ਲੁਧਿਆਣਾ 'ਚ ਨਸ਼ਾ ਤਸਕਰਾਂ ਦਾ ਕਾਰਾ, ਪੁਲਸ 'ਤੇ ਕਾਰ ਚੜ੍ਹਾਉਣ ਲੱਗੇ ਪਰ...

07/26/2020 10:19:52 AM

ਲੁਧਿਆਣਾ (ਰਿਸ਼ੀ) : ਪਿੰਡ ਸੰਗੋਵਾਲ ਪੁਲ ’ਤੇ ਨਾਕੇ ’ਤੇ ਖੜ੍ਹੀ ਐਂਟੀ ਸਮੱਗਲਿੰਗ ਸੈੱਲ ਦੀ ਪੁਲਸ ’ਤੇ ਸ਼ਰਾਬ ਤਸਕਰ ਬਾਲੀ ਦੇ ਕਰਿੰਦਿਆਂ ਨੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਵੱਲੋਂ ਮੌਕੇ 'ਤੇ 2 ਤਸਕਰਾਂ ਨੂੰ ਦਬੋਚ ਲਿਆ ਗਿਆ, ਜਦੋਂ ਕਿ ਦੂਜੀ ਕਾਰ 'ਚ ਨਾਲ ਆ ਰਿਹਾ ਤਸਕਰ ਬਾਲੀ ਆਪਣੇ ਸਾਥੀ ਗੋਚਾ ਸਮੇਤ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਿਆ। ਥਾਣਾ ਡੇਹਲੋਂ 'ਚ ਐਕਸਾਈਜ਼ ਐਕਟ ਅਤੇ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਕੇ ਪੁਲਸ ਨੇ ਅੰਬਾਲਾ ਤੋਂ ਲਿਆਂਦੀਆਂ ਜਾ ਰਹੀਆਂ ਨਾਜਾਇਜ਼ ਸ਼ਰਾਬ ਦੀਆਂ 40 ਪੇਟੀਆਂ ਵੀ ਬਰਾਮਦ ਕੀਤੀਆਂ ਹਨ। ਐੱਸ. ਆਈ. ਯਸ਼ਪਾਲ ਮੁਤਾਬਕ ਫੜ੍ਹੇ ਗਏ ਕਰਿੰਦਿਆਂ ਦੀ ਪਛਾਣ ਗਗਨਦੀਪ ਸਿੰਘ ਅਤੇ ਜਤਿਨ ਕੁਮਾਰ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਅਤੇ ਫਰਾਰ ਦੀ ਪਛਾਣ ਗੋਚਾ ਵਾਸੀ ਗੋਬਿੰਦਸਰ ਅਤੇ ਮਹਿੰਦਰ ਸਿੰਘ ਵਾਸੀ ਸ਼ਿਮਲਾਪੁਰੀ ਵਜੋਂ ਹੋਈ ਹੈ।

ਪੁਲਸ ਨੂੰ ਸੂਚਨਾ ਮਿਲੀ ਸੀ ਕਿ ਤਾਲਾਬੰਦੀ ਦੌਰਾਨ ਸ਼ਰਾਬ ਦੀ ਤਸਕਰੀ ਬੰਦ ਕਰ ਚੁੱਕੇ ਬਾਲੀ ਨੇ ਫਿਰ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਸ਼ੁਰੂ ਕੀਤਾ ਹੈ। ਇਸੇ ਦੌਰਾਨ ਨਵੀਂ ਕਾਰ ਵੀ ਖਰੀਦੀ ਹੈ ਅਤੇ ਅੰਬਾਲਾ ਤੋਂ ਸ਼ਰਾਬ ਦੀ ਤਸਕਰੀ ਕਰ ਕੇ ਲਿਆ ਰਹੇ ਹਨ। ਪੁਲਸ ਨੇ ਨਾਕਾਬੰਦੀ ਕੀਤੀ ਤਾਂ ਬਾਲੀ ਦੇ ਕਰਿੰਦਿਆਂ ਨੇ ਕਾਰ ਪੁਲਸ ’ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਮੁਲਾਜ਼ਮ ਜ਼ਖਮੀ ਹੋ ਗਏ ਪਰ ਪੁਲਸ ਨੇ ਦੋਵੇਂ ਕਰਿੰਦਿਆਂ ਨੂੰ ਮੌਕੇ ਤੋਂ ਦਬੋਚ ਲਿਆ। ਉਸੇ ਸਮੇਂ ਨਾਲ ਦੀ ਕਾਰ 'ਚ ਫਰਾਰ ਤਸਕਰ ਆ ਰਹੇ ਸਨ। ਪੁਲਸ ਮੁਤਾਬਕ ਉਨ੍ਹਾਂ ਨੂੰ ਵੀ ਜਲਦ ਦਬੋਚ ਲਿਆ ਜਾਵੇਗਾ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਇਸ ਵਾਰ ਨਹੀਂ ਲੱਗੇਗੀ ਕੋਈ 'ਫ਼ੀਸ'
ਬਾਲੀ ’ਤੇ 6 ਤੋਂ ਜ਼ਿਆਦਾ ਕੇਸ ਦਰਜ, ਕਰਿੰਦਿਆਂ ਨੂੰ ਦਿੰਦਾ ਸਿਰਫ 1500 ਰੁਪਏ
ਐੱਸ. ਆਈ. ਯਸ਼ਪਾਲ ਮੁਤਾਬਕ ਬਾਲੀ ’ਤੇ ਸ਼ਰਾਬ ਦੀ ਤਸਕਰੀ ਦੇ ਵੱਖ-ਵੱਖ ਪੁਲਸ ਥਾਣਿਆਂ 'ਚ 6 ਤੋਂ ਜ਼ਿਆਦਾ ਕੇਸ ਦਰਜ ਹਨ। ਉਹ ਫੜ੍ਹੇ ਗਏ ਕਰਿੰਦਿਆਂ ਨੂੰ ਸਿਰਫ 1500 ਰੁਪਏ ਦਿਹਾੜੀ ਦਿੰਦਾ ਸੀ, ਜਿਨ੍ਹਾਂ ਦਾ ਕੰਮ ਸ਼ਰਾਬ ਨੂੰ ਇਕ ਜਗ੍ਹਾ ਤੋਂ ਚੁੱਕ ਕੇ ਦੂਜੀ ਜਗ੍ਹਾ ਪਹੁੰਚਾਉਣਾ ਹੁੰਦਾ ਸੀ। ਇਸੇ ਸੈੱਲ ਨੇ ਚਾਂਦ ਸਿਨੇਮਾ ਕੋਲ ਸਕੂਟਰੀ ’ਤੇ ਸ਼ਰਾਬ ਦੀ ਸਪਲਾਈ ਕਰਨ ਜਾ ਰਹੇ ਤਸਕਰ ਯਸ਼ਪਾਲ ਵਾਸੀ ਛਾਉਣੀ ਮੁਹੱਲਾ ਨੂੰ 12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਦਬੋਚ ਕੇ ਡਵੀਜ਼ਨ ਨੰਬਰ-4 'ਚ ਮੁਕੱਦਮਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਬਾਥਰੂਮ 'ਚੋਂ ਮਿਲੀ ਬਜ਼ੁਰਗ ਬੇਬੇ ਦੀ ਸੜੀ ਹੋਈ ਲਾਸ਼, ਖੜ੍ਹੇ ਹੋਏ ਕਈ ਸ਼ੰਕੇ
ਕਾਰ ਛੱਡ ਕੇ ਭੱਜਿਆ ਤਸਕਰ, 3 ਪੇਟੀਆਂ ਸ਼ਰਾਬ ਬਰਾਮਦ
ਪੁਰਾਣੀ ਸਬਜ਼ੀ ਮੰਡੀ ਦੇ ਕੋਲ ਪੁਲਸ ਨੂੰ ਦੇਖ ਕੇ ਤਸਕਰ ਆਪਣੀ ਡਿਜ਼ਾਇਰ ਕਾਰ ਛੱਡ ਕੇ ਭੱਜ ਗਿਆ। ਪੁਲਸ ਨੇ ਕਾਰ ’ਚੋਂ 3 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਥਾਣਾ ਦਰੇਸੀ ਵਿਖੇ ਅਣਪਛਾਤੇ ਤਸਕਰ ਖਿਲਾਫ ਪਰਚਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : 12ਵੀਂ ਦੇ 'ਹੋਣਹਾਰ ਵਿਦਿਆਰਥੀਆਂ' ਤੋਂ ਖੁਸ਼ ਹੋਏ ਕੈਪਟਨ ਦਾ ਵੱਡਾ ਐਲਾਨ

Babita

This news is Content Editor Babita