ਜ਼ਿਲੇ ਦੇ 4 ਹੋਰ ਸਮੱਗਲਰਾਂ ਦੀਆਂ 1 ਕਰੋੜ ਤੋਂ ਵੱਧ ਦੀਆਂ ਜਾਇਦਾਦਾਂ ਜ਼ਬਤ : SSP ਦਹੀਆ

12/03/2019 12:24:05 PM

ਤਰਨਤਾਰਨ (ਰਮਨ, ਰਾਜੂ) - ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੇਸ਼ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਜ਼ਿਲੇ ਦੇ 4 ਹੋਰ ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ, ਜਿਨ੍ਹਾਂ ਦੀ ਕੀਮਤ 1 ਕਰੋੜ 3 ਲੱਖ 54 ਹਜ਼ਾਰ 250 ਰੁਪਏ ਬਣਦੀ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਜ਼ਿਲਾ ਪੁਲਸ ਵਲੋਂ ਕੁਲ 18 ਸਮੱਗਲਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਦੀ ਕੀਮਤ 15 ਕਰੋੜ 36 ਲੱਖ 97 ਹਜ਼ਾਰ 910 ਰੁਪਏ ਬਣਦੀ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਅੰਗਰੇਜ਼ ਸਿੰਘ ਉਰਫ ਗੋਪੀ ਪੁੱਤਰ ਸ਼ੇਰ ਸਿੰਘ ਦੀ 8 ਕਨਾਲ ਜ਼ਮੀਨ, ਜਿਸ ਦੀ ਬਾਜ਼ਾਰੀ ਕੀਮਤ 10 ਲੱਖ ਰੁਪਏੇ ਬਣਦੀ ਹੈ ਅਤੇ ਇਕ ਰਿਹਾਇਸ਼ੀ ਮਕਾਨ, ਜਿਸ ਦੀ ਕੀਮਤ 60 ਲੱਖ ਰੁਪਏ ਬਣਦੀ ਹੈ, ਨੂੰ ਜ਼ਬਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਜਸਬੀਰ ਕੌਰ ਪਤਨੀ ਪਾਲ ਸਿੰਘ ਦੀ 7 ਕਨਾਲ 9 ਮਰਲੇ ਜ਼ਮੀਨ, ਜਿਸ ਦੀ ਕੀਮਤ 9 ਲੱਖ 31 ਹਜ਼ਾਰ 250 ਰੁਪਏ ਬਣਦੀ ਹੈ। ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਇਸੇ ਤਰ੍ਹਾਂ ਜੱਸਾ ਸਿੰਘ ਪੁੱਤਰ ਪਾਲ ਸਿੰਘ ਦੇ ਰਿਹਾਇਸ਼ੀ ਮਕਾਨ, ਜਿਸ ਦੀ ਕੀਮਤ 19 ਲੱਖ 23 ਹਜ਼ਾਰ ਰੁਪਏ ਬਣਦੀ ਹੈ, ਨੂੰ ਜ਼ਬਤ ਕੀਤਾ ਗਿਆ। ਇਸੇ ਤਰ੍ਹਾਂ ਗੁਰਮੀਤ ਸਿੰਘ ਉਰਫ ਕਾਲਾ ਪੁੱਤਰ ਜੋਗਿੰਦਰ ਸਿੰਘ ਦਾ ਮਕਾਨ, ਜਿਸ ਦੀ ਕੀਮਤ 5 ਲੱਖ ਰੁਪਏ ਬਣਦੀ ਹੈ, ਨੂੰ ਜ਼ਬਤ ਕੀਤਾ ਗਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਜ਼ਿਲੇ ਦੇ ਇਨ੍ਹਾਂ ਸਮੱਗਲਰਾਂ ਦੀਆਂ ਸਾਰੀਆਂ ਜਾਇਦਾਦਾਂ ਨੂੰ ਕਾਨੂੰਨ ਅਨੁਸਾਰ ਜ਼ਬਤ ਕੀਤਾ ਜਾ ਰਿਹਾ ਹੈ। ਇਸ ਵੇਲੇ ਜ਼ਿਲੇ ਦੇ ਕੁੱਲ 18 ਸਮੱਗਲਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ, ਜਿਸ ਦੀ ਕੀਮਤ 15 ਕਰੋੜ 36 ਲੱਖ 97 ਹਜ਼ਾਰ 910 ਰੁਪਏ ਬਣਦੀ ਹੈ। ਇਹ ਮੁਹਿੰਮ ਭਵਿੱਖ ’ਚ ਵੀ ਜਾਰੀ ਰਹੇਗੀ। ਇਸ ਮੌਕੇ ਉਨ੍ਹਾਂ ਨਾਲ ਐੱਸ. ਪੀ. (ਪੀ. ਆਈ. ਬੀ.) ਗੁਰਚਰਨ ਸਿੰਘ, ਐੱਸ. ਪੀ. (ਆਈ.) ਜਗਜੀਤ ਸਿੰਘ ਵਾਲੀਆ, ਡੀ. ਐੱਸ. ਪੀ. (ਸਿਟੀ) ਸੁੱਚਾ ਸਿੰਘ ਬੱਲ ਵੀ ਹਾਜ਼ਰ ਸਨ।

rajwinder kaur

This news is Content Editor rajwinder kaur