ਡਾਕਟਰਾਂ ਦੀ ਘਾਟ ਕਾਰਨ ਮਰੀਜ਼ ਹੋ ਰਹੇ ਨੇ ਖੱਜਲ-ਖੁਆਰ

08/21/2017 5:25:35 AM

ਅਜਨਾਲਾ,  (ਫਰਿਆਦ)-  ਪੰਜਾਬ ਤੇ ਭਾਰਤ ਸਰਕਾਰ ਵੱਲੋਂ ਅਕਸਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦਿੱਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉਕਤ ਸਰਕਾਰਾਂ ਦੇ ਦਾਅਵਿਆਂ ਦੀ ਜ਼ਮੀਨੀ ਪੱਧਰ 'ਤੇ ਉਦੋਂ ਫੂਕ ਨਿਕਲਦੀ ਪ੍ਰਤੀਤ ਹੁੰਦੀ ਹੈ ਜਦੋਂ ਸਰਹੱਦੀ ਇਲਾਕੇ ਦੇ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਲਈ 30-40 ਕਿਲੋਮੀਟਰ ਦਾ ਸਫਰ ਤੈਅ ਕਰਨ ਉਪਰੰਤ ਸਥਾਨਕ ਤਹਿਸੀਲ ਪੱਧਰ 'ਤੇ ਬਣੇ 50 ਬੈੱਡਾਂ ਦੇ ਸਿਵਲ ਹਸਪਤਾਲ 'ਚ ਕੋਈ ਵੀ ਉਚਿਤ ਡਾਕਟਰੀ ਸਹੂਲਤ ਨਾ ਮਿਲੇ ਸਗੋਂ ਉਨ੍ਹਾਂ ਨੂੰ ਖੁੰਬਾਂ ਦੀ ਤਰ੍ਹਾਂ ਉੱਗ ਰਹੇ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੋਵੇ।
ਠੀਕ ਇਸੇ ਤਰ੍ਹਾਂ ਦਾ ਦ੍ਰਿਸ਼ ਸਿਵਲ ਹਸਪਤਾਲ ਅਜਨਾਲਾ 'ਚ ਪਿਛਲੇ ਲੰਮੇ ਸਮੇਂ ਤੋਂ ਮਰੀਜ਼ਾਂ ਦੀ ਹੋ ਰਹੀ ਖੱਜਲ-ਖੁਆਰੀ ਤੋਂ ਦੇਖਣ ਤੋਂ ਮਿਲਦਾ ਹੈ, ਜਿਸ ਦਾ ਮੁੱਖ ਕਾਰਨ ਸਰਕਾਰਾਂ ਵੱਲੋਂ ਸਿਹਤ ਵਿਭਾਗ 'ਚ ਡਾਕਟਰਾਂ ਨੂੰ ਉਚਿਤ ਤਨਖਾਹਾਂ ਤੇ ਹੋਰ ਬਣਦੀਆਂ ਸਹੂਲਤਾਂ ਨਾ ਦੇਣਾ ਹੈ, ਜਿਸ ਕਾਰਨ ਸਰਕਾਰ ਦੀ ਇਹ ਨੀਤੀ ਉਨ੍ਹਾਂ ਵੱਲੋਂ ਸਿਵਲ ਹਸਪਤਾਲ 'ਚ ਕੁਝ ਸਾਲ ਡਿਊਟੀ ਕਰ ਕੇ ਪ੍ਰਸਿੱਧੀ ਪਾਉਣ ਉਪਰੰਤ ਆਪਣੀ ਸਰਕਾਰੀ ਨੌਕਰੀ ਤੋਂ ਕਈ ਸਾਲ ਪਹਿਲਾਂ ਹੀ ਅਸਤੀਫੇ ਦੇ ਕੇ ਆਪਣੇ ਨਿੱਜੀ ਹਸਪਤਾਲ ਬਣਾਉਣ ਲਈ ਵਰਦਾਨ ਸਾਬਿਤ ਹੋ ਰਹੀ ਹੈ।
ਇਸੇ ਪ੍ਰਕਿਰਿਆ ਤਹਿਤ ਬੀਤੇ ਕੁਝ ਦਿਨ ਪਹਿਲਾਂ ਸਿਵਲ ਹਸਪਤਾਲ ਅਜਨਾਲਾ, ਜੋ ਪਹਿਲਾਂ ਹੀ ਅੱਖਾਂ ਤੇ ਨੱਕ, ਗਲ ਅਤੇ ਕੰਨਾਂ ਦੇ ਡਾਕਟਰਾਂ ਦੀਆਂ ਪੋਸਟਾਂ ਖਾਲੀ ਹੋਣ ਦੀ ਸਮੱਸਿਆ ਨਾਲ ਜੂਝ ਰਿਹਾ ਸੀ, ਉਥੇ ਹੀ ਮੈਡੀਸਨ ਦੇ ਐੱਮ. ਡੀ. ਡਾਕਟਰ ਵੱਲੋਂ ਅਸਤੀਫਾ ਦੇ ਕੇ ਸਿਵਲ ਹਸਪਤਾਲ ਸਾਹਮਣੇ ਆਪਣੀ ਨਿੱਜੀ ਪ੍ਰੈਕਟਿਸ ਸ਼ੁਰੂ ਕਰ ਦੇਣ ਕਾਰਨ ਮਰੀਜ਼ਾਂ ਲਈ ਭਾਰੀ ਮੁਸੀਬਤਾਂ ਦਾ ਸਬੱਬ ਬਣ ਚੁੱਕੀ ਹੈ। ਦੇਖਣ 'ਚ ਆਇਆ ਕਿ ਉਕਤ ਮੈਡੀਸਨ ਐੱਮ. ਡੀ. ਡਾਕਟਰ ਵੱਲੋਂ ਅਚਾਨਕ ਆਪਣੀ ਨੌਕਰੀ ਤੋਂ ਅਸਤੀਫਾ ਦੇਣ ਕਾਰਨ ਨਾ ਤਾਂ ਸਿਵਲ ਹਸਪਤਾਲ 'ਚ ਪਰਚੀਆਂ ਕੱਟਣ ਵਾਲੇ ਕਾਊਂਟਰ 'ਤੇ ਹੀ ਦੱਸਿਆ ਗਿਆ ਹੈ ਤੇ ਨਾ ਹੀ ਉਕਤ ਡਾਕਟਰ ਨੂੰ ਅਲਾਟ ਹੋਏ ਕਮਰੇ ਤੋਂ ਉਸ ਦੇ ਨਾਂ ਦੀ ਤਖਤੀ ਬਦਲੀ ਗਈ, ਜਿਸ ਕਾਰਨ ਪਿਛਲੇ ਕਈ ਦਿਨਾਂ ਤੋਂ ਸੈਂਕੜੇ ਮਰੀਜ਼ਾਂ ਨੂੰ ਪਰਚੀਆਂ ਕਟਾਉਣ ਉਪਰੰਤ ਜਾਂ ਤਾਂ ਨਿਰਾਸ਼ ਹੋ ਕੇ ਘਰਾਂ ਨੂੰ ਵਾਪਸ ਪਰਤਣਾ ਪੈ ਰਿਹਾ ਹੈ ਅਤੇ ਦੂਜੇ ਪਾਸੇ ਕੁਝ ਦਰਜਾ-4 ਮੁਲਾਜ਼ਮਾਂ ਦੀ ਮੁੱਠੀ ਗਰਮ ਕਰ ਕੇ ਉਕਤ ਡਾਕਟਰ ਦੇ ਖੋਲ੍ਹੇ ਗਏ ਨਵੇਂ ਹਸਪਤਾਲ 'ਚ ਮਰੀਜ਼ਾਂ ਨੂੰ ਭੇਜਿਆ ਜਾ ਰਿਹਾ ਹੈ।
ਇਸ ਸਬੰਧੀ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਪਵਨ ਸਰੀਨ, ਐਡਵੋਕੇਟ ਨਾਨਕ ਸਿੰਘ ਭੱਟੀ, ਰਾਣਾ ਦਹੂਰੀਆਂ ਆਦਿ ਨੇ ਕਿਹਾ ਕਿ ਸਰਹੱਦੀ ਇਲਾਕੇ ਦੇ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੀ ਲੁੱੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਜਿਸ ਦਾ ਮੁੱਖ ਕਾਰਨ ਸਰਕਾਰ ਵੱਲੋਂ ਸਿਹਤ ਸਹੂਲਤਾਂ ਦੀ ਪਹੁੰਚ ਜਨ ਸਾਧਾਰਨ ਤੱਕ ਨਾ ਕਰਨ ਤੋਂ ਇਲਾਵਾ ਡਾਕਟਰਾਂ ਨੂੰ ਆਪਣੀ ਸਰਕਾਰੀ ਨੌਕਰੀ ਦੌਰਾਨ ਜਿਥੇ ਪੂਰੀਆਂ ਬਣਦੀਆਂ ਸਹੂਲਤਾਂ ਨਾ ਦੇਣ ਅਤੇ ਪ੍ਰਾਈਵੇਟੇਸ਼ਨ ਨੂੰ ਖੁੱਲ੍ਹ ਦੇਣਾ ਮੁੱਖ ਹੈ। ਉਨ੍ਹਾਂ ਪੰਜਾਬ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਸਿਵਲ ਹਸਪਤਾਲ ਅਜਨਾਲਾ 'ਚ ਖਾਲੀ ਪੋਸਟਾਂ ਛੇਤੀ ਤੋਂ ਛੇਤੀ ਭਰ ਕੇ ਸਰਹੱਦੀ ਗਰੀਬ ਲੋਕਾਂ ਦੀ ਲੁੱਟ ਨੂੰ ਬੰਦ ਕੀਤਾ ਜਾਵੇ। ਉਧਰ ਐੱਸ. ਐੱਮ. ਓ. ਅਜਨਾਲਾ ਛੁੱਟੀ 'ਤੇ ਹੋਣ ਕਾਰਨ ਉਨ੍ਹਾਂ ਦਾ ਪੱਖ ਨਹੀਂ ਲਿਆ ਜਾ ਸਕਿਆ।