ਦਿੱਲੀ ਤੋਂ ਮੱਛੀਆਂ ਦੇ ਟਰੱਕ ''ਚ ਨਸ਼ੀਲੇ ਪਦਾਰਥ ਲੁਕੋ ਕੇ ਲਿਆ ਰਹੇ 2 ਸਮੱਗਲਰ ਗ੍ਰਿਫਤਾਰ

10/13/2019 11:25:15 PM

ਜਲੰਧਰ,(ਮਾਹੀ): ਦਿੱਲੀ ਤੋਂ ਮੱਛੀਆਂ ਨਾਲ ਭਰੇ ਟਰੱਕ 'ਚ ਨਸ਼ੇ ਵਾਲਾ ਪਦਾਰਥ ਲੁਕੋ ਕੇ ਲਿਆ ਰਹੇ 2 ਸਮੱਗਲਰਾਂ ਨੂੰ ਥਾਣਾ ਮਕਸੂਦਾਂ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਕਾਬੂ ਕੀਤਾ ਹੈ। ਤਲਾਸ਼ੀ ਦੌਰਾਨ ਪੁਲਸ ਨੇ ਟਰੱਕ 'ਚੋਂ 2 ਹਜ਼ਾਰ ਨਸ਼ੇ ਵਾਲੇ ਕੈਪਸੂਲ, 350 ਨਸ਼ੇ ਵਾਲੀਆਂ ਸ਼ੀਸ਼ੀਆਂ ਤੇ 8 ਕਿਲੋ ਚੂਰਾ-ਪੋਸਤ ਬਰਾਮਦ ਕੀਤਾ ਹੈ। ਟਰੱਕ ਦਿੱਲੀ ਤੋਂ ਜੰਮੂ ਵੱਲ ਸਪਲਾਈ ਦੇਣ ਜਾ ਰਿਹਾ ਸੀ। ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਜ਼ਮੀਰ ਅਹਿਮਦ ਸ਼ੇਖ ਪੁੱਤਰ ਰਸ਼ੀਦ ਅਹਿਮਦ ਸ਼ੇਖ (ਡਰਾਈਵਰ), ਨਸੀਰ ਅਹਿਮਦ ਸ਼ੇਖ ਪੁੱਤਰ ਮੁਹੰਮਦ ਜਮਾਲ ਸ਼ੇਖ (ਕਲੀਨਰ) ਵਾਸੀ ਪਿੰਡ ਸੀਲੋ ਬਾਰਾਮੂਲਾ ਜੰਮੂ-ਕਸ਼ਮੀਰ ਵਜੋਂ ਹੋਈ ਹੈ।

ਥਾਣਾ ਮਕਸੂਦਾਂ ਦੇ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਪਿੰਡ ਰਾਓਵਾਲੀ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਏ. ਐੱਸ. ਆਈ. ਜੋਗਰਾਜ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਟਰੱਕ ਨੰ. ਜੇ ਕੇ 05 ਡੀ 4481 ਜੋ ਦਿੱਲੀ ਤੋਂ ਮੱਛੀਆਂ ਲੋਡ ਕਰ ਕੇ ਜੰਮੂ ਵੱਲ ਜਾ ਰਿਹਾ ਹੈ ਅਤੇ ਮੱਛੀਆਂ ਨਾਲ ਨਸ਼ੇ ਵਾਲਾ ਪਦਾਰਥ ਲੁਕੋ ਕੇ ਸਪਲਾਈ ਦੇਣ ਲਈ ਜਾ ਰਿਹਾ ਹੈ। ਪੁਲਸ ਨੇ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਉਕਤ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ 'ਚੋਂ 2 ਹਜ਼ਾਰ ਨਸ਼ੇ ਵਾਲੇ ਕੈਪਸੂਲ, 350 ਨਸ਼ੇ ਵਾਲੀਆਂ ਸ਼ੀਸ਼ੀਆਂ ਅਤੇ 8 ਕਿਲੋ ਚੂਰਾ-ਪੋਸਤ (ਡੋਡਾ) ਬਰਾਮਦ ਹੋਇਆ। ਪੁਲਸ ਨੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਟਰੱਕ ਡਰਾਈਵਰ ਅਤੇ ਕਲੀਨਰ ਦੋਵਾਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਉਕਤ ਦੋਵੇਂ ਵਿਅਕਤੀ ਦਿੱਲੀ ਤੋਂ ਨਸ਼ੇ ਵਾਲਾ ਪਦਾਰਥ ਲਿਆ ਕੇ ਹਾਈਵੇ 'ਤੇ ਲੋਕਾਂ ਨੂੰ ਸਪਲਾਈ ਕਰਦੇ ਸਨ ਅਤੇ ਬਾਅਦ 'ਚ ਜੰਮੂ ਤੋਂ ਚੂਰਾ-ਪੋਸਤ ਲਿਆ ਕੇ ਜਲੰਧਰ ਅਤੇ ਹੋਰ ਸ਼ਹਿਰਾਂ 'ਚ ਵੇਚਦੇ ਸਨ। ਪੁਲਸ ਨੇ ਗ੍ਰਿਫਤਾਰ ਕੀਤੇ ਦੋਵਾਂ ਵਿਅਕਤੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ।