਭਾਈਕਾ ਲਿਖਿਆ ਕੋਈ ਵੀ ਸੰਕੇਤ ਬੋਰਡ ਨਹੀਂ ਲਾਇਆ ਗਿਆ, ਜਿਸ ਕਾਰਨ ਸੜਕ 'ਤੇ ਲੰਘਣ ਵਾਲਿਆਂ ਨੂੰ ਕੋਈ ਪਤਾ ਨਹੀਂ ਲੱਗਦਾ ਕਿ ਇੱਥੇ ਕੋਈ ਪਿੰਡ ਹੈ ਜਾਂ ਨਹੀਂ। ਇਸ ਤੋਂ ਇਲਾਵਾ ਧਰਨਾਕਾਰੀ ਮੰਗ ਕਰ ਰਹੇ ਹਨ ਕਿ ਸੜਕ ਦੇ ਨਿਰਮਾਣ ਤੋਂ ਬਾਅਦ ਇੱਥੇ ਸਵਾਰੀਆਂ ਦੇ ਬੈਠਣ ਲਈ ਕੋਈ ਸ਼ੈੱਡ ਅਤੇ ਪਖਾਨੇ ਦੀ ਵਿਵਸਥਾ ਨਹੀਂ ਕੀਤੀ ਗਈ। 
ਇਸ ਦੌਰਾਨ ਗੁਰਮੇਲ ਕੌਰ, ਪਰਮਜੀਤ ਕੌਰ ਅਤੇ ਗੁਰਦੀਪ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਾਇਬ ਤਹਿਸੀਲਦਾਰ ਹੀਰਾਵੰਤੀ ਨੇ ਧਰਨਾਕਾਰੀਆਂ ਨੂੰ 10 ਦਿਨਾਂ 'ਚ ਮੰਗਾਂ ਪੂਰੀਆਂ ਕਰਨ ਦਾ ਵਿਸ਼ਵਾਸ ਦਿਵਾਇਆ ਸੀ ਪਰ ਅੱਜ ਤੱਕ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। 
ਇਸ ਸਮੇਂ ਬਸੰਤ ਸਿੰਘ ਕੋਠਾ ਗੁਰੂ ਕਾ ਬਲਾਕ ਪ੍ਰਧਾਨ ਫੂਲ, ਸੁਖਦੇਵ ਸਿੰਘ ਰਣ ਸਿੰਘ ਵਾਲਾ, ਜਸਪਾਲ ਸਿੰਘ ਨੰਗਲ, ਧਨਵੰਤ ਸਿੰਘ ਵਾੜਾ ਭਾਈਕਾ, ਇਕਾਈ ਪ੍ਰਧਾਨ ਮੋਹਨ ਸਿੰਘ ਵਾੜਾ ਭਾਈਕਾ ਨੇ ਵੀ ਸੰਬੋਧਨ ਕੀਤਾ।