ਪੇਂਟਰ ਦਾ ਕੰਮ ਮੰਦਾ ਪੈਣ ''ਤੇ ਬਣ ਗਿਆ ਨਸ਼ਾ ਸਮੱਗਲਰ, 16 ਟੀਕੇ ਬਰਾਮਦ

07/02/2018 7:45:01 AM

ਜਲੰਧਰ, (ਮਹੇਸ਼)- ਨੰਗਲ ਸ਼ਾਮਾ ਦੀ ਪੁਲਸ ਚੌਕੀ ਦੇ ਏ. ਐੱਸ. ਆਈ. ਕੁਲਦੀਪ ਸਿੰਘ ਨੇ 16 ਨਸ਼ੇ ਵਾਲੇ ਟੀਕਿਆਂ ਸਣੇ ਰਾਮਾ ਸਿੰਘ ਪੁੱਤਰ ਕੀਮਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜੋ ਥਾਣਾ-2 ਦੇ ਇਲਾਕੇ ਬਾਬਾ ਬੰਦਾ ਸਿੰਘ ਬਹਾਦੁਰ ਦਾ ਰਹਿਣ ਵਾਲਾ ਹੈ। ਰਾਮਾ ਪੇਂਟਰ ਦਾ ਕੰਮ ਕਰਦਾ ਸੀ ਪਰ ਕੰਮ ਮੰਦਾ ਪੈਣ 'ਤੇ ਉਹ ਨਸ਼ਾ ਸਮੱਗਲਿੰਗ ਕਰਨ ਲੱਗ ਪਿਆ। ਥਾਣਾ ਰਾਮਾ ਮੰਡੀ ਦੇ ਇੰਚਾਰਜ ਰੁਪਿੰਦਰ ਸਿੰਘ ਨੇ ਦੱਸਿਆ ਕਿ ਨੰਗਲ ਸ਼ਾਮਾ ਚੌਕ ਵਿਚ ਏ. ਐੈੱਸ. ਆਈ. ਕੁਲਦੀਪ ਸਿੰਘ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਉਕਤ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਜੋ ਪੈਦਲ ਲੱਧੇਵਾਲੀ ਵੱਲ ਜਾ ਰਿਹਾ ਸੀ। ਉਸਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ ਟੀਕੇ ਬਰਾਮਦ ਹੋਏ, ਜੋ ਉਸਨੇ ਕਿਸੇ ਨੂੰ ਸਪਲਾਈ ਕਰਨ ਜਾਣਾ ਸੀ। 
ਰਾਮਾ ਖੁਦ ਵੀ ਨਸ਼ਾ ਕਰਨ ਦਾ ਆਦੀ ਹੈ। ਉਸਦੇ ਖਿਲਾਫ ਥਾਣਾ ਰਾਮਾ ਮੰਡੀ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਮਾਣਯੋਗ ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਜੇਲ ਭੇਜ ਦਿੱਤਾ ਹੈ।