ਵੱਖ-ਵੱਖ ਕੇਸਾਂ ''ਚ ਨਸ਼ੀਲੇ ਪਦਾਰਥ ਬਰਾਮਦ

Tuesday, Oct 31, 2017 - 01:37 AM (IST)

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਪੁਲਸ ਨੇ ਵੱਖ-ਵੱਖ ਕੇਸਾਂ 'ਚ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਿਟੀ-1 ਮਾਲੇਰਕੋਟਲਾ ਦੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਸਮੇਤ ਪੁਲਸ ਪਾਰਟੀ ਡਰੇਨ ਪੁਲ ਨਾਭਾ ਰੋਡ ਮਾਲੇਰਕੋਟਲਾ ਗਸ਼ਤ ਕਰ ਰਹੇ ਸਨ ਤਾਂ ਦੋਸ਼ੀ ਮੁਹੰਮਦ ਮਨੀਰ ਉਰਫ ਪੀਚੀ ਪੁੱਤਰ ਸੁਲਾਮਦੀਨ ਵਾਸੀ ਮੁਹੱਲਾ ਢੋਟਾਂ ਵਾਲਾ ਨਵਾਂ ਕਿਲਾ ਰਹਿਮਤਗੜ੍ਹ ਮਾਲੇਰਕੋਟਲਾ ਨੂੰ ਕਾਬੂ ਕਰ ਕੇ ਉਸ ਕੋਲੋਂ ਡੇਢ ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। 
ਥਾਣਾ ਸਦਰ ਧੂਰੀ ਦੇ ਹੌਲਦਾਰ ਅਪਾਰ ਸਿੰਘ ਨੇ ਗਸ਼ਤ ਦੌਰਾਨ ਮੁਖਬਰੀ ਦੇ ਆਧਾਰ 'ਤੇ ਦੋਸ਼ੀ ਜਰਨੈਲ ਸਿੰਘ ਉਰਫ ਬਾਬੂ ਪੁੱਤਰ ਸਵ. ਪ੍ਰੇਮ ਸਿੰਘ ਵਾਸੀ ਦਾਤਾ ਮਾਜਰੀ ਪੱਤੀ ਬਾਲੀਆਂ ਨੂੰ ਕਾਬੂ ਕਰਦਿਆਂ ਉਸ ਕੋਲੋਂ 15 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ। 
ਥਾਣਾ ਧਰਮਗੜ੍ਹ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਜਦ ਗਸ਼ਤ ਦੌਰਾਨ ਬਾਹੱਦ ਕਣਕਵਾਲ ਭੰਗੂਆਂ ਤੋਂ ਪਾਟਿਆਂਵਾਲੀ ਕੋਲ ਪਹੁੰਚੇ ਤਾਂ ਸੂਏ ਦੀ ਪਟੜੀ 'ਤੇ ਇਕ ਕਾਰ ਖੜ੍ਹੀ ਸੀ ਤੇ ਪੁਲਸ ਪਾਰਟੀ ਨੂੰ ਦੇਖ ਕੇ ਉਨ੍ਹਾਂ ਗੱਡੀ ਨੂੰ ਭਜਾ ਲਿਆ। ਪੁਲਸ ਪਾਰਟੀ ਨੇ ਉਨ੍ਹਾਂ ਦਾ ਪਿੱਛਾ ਕੀਤਾ ਪਰ ਦੋਸ਼ੀ ਪੁਲਸ ਪਾਰਟੀ ਨੂੰ ਚਕਮਾ ਦੇ ਕੇ ਫਰਾਰ ਹੋ ਗਏ। ਪੁਲਸ ਨੇ ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਉਥੇ 10 ਡੱਬੇ (120 ਬੋਤਲਾਂ) ਸ਼ਰਾਬ ਮਾਰਕਾ ਮੈਜਿਕ ਐਪਲ ਹਰਿਆਣਾ ਬਰਾਮਦ ਕੀਤੇ। ਦੋਸ਼ੀ ਇਹ ਡੱਬੇ ਕਿਸੇ ਨੂੰ ਸਪਲਾਈ ਕਰਨ ਆਏ ਸਨ। ਪੁਲਸ ਨੇ 2 ਅਣਪਛਾਤੇ ਵਿਅਕਤੀਆਂ ਵਿਰੁੱਧ ਪਰਚਾ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News