ਦੁਬਈ ''ਚ ਸੜਕ ''ਤੇ 28 ਨੌਜਵਾਨ ਲਈ ਰੱਬ ਬਣ ਬਹੁੜਿਆ ਓਬਰਾਏ

02/14/2020 6:38:12 PM

ਪਟਿਆਲਾ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਇਕ ਵਾਰ ਫਿਰ ਵਿਦੇਸ਼ੀ ਧਰਤੀ 'ਤੇ ਬੇਸਹਾਰਾ ਨੌਜਵਾਨਾਂ ਲਈ ਮਸੀਹਾ ਬਣ ਕੇ ਸਾਹਮਣੇ ਆਏ ਹਨ। ਦੁਬਈ ਵਿਚ ਇਕ ਸਕਿਓਰਿਟੀ ਕੰਪਨੀ ਬੰਦ ਹੋਣ ਨਾਲ ਉਥੇ ਸਕਿਓਰਿਟੀ ਗਾਰਡ ਦੇ ਤੌਰ 'ਤੇ ਕੰਮ ਕਰਨ ਵਾਲੇ ਨੌਜਵਾਨ ਬੇਸਹਾਰਾ ਹੋ ਗਏ ਹਨ। ਕੰਪਨੀ ਬੰਦ ਹੋਣ ਨਾਲ ਬੇਰੁਜ਼ਗਾਰਾਂ ਵਿਚ ਬਹੁਗਿਣਤੀ ਪੰਜਾਬੀਆਂ ਦੀ ਹੈ। ਵਿਦੇਸ਼ੀ ਧਰਤੀ 'ਤੇ ਆਰਥਿਕ ਤੰਗੀ ਦਾ ਸ਼ਿਕਾਰ ਹੋਏ ਨੌਜਵਾਨ ਆਪਣੇ ਦੇਸ਼ ਪਰਤਣ ਲਈ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੋ ਰਹੇ ਹਨ। ਦੁਬਈ ਵਿਚ ਫਸੇ ਅਜਿਹੇ ਨੌਜਵਾਨਾਂ ਦੀ ਗਿਣਤੀ 28 ਤੱਕ ਦੱਸੀ ਜਾ ਰਹੀ ਹੈ। ਕਰੀਬ ਚਾਰ ਮਹੀਨੇ ਪਹਿਲਾਂ ਇਹ ਨੌਜਵਾਨ ਨੌਕਰੀ ਲਈ ਦੁਬਈ ਗਏ ਸਨ। ਜਿਥੇ ਇਕ ਸਕਿਓਰਿਟੀ ਕੰਪਨੀ ਵਿਚ ਕੰਮ ਤਾਂ ਮਿਲਿਆ ਪਰ ਤਨਖਾਹ ਨਹੀਂ ਮਿਲੀ, ਆਖਰ ਚਾਰ ਮਹੀਨੇ ਬਾਅਦ ਮਾਲਕ ਕੰਪਨੀ ਬੰਦ ਕਰਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ ਨੌਜਵਾਨ ਸੜਕਾਂ 'ਤੇ ਆ ਗਏ। ਫਿਲਹਾਲ ਇਨ੍ਹਾਂ ਨੌਜਵਾਨਾਂ ਕੋਲ ਨਾ ਰਹਿਣ ਲਈ ਕੋਈ ਠਿਕਾਣਾ ਰਿਹਾ ਤੇ ਨਾ ਹੀ ਖਾਣ ਲਈ ਜੇਬ ਵਿਚ ਕੋਈ ਧੇਲਾ ਰਿਹਾ ਹੈ।

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਦੇ ਇਹ ਮਾਮਲਾ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੌਜਵਾਨਾਂ ਨੂੰ ਆਪਣੇ ਘਰ ਤੱਕ ਪਹੁੰਚਾਉਣ ਦਾ ਜ਼ਿੰਮਾ ਚੁੱਕ ਲਿਆ। ਡਾ. ਓਬਰਾਏ 28 ਨੌਜਵਾਨਾਂ 'ਚੋਂ 8 ਨੂੰ ਦੁਬਈ ਤੋਂ ਹਵਾਈ ਜਹਾਜ਼ ਰਾਹੀਂ ਪੰਜਾਬ ਲਿਆਉਣਗੇ। 8 ਨੌਜਵਾਨਾਂ ਸਮੇਤ ਡਾ. ਓਬਰਾਏ 15 ਫਰਵਰੀ ਨੂੰ ਮੁਹਾਲੀ ਏਅਰਪੋਰਟ 'ਤੇ ਪੁੱਜਣਗੇ। ਇਨ੍ਹਾਂ ਤੋਂ ਇਲਾਵਾ ਹੋਰ ਨੌਜਵਾਨਾਂ ਨੂੰ ਵੀ ਆਪਣੇ ਘਰ ਤੱਕ ਪਹੁੰਚਾਉਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਤੇ ਸਾਰੀ ਕਾਰਵਾਈ ਪੂਰੀ ਹੋਣ 'ਤੇ ਬਾਕੀਆਂ ਨੂੰ ਵੀ ਪੰਜਾਬ ਲਿਆਂਦਾ ਜਾਵੇਗਾ।

Gurminder Singh

This news is Content Editor Gurminder Singh