28 ਬੋਰੀਅਾਂ ਚੂਰਾ-ਪੋਸਤ ਤੇ ਕਾਰ ਸਮੇਤ 2 ਕਾਬੂ

07/16/2018 6:59:20 AM

ਜਲੰਧਰ, (ਕਮਲੇਸ਼)- ਜਲੰਧਰ ਦਿਹਾਤੀ ਪੁਲਸ ਨੇ ਇਕ ਔਰਤ ਅਤੇ ਮਰਦ ਨੂੰ ਕੁਲ  28  ਬੋਰੀਅਾਂ ਚੂਰਾ-ਪੋਸਤ ਅਤੇ ਇੰਡੀਗੋ ਕਾਰ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੁਖਵੀਰ  ਕੌਰ ਉਮਰ 45 ਸਾਲ ਪਤਨੀ ਸਵ. ਗੁਰਮੀਤ ਸਿੰਘ ਵਾਸੀ ਅਰਜਨੋਵਾਲ ਆਦਮਪੁਰ ਅਤੇ ਬਲਜੀਤ ਸਿੰਘ ਉਮਰ 36 ਸਾਲ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਹਰੀਪੁਰ ਵਜੋਂ ਹੋਈ ਹੈ। 
ਐੱਸ. ਐੱਸ. ਪੀ.  ਨਵਜੋਤ ਮਾਹਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਸ ਨੂੰ ਜਾਣਕਾਰੀ ਮਿਲੀ ਸੀ   ਕਿ ਜੰਮੂ ਤੋਂ ਚੂਰਾ-ਪੋਸਤ ਦੀ ਸਪਲਾਈ ਲੈ ਕੇ ਸਮੱਗਲਰ ਇਕ ਗੱਡੀ ਵਿਚ ਆ ਰਹੇ ਹਨ। ਜਿਸ ’ਤੇ  ਡੀ. ਐੱਸ. ਪੀ. ਦਿਗਵਿਜੇ ਸਿੰਘ ਨੇ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਰਮਨਦੀਪ ਸਿੰਘ ਤੇ  ਪੁਲਸ ਪਾਰਟੀ ਨੂੰ ਨਾਲ ਲੈ ਕੇ ਬੱਸ ਅੱਡਾ ਕਬੂਲਪੁਰ ’ਤੇ ਨਾਕਾ ਲਗਾਇਆ ਹੋਇਆ ਸੀ।

ਇਸ  ਦੌਰਾਨ ਜਦੋਂ ਸ਼ੱਕ ਦੇ ਆਧਾਰ ’ਤੇ ਡੀ. ਐੱਸ. ਪੀ. ਦਿਗਵਿਜੇ ਸਿੰਘ ਨੇ ਇੰਡੀਗੋ  ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਚੂਰਾ-ਪੋਸਤ ਦੀਆਂ 2 ਬੋਰੀਆਂ  ਬਰਾਮਦ ਹੋਈਆਂ। ਮੌਕੇ ’ਤੇ ਹੀ ਜਦੋਂ ਪੁਲਸ ਨੇ ਗੱਡੀ ਵਿਚ ਬੈਠੀ ਸੁਖਬੀਰ ਕੌਰ ਅਤੇ  ਬਲਜੀਤ ਸਿੰਘ ਤੋਂ ਪੁੱਛਗਿੱੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ  ਆਦਮਪੁਰ ਦੀ ਸੁੱਖਾ ਕਾਲੋਨੀ  ਦੇ ਇਕ ਐੱਨ. ਆਰ. ਆਈ. ਦੇ ਘਰ ਵਿਚ ਚੂਰਾ-ਪੋਸਤ ਦੀ  ਹੋਰ ਖੇਪ ਰੱਖੀ ਹੋਈ ਹੈ। ਮੁਲਜ਼ਮਾਂ ਦੀ  ਨਿਸ਼ਾਨਦੇਹੀ ’ਤੇ ਜਦੋਂ ਪੁਲਸ ਨੇ ਉਕਤ ਘਰ  ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਚੂਰਾ-ਪੋਸਤ ਦੀਆਂ 26 ਬੋਰੀਆਂ ਹੋਰ ਬਰਾਮਦ ਹੋਈਆਂ।
ਪੁਲਸ ਪੁੱਛਗਿੱਛ ਵਿਚ ਬਲਜੀਤ ਸਿੰਘ ਨੇ  ਦੱਸਿਆ ਕਿ ਸੁੱਖਾ ਕਾਲੋਨੀ ਆਦਮਪੁਰ ਵਿਚ ਇਕ ਐੱਨ. ਆਰ. ਆਈ ਦੀ ਕੋਠੀ ਹੈ।  ਐੱਨ. ਆਰ. ਆਈ.  ਫਿਲੀਪੀਨਜ਼ ਵਿਚ ਰਹਿੰਦਾ ਹੈ ਅਤੇ ਐੱਨ. ਆਰ. ਆਈ. ਨੇ ਕੋਠੀ ਦੀ ਦੇਖਭਾਲ ਦਾ ਜ਼ਿੰਮਾ ਉਸ  ਨੂੰ ਦਿੱਤਾ ਹੋਇਆ ਹੈ। ਜੰਮੂ ਤੋਂ ਜਦੋਂ ਉਹ ਚੂਰਾ-ਪੋਸਤ ਦੀ ਸਪਲਾਈ ਲੈ ਕੇ ਆਉਂਦੇ ਸਨ ਤਾਂ  ਇਸ ਕੋਠੀ ਦੀ ਵਰਤੋਂ ਕਰਦੇ ਹਨ। ਪੁਲਸ ਨੇ ਦੋਵੇਂ ਮੁਲਜ਼ਮਾਂ ਖਿਲਾਫ  ਮਾਮਲਾ ਦਰਜ ਕਰ ਲਿਆ ਹੈ।

ਸੁਖਬੀਰ ਕੌਰ ’ਤੇ ਪਹਿਲਾਂ ਵੀ ਦਰਜ ਹਨ 2 ਮਾਮਲੇ
ਪੁਲਸ  ਪੁੱਛਗਿੱਛ ਵਿਚ ਪਤਾ ਲੱਗਾ ਕਿ ਸੁਖਬੀਰ ਕੌਰ ਪਿਛਲੇ 13 ਸਾਲਾਂ ਤੋਂ ਚੂਰਾ-ਪੋਸਤ  ਵੇਚਣ ਦਾ ਧੰਦਾ  ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਚੂਰਾ-ਪੋਸਤ ਦੇ ਮਾਮਲੇ ਵਿਚ ਸੁਖਬੀਰ ਨੂੰ 10 ਸਾਲ ਦੀ ਸਜ਼ਾ  ਵੀ ਹੋ ਚੁੱਕੀ ਹੈ। ਸੁਖਬੀਰ ਦੇ ਪਿਤਾ ਦੀ ਸੰਨ 2000 ਵਿਚ ਮੌਤ ਹੋ ਗਈ ਸੀ। ਸੁਖਬੀਰ ’ਤੇ  ਪਹਿਲਾਂ ਵੀ ਆਦਮਪੁਰ ਥਾਣੇ ਵਿਚ ਐੱਨ. ਡੀ. ਪੀ. ਐੱਸ. ਦੇ 2 ਮਾਮਲੇ ਦਰਜ ਹਨ। ਉਥੇ ਬਲਜੀਤ  ਸਿੰਘ ਚੂਰਾ-ਪੋਸਤ ਦੇ ਧੰਦੇ ਵਿਚ ਸੁਖਬੀਰ ਦੇ ਨਾਲ 2 ਸਾਲ ਪਹਿਲਾਂ ਜੁੜਿਆ ਸੀ।

26 ਬੋਰੀਆਂ ਕਿਵੇਂ ਪਹੁੰਚੀਆਂ ਆਦਮਪੁਰ ਤੱਕ?
ਪੁਲਸ  ਨੇ ਚੂਰਾ-ਪੋਸਤ ਦੀਆਂ 28 ਬੋਰੀਆਂ ਫੜ ਕੇ ਸਫਲਤਾ ਤਾਂ ਹਾਸਲ ਕੀਤੀ ਹੈ ਪਰ ਸਵਾਲ ਇਹ ਹੈ  ਕਿ ਜੰਮੂ ਤੋਂ ਲਿਆਈਆਂ ਗਈਆਂ ਚੂਰਾ-ਪੋਸਤ ਦੀਆਂ 26 ਬੋਰੀਆਂ ਆਦਮਪੁਰ ਤੱਕ ਕਿਵੇਂ  ਪਹੁੰਚੀਆਂ। ਮੁਲਜ਼ਮ ਜੰਮੂ ਤੋਂ ਚੂਰਾ ਪੋਸਤ ਲਿਆਉਣ ਲਈ ਪੰਜਾਬ ਨੰਬਰ ਦੀ ਗੱਡੀ ਦੀ ਵਰਤੋਂ  ਕਰਦੇ ਸਨ ਤਾਂ ਫਿਰ ਵੀ ਪਹਿਲਾਂ ਕਦੇ ਇਨ੍ਹਾਂ ਦੀ ਗੱਡੀ ਦੀ ਚੈਕਿੰਗ ਕਿਉਂ ਨਹੀਂ ਹੋਈ, ਜਦਕਿ  ਸੁਖਬੀਰ ਕੌਰ ਦਾ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਰਹਿ ਚੁੱਕਾ ਹੈ।