ਸਬਜ਼ੀ ਵਿਕਰੇਤਾ ਤੇ ਡਰਾਈਵਰ ਨੂੰ 50 ਲੱਖ ਦੀ ਹੈਰੋਇਨ ਸਮੇਤ ਫੜਿਆ

03/18/2018 6:13:10 AM

ਲੁਧਿਆਣਾ(ਅਨਿਲ)-ਐੱਸ. ਟੀ. ਐੱਫ. ਟੀਮ ਨੇ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਅੱਜ 2 ਲੜਕਿਆਂ ਨੂੰ 50 ਲੱਖ ਦੀ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਟੀ. ਐੱਫ. ਲੁਧਿਆਣਾ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਟੀਮ ਨੇ ਥਾਣਾ ਡਾਬਾ ਅਧੀਨ ਆਉਂਦੇ ਲੋਹਾਰਾ ਪੁਲ 'ਤੇ ਰਾਤ ਕਰੀਬ ਸਵਾ 10 ਵਜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸਾਹਮਣੇ ਤੋਂ ਮੋਟਰਸਾਈਕਲ 'ਤੇ ਆਉਂਦੇ ਦੋ ਲੜਕਿਆਂ ਨੂੰ ਸ਼ੱਕ ਦੇ ਆਧਾਰ 'ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ। ਹਾਲਾਂਕਿ ਇਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰੰਤੂ ਟੀਮ ਨੇ ਇਨ੍ਹਾਂ ਨੂੰ ਦਬੋਚ ਲਿਆ। ਤਲਾਸ਼ੀ ਲੈਣ 'ਤੇ ਉਕਤ ਲੜਕਿਆਂ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 50 ਲੱਖ ਰੁਪਏ ਦੱੱਸੀ ਜਾ ਰਹੀ ਹੈ। ਦੋਨੋਂ ਲੜਕਿਆਂ ਦੀ ਪਛਾਣ ਅਨਵਰ (28) ਪੁੱਤਰ ਅਬਦੁਲ ਹਲੀਮ ਮਾਲੇਰਕੋਟਲਾ ਜੋ ਕਿ ਸਬਜ਼ੀ ਵਿਕਰੇਤਾ ਹੈ ਤੇ ਮੁਹੰਮਦ ਸਿਕੰਦਰ ਮੰਤਰੀ (23) ਪੁੱਤਰ ਮੁਹੰਮਦ ਆਲਮ ਮਾਲੇਰਕੋਟਲਾ ਜੋ ਕਿ ਡਰਾਈਵਰ ਹੈ ਦੇ ਰੂਪ ਵਿਚ ਹੋਈ ਹੈ। ਦੋਵਾਂ ਖਿਲਾਫ ਥਾਣਾ ਡਾਬਾ ਵਿਚ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਗਾਹਕਾਂ ਨੂੰ ਦੇਣ ਜਾ ਰਹੇ ਸਨ ਸਪਲਾਈ : ਇੰਚਾਰਜ ਹਰੰਬਸ ਸਿੰਘ ਨੇ ਦੱਸਿਆ ਕਿ ਉਕਤ ਦੋਨੋਂ ਲੜਕੇ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੇ ਸਨ, ਜੋ ਕਿ ਸਸਤੇ ਰੇਟ 'ਤੇ ਹੈਰੋਇਨ ਲਿਆ ਕੇ ਮਹਿੰਗੇ ਰੇਟ 'ਤੇ ਗਾਹਕਾਂ ਨੂੰ ਸਪਲਾਈ ਕਰਦੇ ਸਨ। ਬੀਤੀ ਰਾਤ ਵੀ ਆਪਣੇ ਗਾਹਕਾਂ ਤਕ ਹੀ ਸਪਲਾਈ ਪਹੁੰਚਾਉਣ ਜਾ ਰਹੇ ਸਨ ਕਿ ਐੱਸ. ਟੀ. ਐੱਫ. ਨੇ ਦਬੋਚ ਲਏ।