ਪੁਲਸ ਨੇ ਨਸ਼ਾ ਸਮੱਗਲਿੰਗ ਦੀ ਅੰਤਰਰਾਜੀ ਸਪਲਾਈ ਲਾਈਨ ਨੂੰ ਤੋਡ਼ਿਆ 2 ਨੌਜਵਾਨ ਹੈਰੋਇਨ ਸਮੇਤ ਕਾਬੂ

08/21/2018 1:28:49 AM

 ਬਟਾਲਾ,   (ਬੇਰੀ, ਸੈਂਡੀ)-  ਇਥੋਂ ਦੀ ਪੁਲਸ ਨੇ ਨਸ਼ੇ ਦੀ ਅੰਤਰਰਾਜੀ ਸਪਲਾਈ ਲਾਈਨ ਨੂੰ ਤੋਡ਼ਨ ਵਿਚ ਸਫਲਤਾ ਹਾਸਲ ਕਰਦਿਆਂ ਕਸ਼ਮੀਰ ਦੇ ਦੋ ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤਾ ਹੈ। 
ਬਟਾਲਾ ਦੇ ਜ਼ਿਲਾ ਪੁਲਸ ਮੁਖੀ  ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਫਡ਼ੇ ਗਏ ਕਸ਼ਮੀਰੀ ਨੌਜਵਾਨਾਂ ਕੋਲੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ 19 ਅਗਸਤ  ਨੂੰ ਘੁਮਾਣ ਦੇ ਐੱਸ. ਐੱਚ. ਓ. ਇੰਸਪੈਕਟਰ ਲਲਿਤ ਕੁਮਾਰ ਨੂੰ  ਗੁਪਤ ਸੂਚਨਾ   ਮਿਲੀ  ਕਿ 2 ਨੌਜਵਾਨ ਜੋ ਕਸ਼ਮੀਰ ਦੇ ਰਹਿਣ ਵਾਲੇ  ਹਨ, ਉਹ ਪਿੰਡ ਭਗਤੂਪੁਰ, ਪੰਡੋਰੀ ਤੋਂ ਘੁਮਾਣ ਵੱਲ ਨੂੰ ਆ ਰਹੇ ਹਨ ਅਤੇ ਜੇਕਰ ਇਨ੍ਹਾਂ ਦੀ ਤਲਾਸ਼ੀ ਲਈ ਜਾਵੇ ਤਾਂ ਉਨ੍ਹਾਂ ਕੋਲੋਂ ਨਸ਼ੇ ਵਾਲੇ ਪਦਾਰਥ ਬਰਾਮਦ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਐੱਸ. ਐੱਚ. ਓ. ਵੱਲੋਂ ਫੌਰੀ ਕਾਰਵਾਈ ਕਰਦਿਆਂ ਪੁਲਸ ਪਾਰਟੀ ਨਾਲ ਤਪਿਆਣਾ ਸਾਹਿਬ ਲਾਗੇ ਸੂਏ ਦੇ ਪੁਲ ’ਤੇ ਨਾਕਾ ਲਾਇਅਾ ਗਿਆ। ਜਦੋਂ ਕੁਝ ਸਮੇਂ ਬਾਅਦ ਦੋ ਨੌਜਵਾਨ ਜੋ ਕਸ਼ਮੀਰੀ ਲੱਗਦੇ ਸਨ,  ਪੁਲਸ ਨਾਕੇ ਕੋਲ ਪਹੁੰਚੇ ਤਾਂ  ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਸ ਜਵਾਨਾਂ ਨੇ ਤੁਰੰਤ ਇਨ੍ਹਾਂ ਨੂੰ ਕਾਬੂ ਕਰ ਲਿਆ। ®ਪੁੱਛਗਿੱਛ ਕਰਨ ’ਤੇ ਇਨ੍ਹਾਂ ਨੌਜਵਾਨਾਂ ਨੇ ਆਪਣੀ ਪਛਾਣ ਬਸ਼ੀਰ ਅਹਿਮਦ ਮੀਰ ਪੁੱਤਰ ਗੁਲਾਮ ਅਹਿਮਦ ਮੀਰ ਵਾਸੀ ਪਾਜੀਪੁਰਾ ਅਤੇ ਦੂਸਰੇ ਨੇ ਆਪਣਾ ਨਾਂ ਰਵੀਜ ਅਹਿਮਦ ਖੋਜਾ ਪੁੱਤਰ ਵਜ਼ੀਰ ਅਹਿਮਦ ਖੋਜਾ ਵਾਸੀ ਬਲੀਪੁਰਾ  ਜ਼ਿਲਾ ਕੁਪਵਾਡ਼ਾ (ਜੰਮੂ-ਕਸ਼ਮੀਰ) ਵਜੋਂ ਦੱਸੀ। ਤਲਾਸ਼ੀ ਦੌਰਾਨ ਬਸ਼ੀਰ ਅਹਿਮਦ  ਕੋਲੋਂ 275 ਗ੍ਰਾਮ ਹੈਰੋਇਨ ਅਤੇ ਰਵੀਜ  ਪਾਸੋਂ  25 ਗ੍ਰਾਮ ਹੈਰੋਇਨ ਬਰਾਮਦ ਹੋਈ। 
ਐੱਸ. ਐੱਸ. ਪੀ. ਨੇ ਦੱਸਿਆ ਕਿ ਥਾਣਾ ਘੁਮਾਣ ਵਿਖੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਸ ਵੱਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਗੱਲ ਦਾ ਪਤਾ ਲਾਇਆ ਜਾ ਸਕੇ ਕਿ ਇਹ ਨਸ਼ਾ ਕਿਥੋਂ ਲਿਆ ਕੇ ਕਿਥੇ ਸਪਲਾਈ ਕਰਦੇ ਸਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦ ਹੀ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।