ਪਾਕਿ ਦੀ ਸ਼ਹਿ 'ਤੇ ਚਲਾਏ ਜਾ ਰਹੇ ਹਥਿਆਰਾਂ ਤੇ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼, ਡਰੱਗ ਮਨੀ ਵੀ ਬਰਾਮਦ

07/14/2020 1:40:03 AM

ਚੰਡੀਗੜ੍ਹ/ਜਲੰਧਰ,(ਰਮਨਜੀਤ/ਧਵਨ)-ਪੰਜਾਬ ਪੁਲਸ ਨੇ 4 ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾਲ ਪਾਕਿਸਤਾਨ ਤੋਂ ਚਲਾਏ ਜਾ ਰਹੇ ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ, ਜਿਨ੍ਹਾਂ ਵਿਚ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿਚ ਤਾਇਨਾਤ ਬੀ. ਐੱਸ. ਐੱਫ਼. ਦਾ ਇਕ ਸਿਪਾਹੀ ਵੀ ਸ਼ਾਮਲ ਹੈ। ਸਿਪਾਹੀ ਸੁਮਿਤ ਕੁਮਾਰ ਉਰਫ਼ ਨੋਨੀ ਤੋਂ 9 ਮਿਲੀਮੀਟਰ ਦੀ ਤੁਰਕੀ ਦੀ ਬਣੀ ਜਿਗਾਨਾ ਪਿਸਟਲ ਸਮੇਤ 80 ਜ਼ਿੰਦਾ ਕਾਰਤੂਸ (ਜਿਨ੍ਹਾਂ ਉਪਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਨਿਸ਼ਾਨ ਉਕਰੇ ਹੋਏ ਹਨ), ਦੋ ਮੈਗਜ਼ੀਨ ਅਤੇ 12 ਬੋਰ ਦੀ ਬੰਦੂਕ ਦੇ 2 ਜ਼ਿੰਦਾ ਕਾਰਤੂਸ ਸਮੇਤ 32.30 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਅਨੁਸਾਰ ਸਿਪਾਹੀ ਸੁਮਿਤ ਕੁਮਾਰ ਉਰਫ਼ ਨੋਨੀ, ਪਿੰਡ ਮਗਰ ਮੂੰਡੀਆਂ ਥਾਣਾ ਦੋਰਾਂਗਲਾ, ਜ਼ਿਲਾ ਗੁਰਦਾਸਪੁਰ ਸਮੇਤ ਸਿਮਰਜੀਤ ਸਿੰਘ ਉਰਫ਼ ਸਿੰਮਾ, ਮਨਪ੍ਰੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ , ਜਿਨ੍ਹਾਂ ਵਿਰੁੱਧ ਥਾਣਾ ਕਰਤਾਰਪੁਰ ਜ਼ਿਲਾ ਜਲੰਧਰ ਵਿਖੇ ਕੇਸ ਦਰਜ ਕੀਤਾ ਗਿਆ ਹੈ। ਅਮਨਪ੍ਰੀਤ ਸਿੰਘ, ਸਿਮਰਨਜੀਤ ਸਿੰਘ ਅਤੇ ਸੁਖਵੰਤ ਸਿੰਘ, ਸਾਰੇ ਵਾਸੀ ਪਿੰਡ ਧੀਰਪੁਰ, ਖਿਲਾਫ਼ ਪਹਿਲਾਂ ਹੀ ਜਗਜੀਤ ਸਿੰਘ ਦੇ ਕਤਲ ਦਾ ਕੇਸ ਦਰਜ ਹੈ।

ਡੀ.ਜੀ.ਪੀ. ਨੇ ਦੱਸਿਆ ਕਿ ਜਲੰਧਰ (ਦਿਹਾਤੀ) ਪੁਲਸ ਨੇ ਅਮਨਪ੍ਰੀਤ ਸਿੰਘ ਨੂੰ 11 ਜੁਲਾਈ ਨੂੰ ਜਗਜੀਤ ਦੇ ਕਤਲ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ ਅਤੇ ਜਾਂਚ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਉਹ ਅਤੇ ਉਸਦਾ ਭਰਾ ਪਾਕਿਸਤਾਨ ਦੇ ਇਕ ਸਮੱਗਲਰ ਸ਼ਾਹ ਮੂਸਾ ਦੇ ਭਾਰਤ-ਪਾਕਿ ਸਰਹੱਦ ਪਾਰੋਂ ਹਥਿਆਰ ਅਤੇ ਨਸ਼ਾ ਸਮੱਗਲਿੰਗ ਲਈ ਸੰਪਰਕ ਵਿਚ ਸਨ। ਅਮਨਪ੍ਰੀਤ ਅਨੁਸਾਰ ਉਹ ਮਨਪ੍ਰੀਤ ਸਿੰਘ ਅਤੇ ਜੰਮੂ-ਕਸ਼ਮੀਰ ਦੀ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੇ ਇਕ ਸਿਪਾਹੀ ਰਾਹੀਂ ਸ਼ਾਹ ਮੂਸਾ ਦੇ ਸੰਪਰਕ ਵਿਚ ਆਏ ਸੀ। ਉਸ ਨੇ ਕਿਹਾ ਕਿ ਸਿਪਾਹੀ ਸੁਮਿਤ ਕੁਮਾਰ ਇਸ ਤੋਂ ਪਹਿਲਾਂ ਇਕ ਕਤਲ ਕੇਸ ਦੀ ਸੁਣਵਾਈ ਦੌਰਾਨ ਗੁਰਦਾਸਪੁਰ ਜੇਲ ਵਿਚ ਬੰਦ ਸੀ, ਜਿਥੇ ਉਹ ਮਨਪ੍ਰੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਦਾਰਾਪੁਰ ਥਾਣਾ ਭੈਣੀ ਮੀਆਂ ਖਾਂ ਜ਼ਿਲਾ ਗੁਰਦਾਸਪੁਰ ਦੇ ਸੰਪਰਕ ਵਿਚ ਆਇਆ ਸੀ। ਗੁਪਤਾ ਨੇ ਦੱਸਿਆ ਕਿ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਸਮੱਗਲਿੰਗ ਕਰਨ ਦੀ ਸਾਜਿਸ਼ ਗੁਰਦਾਸਪੁਰ ਜੇਲ ਵਿਚ ਰਚੀ ਗਈ ਸੀ। ਮਨਪ੍ਰੀਤ ਨੇ ਅੱਗੇ ਅਮਨਪ੍ਰੀਤ, ਸਿਮਰਨਜੀਤ ਅਤੇ ਸੁਖਵੰਤ ਨੂੰ ਸਿਪਾਹੀ ਸੁਮਿਤ ਕੁਮਾਰ ਨਾਲ ਜਾਣੂ ਕਰਵਾਇਆ ਸੀ। ਇਨ੍ਹਾਂ ਖੁਲਾਸਿਆਂ ਪਿੱਛੋਂ ਜਲੰਧਰ ਦਿਹਾਤੀ ਪੁਲਸ ਨੇ ਸਿਮਰਜੀਤ ਅਤੇ ਮਨਪ੍ਰੀਤ ਨੂੰ 12 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ, ਜਦੋਂ ਕਿ ਡੀ. ਜੀ. ਪੀ. ਪੰਜਾਬ ਨੇ ਸ਼ਨੀਵਾਰ (11 ਜੁਲਾਈ) ਨੂੰ ਡੀ.ਜੀ. ਬੀ.ਐੱਸ.ਐੱਫ. ਕੋਲ ਨਿੱਜੀ ਤੌਰ 'ਤੇ ਇਹ ਮਾਮਲਾ ਉਠਾਉਣ ਤੋਂ ਬਾਅਦ ਸਿਪਾਹੀ ਸੁਮਿਤ ਕੁਮਾਰ ਨੂੰ ਬੀ.ਐੱਸ.ਐੱਫ. ਦੇ ਤਾਲਮੇਲ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਸੁਮਿਤ ਨੇ ਬਾਰਡਰ ਪਾਰੋਂਂ ਵਾਰ-ਵਾਰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਸਮੱਗਲਿੰਗ ਵਿਚ ਆਪਣੀ ਸ਼ਮੂਲੀਅਤ ਦਾ ਖੁਲਾਸਾ ਕੀਤਾ ਹੈ। ਪਹਿਲੀ ਵਾਰ ਉਸ ਨੇ ਸਰਹੱਦੀ ਵਾੜ ਰਾਹੀਂ 15 ਪੈਕੇਟ ਹੈਰੋਇਨ ਪ੍ਰਾਪਤ ਕਰਨ ਅਤੇ ਅੱਗੇ ਭੇਜਣ ਵਿਚ ਸਹਾਇਤਾ ਕੀਤੀ ਸੀ, ਜਦੋਂ ਕਿ ਦੂਜੀ ਵਾਰ ਉਸ ਨੇ 25 ਪੈਕੇਟ ਹੈਰੋਇਨ ਅਤੇ ਸਰਹੱਦ 'ਤੇ 9 ਮਿਲੀਮੀਟਰ ਦੀ ਇਕ ਜ਼ਿਗਾਨਾ ਪਿਸਤੌਲ ਭਾਰਤ-ਪਾਕਿ ਸਰਹੱਦੀ ਵਾੜ ਰਾਹੀਂ ਪ੍ਰਾਪਤ ਕੀਤੀ, ਜਿਥੇ ਉਸ ਨੂੰ ਤਾਇਨਾਤ ਕੀਤਾ ਗਿਆ ਸੀ। ਸੁਮਿਤ ਨੂੰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀਆਂ ਖੇਪਾਂ ਦੀ ਸਫ਼ਲਤਾਪੂਰਵਕ ਪ੍ਰਾਪਤੀ ਅਤੇ ਅੱਗੇ ਭੇਜਣ ਵਜੋਂ 39 ਲੱਖ ਰੁਪਏ ਮਿਲੇ ਸਨ, ਜਿਸ ਵਿਚੋ ਪਹਿਲਾਂ 15 ਲੱਖ ਰੁਪਏ ਅਤੇ ਮੁੜ 24 ਲੱਖ ਰੁਪਏ ਦੀਆਂ ਦੋ ਕਿਸ਼ਤਾਂ ਵਿਚ ਉਸ ਨੂੰ ਇਹ ਪੈਸੇ ਮਿਲੇ ਸਨ। ਜਾਂਚ ਵਿਚ ਇਹ ਖੁਲਾਸਾ ਹੋਇਆ ਹੈ ਕਿ ਹੱਤਿਆ ਕਾਂਡ ਵਿਚ ਜ਼ਮਾਨਤ ਮਿਲਣ ਤੋਂ ਬਾਅਦ ਸਿਪਾਹੀ ਸੁਮਿਤ ਕੁਮਾਰ ਨੂੰ ਸਾਂਬਾ ਸੈਕਟਰ ਵਿਚ ਇਕ ਗਾਰਡ ਟਾਵਰ ਵਿਖੇ ਤਾਇਨਾਤ ਕੀਤਾ ਗਿਆ ਸੀ, ਜਿੱਥੋਂ ਉਹ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ 'ਤੇ ਨਿਗਰਾਨੀ ਰੱਖਦਾ ਸੀ ਅਤੇ ਸਰਹੱਦ ਪਾਰੋਂ ਸਮਗਲਿੰਗ ਕਰਨ ਵਾਲੇ ਮਨਪ੍ਰੀਤ ਸਿੰਘ ਅਤੇ ਸੁਖਵੰਤ ਸਿੰਘ ਦੇ ਸੰਪਰਕ ਵਿਚ ਰਹਿੰਦਾ ਸੀ ਅਤੇ ਅੱਗੋਂ ਇਹ ਦੋਵੇ ਪਾਕਿਸਤਾਨ ਵਿਚਲੇ ਸੰਪਰਕ ਸ਼ਾਹ ਮੂਸਾ ਨਾਲ ਰੱਖਦੇ ਸੀ। ਡੀ.ਜੀ.ਪੀ. ਨੇ ਕਿਹਾ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ।


 

Deepak Kumar

This news is Content Editor Deepak Kumar