ਨਸ਼ਿਆਂ ਕਾਰਨ ਅਨੇਕਾਂ ਘਰ ਹੋਏ ਤਬਾਹ

08/21/2018 1:52:23 AM

ਮੰਡੀ  ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ, ਪਵਨ)-ਇਕ ਸਮਾਂ ਸੀ, ਜਦੋਂ ਪੰਜਾਬ  ਸੂਬਾ ਤਰੱਕੀ ਅਤੇ ਖੁਸ਼ਹਾਲੀ ਦਾ ਚਿੰਨ੍ਹ ਸੀ। ਹਰ ਪਾਸੇ ਖੁਸ਼ੀਆਂ ਦੇ ਖੇਡ਼ੇ ਸਨ।  ਗੱÎਭਰੂਆਂ ਅਤੇ ਮੁਟਿਆਰਾਂ ਦੇ ਤਕਡ਼ੇ ਜੁੱਸੇ ਸਨ। ਸਾਂਝੇ ਪਰਿਵਾਰ ਸਨ ਅਤੇ ਹਰੇਕ ਘਰ ਵਿਚ  ਰੌਣਕਾਂ ਅਤੇ ਹਾਸਿਆਂ ਦੀਆਂ ਕਿਲਕਾਰੀਆਂ ਸੁਣਦੀਅਾਂ ਸਨ ਪਰ ਜਦੋਂ ਦਾ ਪੰਜਾਬ ਵਿਚ ਨਸ਼ਿਆਂ  ਦਾ ਛੇਵਾਂ ਦਰਿਆ ਵਹਿਣਾ ਸ਼ੁਰੂ ਹੋਇਆ ਹੈ, ਉਸ ਤੋਂ ਬਾਅਦ ਹਾਸੇ ਖਤਮ ਹੋਣ ਲੱਗੇ, ਰੌਣਕਾਂ  ਅਲੋਪ ਹੋਣ ਲੱਗ ਪਈਅਾਂ ਹਨ ਅਤੇ ਹੱਸਦੇ-ਵੱਸਦੇ ਘਰਾਂ ਵਿਚ ਵੈਣ ਪੈਣ ਲੱਗ ਪਏ ਹਨ। ਪੰਜਾਬ  ’ਤੇ ਪੈ ਰਹੀ ਨਸ਼ਿਆਂ ਦੀ ਇਹ ਮਾਰ ਬਡ਼ੀ ਭਿਆਨਕ ਸਾਬਤ ਹੋ ਰਹੀ ਹੈ ਕਿਉਂਕਿ ਨਸ਼ਿਆਂ ਨੇ  ਹੁਣ ਤੱਕ ਕਈ ਘਰਾਂ ਨੂੰ ਖਾਹ ਲਿਆ ਹੈ। ਮਾਪਿਆਂ ਦੇ ਇਕੱਲੇ-ਇਕੱਲੇ ਪੁੱਤ ਨਸ਼ਿਆਂ ਨੇ ਨਿਗਲ  ਲਏ ਹਨ। ਕਈ ਘਰ ਤਾਂ ਅਜਿਹੇ ਹਨ, ਜਿਨ੍ਹਾਂ ਨੂੰ ਨਸ਼ਿਆਂ ਕਾਰਨ ਜਿੰਦਰੇ ਲੱਗ ਗਏ ਹਨ। 
ਗਲਤ ਰਾਹਾਂ ’ਤੇ ਤੁਰੀ ਜਵਾਨੀ
ਪਿਛਲੇ  ਕਈ ਸਾਲਾਂ ਤੋਂ ਨਸ਼ਿਆਂ ਦੀ ਦਲ-ਦਲ ਵਿਚ ਫਸ ਚੁੱਕੀ ਜਵਾਨੀ ਗਲਤ ਰਾਹਾਂ ’ਤੇ ਤੁਰ ਪਈ ਹੈ  ਅਤੇ ਕੁਰਾਹੇ ਪਏ ਨੌਜਵਾਨਾਂ ਨੂੰ ਇਸ ਦਲ-ਦਲ ਵਿਚੋਂ ਕੱਢਣਾ ਬੇਹੱਦ ਅੌਖਾ ਹੋ ਰਿਹਾ ਹੈ।  ਛੋਟੀ ਉਮਰੇ ਹੀ ਜਦੋਂ ਪਡ਼੍ਹਨ-ਲਿਖਣ ਦਾ ਸਮਾਂ ਸੀ, ਕਈ ਗੱਭਰੂਅਾਂ ਨੂੰ ਨਸ਼ਿਆਂ ਦੀ ਲਤ  ਲੱਗ ਗਈ। ਉਨ੍ਹਾਂ ਨੂੰ ਬਸ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਹਰ ਉਮਰ ਵਰਗ ਦੇ ਨੌਜਵਾਨ  ਨਸ਼ਿਆਂ ਦੀ ਲਪੇਟ ਵਿਚ ਹਨ। ਜਿੱਥੇ ਅਨਪਡ਼੍ਹ ਜਾਂ ਘੱਟ ਪਡ਼੍ਹੇ-ਲਿਖੇ ਨੌਜਵਾਨਾਂ ਦੇ  ਨਸ਼ਿਆਂ ਵੱਲ ਰੁਝਾਨ ਕੀਤਾ, ਉੱਥੇ ਹੀ ਪਡ਼੍ਹੇ-ਲਿਖੇ ਵਰਗ, ਕਈ ਖਿਡਾਰੀਆਂ, ਕੁਝ ਕਲਾਕਾਰਾਂ  ਅਤੇ ਹੋਰਨਾਂ ਨੇ ਵੀ ਇਸ ਰਾਹ ਨੂੰ ਚੁਣ ਲਿਆ। ਨਸ਼ਿਆਂ ਦੀ ਪੂਰਤੀ ਲਈ ਅਜਿਹੇ ਨੌਜਵਾਨ  ਜਣੇ-ਖਣੇ ਅੱਗੇ ਆਪਣੇ ਹੱਥ ਅੱਡਣ ਲੱਗੇ। ਅਣਖਾਂ ਨਸ਼ਿਆਂ ਨੇ ਮਾਰ ਕੇ ਰੱਖ ਦਿੱਤੀਆਂ ਹਨ।  ਜਦੋਂ ਕਿਧਰੋਂ ਵੀ ਨਸ਼ੇ ਲਈ ਪੈਸੇ ਨਹੀਂ ਮਿਲਦੇ ਤਾਂ ਫਿਰ ਕਈਆਂ ਨੇ ਚੋਰੀਆਂ ਕਰਨੀਆਂ ਸ਼ੁਰੂ  ਕਰ ਦਿੱਤੀਆਂ। ਆਪਣੇ ਘਰਾਂ ਦਾ ਸਾਮਾਨ ਤੱਕ ਵੇਚ ਦਿੱਤਾ। 
ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਗੰਭੀਰ ਚਿੰਤਾ ਦਾ ਵਿਸ਼ਾ
ਸੁੂਬੇ ’ਚ ਰੋਜ਼ਾਨਾ ਨਸ਼ਿਆਂ ਕਾਰਨ ਨੌਜਵਾਨਾਂ ਦੀਅਾਂ ਹੋ ਰਹੀਆਂ ਮੌਤਾਂ ਗੰਭੀਰ ਚਿੰਤਾ ਦਾ ਵਿਸ਼ਾ ਹੈ। ਕਿਧਰੇ ਚਿੱਟੇ ਨਾਲ ਨੌਜਵਾਨ ਮਰ ਰਹੇ ਹਨ, ਕਿਤੇ ਸਰਿੰਜ ਬਾਂਹ ਦੀ ਨਾਡ਼ ਵਿਚ ਹੀ ਰਹਿ  ਜਾਂਦੀ ਹੈ, ਕਿਧਰੇ ਨਸ਼ੇ ਵਾਲੀਅਾਂ ਗੋਲੀਆਂ ਖਾਹ ਕੇ ਆਪਣੀ ਜ਼ਿੰਦਗੀ ਖਤਮ ਕਰ ਰਹੇ ਹਨ  ਅਤੇ ਕਿਤੇ ਸ਼ਰਾਬ ਪੀ ਕੇ ਲੋਕ ਆਪਣੇ-ਆਪ ਨੂੰ ਮੌਤ ਦੇ ਮੂੰਹ ਵੱਲ ਧੱਕ ਰਹੇ ਹਨ। ਮੌਤਾਂ ਦਾ  ਇਹ ਰੁਝਾਨ ਅਜੇ ਰੁਕਿਆ ਨਹੀਂ ਅਤੇ ਪਤਾ ਨਹੀਂ ਕਦੋਂ ਇਸ ਉੱਪਰ ਠੱਲ੍ਹ ਪਵੇਗੀ। 
ਸਿਹਤ ਵਿਭਾਗ ਨਸ਼ੇ ਛੁਡਾਉਣ ਲਈ ਕਰ ਰਿਹੈ ਉਪਰਾਲੇ : ਸਿਵਲ ਸਰਜਨ
ਸਿਵਲ  ਸਰਜਨ ਡਾ. ਸੁਖਪਾਲ ਸਿੰਘ ਬਰਾਡ਼ ਨੇ ਕਿਹਾ ਕਿ ਸਾਡੇ ਰਿਕਾਰਡ ਵਿਚ ਇਸ ਦੀ ਕੋਈ ਮੌਤ ਹੋਣ  ਬਾਰੇ ਜਾਣਕਾਰੀ ਨਹੀਂ ਹੈ ਅਤੇ ਸਿਵਲ ਹਸਪਤਾਲ ’ਚ ਅਜਿਹੀ ਕੋਈ ਮੌਤ ਨਹੀਂ ਹੋਈ। ਉਂਝ ਤਾਂ  ਉਨ੍ਹਾਂ ਕਿਹਾ ਕਿ ਨਸ਼ਾ ਛੁਡਾਉਣ ਲਈ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ  ਗਿੱਦਡ਼ਬਾਹਾ ਵਿਖੇ ਨਸ਼ਾ ਛੁਡਾਊ ਕੇਂਦਰ ਚਲਾਏ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਪਿੰਡ  ਥੇਡ਼੍ਹੀ ਵਿਖੇ ਪੁਨਰਵਾਸ ਕੇਂਦਰ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜ਼ਿਲੇ ਵਿਚ ਜਲਦ  ਹੀ 5 ਹੋਰ ਮੁੱਢਲੇ ਸਿਹਤ ਕੇਂਦਰਾਂ ਵਿਚ ਨਸ਼ਾ ਛੁਡਾਊ ਕੇਂਦਰਾਂ ਦੀ ਸ਼ੁਰੂਆਤ ਕੀਤੀ  ਜਾਵੇਗੀ। 
ਵੱਧ ਨਸ਼ਾ ਕਰਨ ਨਾਲ ਹੁੰਦੀਆਂ ਨੇ ਮੌਤਾਂ : ਸਿਹਤ ਇੰਸਪੈਕਟਰ
ਜ਼ਿਲਾ  ਸਿਹਤ ਇੰਸਪੈਕਟਰ ਭਗਵਾਨ ਦਾਸ ਦਾ ਕਹਿਣਾ ਹੈ ਕਿ ਜਿਹਡ਼ੇ ਲੋਕ ਵੱਧ ਨਸ਼ਾ ਕਰਦੇ ਹਨ, ਉਹੀ  ਆਮ ਤੌਰ ’ਤੇ ਮੌਤ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲੇ ਵਿਅਕਤੀਆਂ  ਨੂੰ ਚਾਹੀਦਾ ਹੈ ਕਿ ਉਹ ਹੌਲੀ-ਹੌਲੀ ਕਰ ਕੇ ਨਸ਼ਿਆਂ ਨੂੰ ਘਟਾਉਣ ਤਾਂ ਕਿ ਉਨ੍ਹਾਂ ਦੀ  ਜ਼ਿੰਦਗੀ ਬਚ ਸਕੇ।


ਕੁਝ ਦਿਨਾਂ ਵਿਚ ਹੀ 3 ਨੌਜਵਾਨਾਂ ਦੀ ਮੌਤ ਜ਼ਿਆਦਾ ਸ਼ਰਾਬ ਪੀਣ ਨਾਲ ਹੋਈ
ਇਸ  ਖੇਤਰ ਦੇ ਪਿੰਡ ਭਾਗਸਰ ਵਿਖੇ ਕੁਝ ਦਿਨਾਂ ਵਿਚ ਹੀ 3 ਨੌਜਵਾਨਾਂ ਦੀ ਮੌਤ ਜ਼ਿਆਦਾ ਸ਼ਰਾਬ  ਪੀਣ ਨਾਲ ਹੋ ਚੁੱਕੀ ਹੈ। ਸਵਰਨ ਕੌਰ, ਜਿਸ ਦਾ ਇਕੋ-ਇਕ ਪੁੱਤ ਸੁਖਵਿੰਦਰ ਸਿੰਘ ਉਰਫ਼  ਫੌਜੀ, ਜੋ ਅਜੇ 23 ਕੁ ਵਰ੍ਹਿਆਂ ਦਾ ਹੀ ਸੀ, ਨੇ ਦੱਸਿਆ ਕਿ ਲਗਾਤਾਰ ਸ਼ਰਾਬ ਪੀਣ ਨਾਲ ਉਸ  ਦੇ ਪੁੱਤ ਦੀ ਮੌਤ ਹੋ ਗਈ ਅਤੇ ਹੁਣ ਘਰ ਵਿਚ ਉਹ ਅਤੇ ਧੀਅਾਂ ਹੀ ਰਹਿ ਗਈਆਂ ਹਨ ਕਿਉਂਕਿ  ਫੌਜੀ ਦੇ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਚਰਨਾ ਸਿੰਘ  ਨੇ ਦੱਸਿਆ ਕਿ ਉਸ ਦਾ 28-29 ਸਾਲਾਂ ਦਾ ਪੁੱਤਰ ਸੁੱਖਾ ਸਿੰਘ ਦੀ ਵੀ ਜ਼ਿਆਦਾ ਸ਼ਰਾਬ ਪੀਣ  ਨਾਲ ਮੌਤ ਹੋ ਗਈ। ਛੋਟੇ ਬੱਚਿਆਂ ਹਰਨੁੂਰ ਸਿੰਘ ਅਤੇ ਹੁਸਨਦੀਪ ਕੌਰ ਨੇ ਦੱਸਿਆ ਕਿ  ਉਨ੍ਹਾਂ ਦਾ 38 ਸਾਲਾਂ ਦਾ ਪਿਤਾ ਰਾਜਵਿੰਦਰ ਸਿੰਘ ਉਰਫ਼ ਰਾਜਾ ਜ਼ਿਆਦਾ ਸ਼ਰਾਬ ਪੀਣ ਨਾਲ ਮਰ  ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਂ 11 ਸਾਲ ਪਹਿਲਾਂ ਤਲਾਕ ਦੇ ਕੇ ਉਨ੍ਹਾਂ ਨੂੰ ਛੱਡ ਕੇ  ਤੁਰ ਗਈ ਸੀ ਅਤੇ ਦਾਦਾ-ਦਾਦੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।