ਪੁਲਸ ਤੋਂ ਬਚਾਅ ਲਈ ਨਸ਼ਾ ਸਮੱਗਲਿੰਗ ਦੇ ਬਦਲੇ ਢੰਗ-ਤਰੀਕੇ

07/20/2018 5:25:16 AM

 ਮੋਹਾਲੀ,   (ਕੁਲਦੀਪ)- ਪੰਜਾਬ ਸਰਕਾਰ ਵਲੋਂ ਨਸ਼ਿਆਂ ’ਤੇ ਨਕੇਲ ਕੱਸਣ ਲਈ ਨਸ਼ਿਆਂ ਦੇ ਸੌਦਾਗਰਾਂ ’ਤੇ ਭਾਵੇਂ ਹੀ ਸ਼ਿਕੰਜਾ ਕੱਸ ਦਿੱਤਾ ਗਿਆ ਹੈ, ਜਿਸ  ਲਈ ਬਾਕਾਇਦਾ ਸਪੈਸ਼ਲ ਟਾਸਕ ਫੋਰਸ ਵੀ ਗਠਿਤ ਕੀਤੀ ਹੋਈ ਹੈ ਪਰ ਨਸ਼ੇ ਦੇ ਸੌਦਾਗਰਾਂ ਨੇ ਵੀ ਨਸ਼ਾ ਸਮੱਗਲਿੰਗ ਦਾ ਢੰਗ ਬਦਲ ਲਿਆ ਹੈ, ਮਤਲਬ ਕਿ ਨਸ਼ਿਆਂ ਦੇ ਸੌਦਾਗਰ ਹੁਣ ਆਪਣੇ ਗਾਹਕਾਂ ਨੂੰ ਆਹਮੋ-ਸਾਹਮਣੇ ਮਿਲਣ ਤੋਂ ਕਤਰਾਉਣ ਲੱਗੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ  ਦੇ ਗਾਹਕਾਂ ਨੂੰ ਮੋਹਰਾ ਬਣਾ ਕੇ ਪੁਲਸ ਉਨ੍ਹਾਂ ਨੂੰ ਫਡ਼ ਸਕਦੀ ਹੈ । ਉਨ੍ਹਾਂ ਨੇ ਪੁਲਸ ਤੋਂ ਬਚਾਅ ਕਰਨ ਲਈ ਨਸ਼ਾ ਸਮੱਗਲਿੰਗ  ਕਰਨ ਦੇ ਢੰਗ-ਤਰੀਕੇ ਬਦਲ ਲਏ ਹਨ।  ਇਹ ਗੱਲ ਪੁਲਸ ਵਲੋਂ ਪਿਛਲੇ ਕੁਝ ਸਮੇਂ ਤੋਂ ਨਸ਼ਾ  ਸਮੱਗਲਿੰਗ ਦੇ ਕੇਸਾਂ ਬਾਰੇ ਕੀਤੀ ਗਈ ਸਟੱਡੀ ਵਿਚ ਸਾਹਮਣੇ ਆਈ ਹੈ। 
ਪੈਸੇ ਲੈਣ ਲਈ ਪੇ-ਟੀ. ਐੱਮ. ਦੀ ਹੋ ਰਹੀ ਹੈ ਵਰਤੋਂ 
 ਪੁਲਸ ਸੂਤਰਾਂ ਦੀ ਮੰਨੀਏ ਤਾਂ ਆਪਣੇ ਪੱਕੇ ਗਾਹਕਾਂ ਦੇ ਸਾਹਮਣੇ ਆਉਣ ਤੋਂ ਬਚਣ ਲਈ ਨਸ਼ਿਆਂ ਦੇ ਕਈ ਸੌਦਾਗਰ ਨਕਦ ਪੈਸੇ ਨਹੀਂ ਲੈਂਦੇ। ਅਜਿਹਾ ਇਸ ਲਈ ਕਿ ਕਿਤੇ ਪੁਲਸ ਦੀ ਪਹੁੰਚ ਉਨ੍ਹਾਂ ਤਕ ਨਾ ਬਣ ਸਕੇ । ਪੈਸੇ ਲੈਣ ਲਈ ਉਹ ਆਪਣੇ ਪੱਕੇ ਗਾਹਕਾਂ ਤੋਂ ਪੇ-ਟੀ. ਐੱਮ. ਦੀ ਵਰਤੋਂ  ਕਰਦੇ ਹਨ ਤੇ ਪੇ-ਟੀ. ਐੱਮ. ਰਾਹੀਂ ਆਪਣੇ ਅਕਾਊਂਟ ਵਿਚ ਪੈਸਾ ਟਰਾਂਸਫਰ ਕਰਵਾ ਲੈਂਦੇ ਹਨ ।  ਅਕਾਊਂਟ ਵਿਚ ਪੈਸਾ ਆਉਣ ਤੋਂ ਬਾਅਦ ਹੀ ਆਪਣੇ ਗਾਹਕ ਨੂੰ ਨਸ਼ੇ ਦੀ ਸਪਲਾਈ ਕਰਦੇ ਹਨ। 
ਮੋਬਾਇਲ ਫੋਨ ਦੀ ਬਜਾਏ ਵਟਸਐਪ ’ਤੇ ਕਰਦੇ ਹਨ ਕਾਲ 
 ਨਸ਼ਿਆਂ ਦੇ ਸੌਦਾਗਰ ਪੁਲਸ ਤੋਂ ਇੰਨੇ  ਚੌਕਸ ਹੋ ਗਏ ਹਨ ਕਿ ਉਹ ਆਪਣੇ  ਗਾਹਕਾਂ ਨਾਲ ਫੋਨ ’ਤੇ ਗੱਲਬਾਤ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਡਰ ਰਹਿੰਦਾ ਹੈ ਕਿ ਕਿਤੇ ਉਨ੍ਹਾਂ ਦੀ ਫੋਨ ਕਾਲ ਦੀ ਰਿਕਾਰਡਿੰਗ ਨਾ ਹੋ ਜਾਏ। ਅਜਿਹੇ ਵਿਚ ਜ਼ਿਆਦਾਤਰ ਨਸ਼ਿਆਂ ਦੇ ਸੌਦਾਗਰ ਆਪਣੇ ਗਾਹਕਾਂ ਨਾਲ ਵਟਸਐਪ ਰਾਹੀਂ ਹੀ ਗੱਲਬਾਤ ਕਰਦੇ ਹਨ। 
ਨਸ਼ੇ  ਵਾਲੇ  ਪਦਾਰਥ ਫਡ਼ਾਉਣ ਸਮੇਂ ਸਾਹਮਣੇ ਨਹੀਂ ਆਉਂਦੇ
  ਬਹੁਤ ਸਾਰੇ ਲੋਕਲ ਨਸ਼ਾ ਸਮੱਗਲਰ ਆਪਣੇ  ਗਾਹਕਾਂ ਨੂੰ ਨਸ਼ਾ ਫਡ਼ਾਉਣ ਲਈ ਵੀ ਸਾਹਮਣੇ ਆਉਣ ਤੋਂ ਕਤਰਾ ਰਹੇ ਹਨ। ਵਟਸਐਪ ’ਤੇ ਕਾਲ ਕਰਨ ਤੋਂ ਬਾਅਦ ਉਹ ਗਾਹਕਾਂ ਨੂੰ ਨਸ਼ਾ ਪਹੁੰਚਾਉਣ ਲਈ ਕੋਈ ਸੁੰਨਸਾਨ ਜਗ੍ਹਾ ਲੱਭਦੇ ਹਨ ਤੇ ਕਿਸੇ ਟਿਕਾਣੇ ’ਤੇ ਨਸ਼ੇ ਵਾਲਾ  ਪਦਾਰਥ ਰੱਖ ਕੇ ਉਸ ਨੂੰ ਸੂਚਿਤ ਕਰ ਦਿੰਦੇ ਹਨ। ਪਤਾ ਲੱਗਾ ਹੈ ਕਿ ਅਜਿਹੇ ਕੁਝ ਕੇਸ ਪੁਲਸ ਵਿਭਾਗ ਦੀ ਜਾਣਕਾਰੀ ਵਿਚ ਆਏ ਹਨ ਤੇ ਪੁਲਸ ਹੁਣ ਅਜਿਹੇ ਨਸ਼ਾ ਸਮੱਗਲਰਾਂ ’ਤੇ ਵੀ ਤਿੱਖੀ ਨਜ਼ਰ ਰੱਖ ਰਹੀ ਹੈ । ਪੁਲਸ ਦਾ ਮੰਨਣਾ ਹੈ ਕਿ ਜ਼ਿਆਦਾਤਰ ਵੱਡੇ ਸੌਦਾਗਰ ਹੀ ਅਜਿਹੇ ਢੰਗ-ਤਰੀਕੇ ਆਪਣਾ ਰਹੇ ਹਨ ਪਰ ਪੁਲਸ ਵੀ ਅਜਿਹੇ ਢੰਗਾਂ  ਨਾਲ ਨਜਿੱਠਣ ਲਈ ਰਸਤਾ ਕੱਢਣ ’ਚ ਲੱਗੀ ਹੋਈ ਹੈ ।