ਬੰਦ ਡੱਬੇ ’ਚ ਦੁਬਈ ਤੋਂ ਪੰਜਾਬ ਪੁੱਜੀ ਜਗਤਾਰ ਦੀ ਮ੍ਰਿਤਕ ਦੇਹ, ਇਸ ਕਾਰਨ ਡੇਢ ਮਹੀਨਾ ਪਹਿਲਾਂ ਕੀਤੀ ਸੀ ਖ਼ੁਦਕੁਸ਼ੀ

04/16/2022 11:35:49 AM

ਰਾਜਾਸਾਂਸੀ (ਰਾਜਵਿੰਦਰ) - ਆਪਣੇ ਚੰਗੇਰੇ ਭਵਿੱਖ ਲਈ ਖਾੜੀ ਮੁਲਕਾਂ ’ਚ ਮਿਹਨਤ ਮਜ਼ਦੂਰੀ ਕਰਨ ਗਏ 40 ਸਾਲਾ ਜਗਤਾਰ ਸਿੰਘ ਪੁੱਤਰ ਮੋਹਨ ਸਿੰਘ ਨੇ ਕਰੀਬ ਡੇਢ ਮਹੀਨਾ ਪਹਿਲਾਂ ਖ਼ੁਦਕੁਸ਼ੀ ਕਰ ਲਈ ਸੀ। ਲੋਕਾਂ ਦੀ ਹਰ ਮੁਸ਼ਕਲ ਘੜੀ ’ਚ ਮਦਦ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸ. ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੀ ਫਿਲੌਰ ਤਹਿਸੀਲ ਦੇ ਪਿੰਡ ਕਤਪਾਲੋਂ ਨਾਲ ਸਬੰਧਿਤ ਜਗਤਾਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: 1 ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ. ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਜਗਤਾਰ ਸਿੰਘ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਪਰਿਵਾਰ ਦੇ ਆਰਥਿਕ ਹਾਲਾਤ ਸੁਧਾਰਨ ਲਈ ਕਰੀਬ ਢਾਈ ਮਹੀਨੇ ਪਹਿਲਾਂ ਦੁਬਈ ਆਇਆ ਸੀ। ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਜਗਤਾਰ ਨੂੰ ਭੇਜਣ ਵਾਲੇ ਏਜੰਟ ਨੇ ਧੋਖਾ ਕਰਦਿਆਂ ਉਸ ਨੂੰ ਕੰਪਨੀ ਦਾ ਵੀਜ਼ਾ ਕਹਿ ਕੇ ਵਿਜ਼ਟਰ ਵੀਜ਼ੇ ’ਤੇ ਦੁਬਈ ਭੇਜ ਦਿੱਤਾ ਸੀ। ਦੁਬਈ ਜਾ ਕੇ ਕੋਈ ਕੰਮਕਾਰ ਨਾ ਮਿਲਣ ਕਾਰਨ ਉਸ ਨੂੰ ਦੋ ਵੇਲਿਆਂ ਦੀ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ। ਜਗਤਾਰ ਕੰਮਕਾਰ ਨਾ ਹੋਣ ਦੇ ਨਾਲ-ਨਾਲ ਆਪਣਾ ਵਿਜ਼ਟਰ ਵੀਜ਼ਾ ਖ਼ਤਮ ਹੋਣ ਕਾਰਨ ਬਹੁਤ ਪ੍ਰੇਸ਼ਾਨ ਸੀ। ਇਸੇ ਪ੍ਰੇਸ਼ਾਨੀ ਦੇ ਚਲਦਿਆਂ ਉਸ ਨੇ ਬੀਤੀ 5 ਮਾਰਚ ਨੂੰ ਆਪਣੇ ਹੱਥੀਂ ਮੌਤ ਨੂੰ ਗਲ਼ੇ ਲਾ ਲਿਆ। 

ਪੜ੍ਹੋ ਇਹ ਵੀ ਖ਼ਬਰ - ਵਿਸਾਖੀ ’ਤੇ ਪਾਕਿ ਗਏ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ, ਗੁਰਦੁਆਰਾ ਪੰਜਾ ਸਾਹਿਬ ਹੋਣਾ ਸੀ ਨਤਮਸਤਕ

ਉਨ੍ਹਾਂ ਦੱਸਿਆ ਕਿ ਦੁਬਈ ਪੁਲਸ ਨੇ ਭਾਰਤੀ ਦੂਤਾਵਾਸ ਰਾਹੀਂ ਉਨ੍ਹਾਂ ਨਾਲ ਸੰਪਰਕ ਕਰ ਕੇ ਉਕਤ ਨੌਜਵਾਨ ਦੀ ਪਿਛਲੇ ਡੇਢ ਮਹੀਨੇ ਤੋਂ ਲਾਵਾਰਿਸ ਪਈ ਮ੍ਰਿਤਕ ਦੇਹ ਸਬੰਧੀ ਉਸ ਦੇ ਵਾਰਸਾਂ ਨੂੰ ਜਾਣੂ ਕਰਵਾਉਣ ਲਈ ਕਿਹਾ ਸੀ। ਸਾਰੀ ਜਾਣਕਾਰੀ ਲੈ ਕੇ ਉਨ੍ਹਾਂ ਟਰੱਸਟ ਦੀ ਦੋਆਬਾ ਟੀਮ ਦੇ ਇੰਚਾਰਜ ਅਮਰਜੋਤ ਸਿੰਘ ਰਾਹੀਂ ਪੀੜਤ ਪਰਿਵਾਰ ਨੂੰ ਇਸ ਅਣਹੋਣੀ ਤੋਂ ਜਾਣੂ ਕਰਵਾਇਆ ਸੀ। ਪਰਿਵਾਰ ਨਾਲ ਰਾਬਤਾ ਹੋਣ ’ਤੇ ਉਨ੍ਹਾਂ ਭਾਰਤੀ ਦੂਤਾਵਾਸ ਦੇ ਵੱਡੇ ਸਹਿਯੋਗ ਅਤੇ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ ’ਚ ਤੁਰੰਤ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਜਗਤਾਰ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਭੇਜਿਆ ਹੈ।

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

 

 

rajwinder kaur

This news is Content Editor rajwinder kaur