ਭੋਲਾ ਡਰੱਗ ਰੈਕੇਟ : 400 ਕਰੋੜ ਦੀ ਐਫਡ੍ਰਿਨ ਕੈਨੇਡਾ ਲੈ ਕੇ ਜਾ ਚੁੱਕੇ ਹਨ ਐੱਨ. ਆਰ. ਆਈ. ਲਾਡੀ, ਪਿੰਦੀ ਤੇ ਸੱਤਾ

07/20/2017 7:02:41 AM

ਜਲੰਧਰ(ਪ੍ਰੀਤ)-6000 ਕਰੋੜ ਦੇ ਡਰੱਗ ਰੈਕੇਟ ਵਿਚ ਨਾਮਜ਼ਦ ਕੈਨੇਡਾ ਦੇ ਐੱਨ. ਆਰ. ਆਈਜ਼ ਨੇ ਆਈਸ ਦੇ ਲਈ 400 ਕਰੋੜ ਦੀ ਐਫਡ੍ਰਿਨ ਭਾਰਤ ਤੋਂ ਕੈਨੇਡਾ ਸਮੱਗਲ ਕੀਤੀ ਹੈ। ਕੈਨੇਡਾ ਵਿਚ ਕਰੋੜਾਂ ਦਾ ਡਰੱਗ ਕਾਰੋਬਾਰ ਕਰਨ ਵਾਲੇ ਅਮਰਿੰਦਰ ਸਿੰਘ ਲਾਡੀ, ਸਤਪ੍ਰੀਤ ਸਿੰਘ ਉਰਫ ਸੱਤਾ ਤੇ ਪਰਮਿੰਦਰ ਸਿੰਘ ਉਰਫ ਪਿੰਦੀ ਨੂੰ ਵਿਦੇਸ਼ ਤੋਂ ਲਿਆਉਣ ਲਈ ਈ. ਡੀ. ਵਲੋਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਹਨ। ਈ. ਡੀ. ਵਲੋਂ ਤਿੰਨਾਂ ਨੂੰ ਕੈਨੇਡਾ ਸੰਮਨ ਭੇਜੇ ਗਏ ਹਨ ਪਰ ਫਿਲਹਾਲ ਰਸੀਵ ਸੰਬੰਧੀ ਕੋਈ ਜਵਾਬ ਨਹੀਂ ਆਇਆ। ਜ਼ਿਕਰਯੋਗ ਹੈ ਕਿ ਸਾਬਕਾ ਡੀ. ਐੱਸ. ਪੀ. ਜਗਦੀਸ਼ ਭੋਲਾ ਡਰੱਗ ਕਾਰੋਬਾਰ ਨਾਲ ਜੁੜੇ ਚੂਨੀ ਲਾਲ ਗਾਬਾ, ਜਗਜੀਤ ਸਿੰਘ ਚਾਹਲ, ਬਿੱਟੂ ਔਲਖ, ਫਿਰ ਸਾਬਕਾ ਸੀ. ਪੀ. ਐੱਸ. ਅਵਿਨਾਸ਼ ਚੰਦਰ, ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਦਮਨਵੀਰ ਸਿੰਘ ਫਿਲੌਰ ਤੇ ਹੋਰਨਾਂ ਦੇ ਖਿਲਾਫ ਚਲਾਨ ਸੀ. ਬੀ. ਆਈ. ਮੋਹਾਲੀ ਸਥਿਤ ਸਪੈਸ਼ਲ ਕੋਰਟ ਵਿਚ ਦਾਖਲ ਕਰਨ ਤੋਂ ਬਾਅਦ ਈ. ਡੀ. ਵਲੋਂ ਉਕਤ ਤਿੰਨਾਂ ਐੱਨ.ਆਰ. ਆਈ. ਵਲ ਧਿਆਨ ਕੇਂਦਰਿਤ ਕੀਤਾ ਗਿਆ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਲਾਡੀ, ਪਿੰਦੀ ਤੇ ਸੱਤਾ ਦੇ ਇਨਵੈਸਟੀਗੇਸ਼ਨ ਜੁਆਇਨ ਕਰਨ ਤੋਂ ਬਾਅਦ ਈ. ਡੀ. ਦੇ ਹੱਥ ਡਰੱਗ ਕਾਰੋਬਾਰ ਦੇ ਕਿੰਗ ਪਿੰਨ ਤੇ ਰਾਜਨੀਤੀ ਦੇ ਮਗਰਮੱਛ ਤੱਕ ਪਹੁੰਚ ਸਕਦੇ ਹਨ। ਸੂਤਰਾਂ ਨੇ ਦੱਸਿਆ ਕਿ ਲਾਡੀ, ਪਿੰਦੀ, ਸੱਤਾ ਦੇ ਨਾਮ ਬਿੱਟੂ ਔਲਖ, ਜਗਜੀਤ ਚਾਹਲ ਤੇ ਹੋਰਨਾਂ ਵਲੋਂ ਈ. ਡੀ. ਵਲੋਂ ਕੀਤੀ ਗਈ ਪੁੱਛਗਿੱਛ ਵਿਚ ਸਾਹਮਣੇ ਆਏ ਸਨ। ਈ. ਡੀ. ਸੂਤਰਾਂ ਦਾ ਦਾਅਵਾ ਹੈ ਕਿ ਤਿੰਨੇ ਐੱਨ. ਆਰ. ਆਈ. ਜਗਜੀਤ ਚਾਹਲ, ਬਿੱਟੂ ਔਲਖ ਕੋਲੋਂ 'ਐਫਡ੍ਰਿਨ' ਲੈ ਕੇ ਕਿਸੇ ਤਰੀਕੇ ਨਾਲ ਕੈਨੇਡਾ ਸਮੱਗਲ ਕਰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਸਿਰਫ ਅਮਰਿੰਦਰ ਲਾਡੀ ਨੇ ਹੀ ਕਰੀਬ 400 ਕਿਲੋ ਐਫਡ੍ਰਿਨ ਜਗਜੀਤ ਚਾਹਲ ਕੋਲੋਂ ਖਰੀਦੀ ਸੀ। ਇਕ ਕਿਲੋ ਐਫਡ੍ਰਿਨ ਦੀ ਕੀਮਤ ਅੰਤਰਰਾਸ਼ਟਰੀ ਮਾਰਕੀਟ ਵਿਚ ਇਕ ਕਰੋੜ ਰੁਪਏ ਦੱਸੀ ਗਈ ਹੈ, ਜਿਸ ਨਾਲ ਕੈਨੇਡਾ ਸਮੱਗਲ ਕੀਤੀ ਗਈ 400 ਕਿਲੋ ਦੀ ਕੀਮਤ 400 ਕਰੋੜ ਰੁਪਏ ਬਣਦੀ ਹੈ। ਹੁਣ ਤੱਕ ਦੀ ਜਾਂਚ ਵਿਚ ਪਤਾ ਲੱਗਾ ਕਿ ਲਾਡੀ, ਪਿੰਦੀ ਤੇ ਸੱਤਾ ਦਾ ਵਿਦੇਸ਼ ਵਿਚ ਸਾਂਝਾ ਕਾਰੋਬਾਰ ਹੈ। ਲਾਡੀ ਸਿੱਧੇ ਤੌਰ 'ਤੇ ਜਗਜੀਤ ਚਾਹਲ ਨਾਲ ਜੁੜਿਆ ਹੋਇਆ ਸੀ, ਜਦੋਂਕਿ ਸੱਤਾ ਤੇ ਪਿੰਦੀ ਭੋਲਾ ਦੇ ਨਾਲ ਜੁੜੇ ਹੋਏ ਸਨ। ਈ. ਡੀ. ਨੇ ਉਕਤ ਤਿੰਨਾਂ ਐੱਨ. ਆਰ. ਆਈਜ਼ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਸੰਮਨ ਕੈਨੇਡਾ ਭੇਜੇ ਹਨ ਪਰ ਫਿਲਹਾਲ ਕੋਈ ਜਵਾਬ ਨਹੀਂ ਆਇਆ। ਸੂਤਰਾਂ ਮੁਤਾਬਕ ਇਨ੍ਹਾਂ ਤਿੰਨਾਂ ਖਾਸ ਕਰਕੇ ਸੱਤਾ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਡਰੱਗ ਕਾਰੋਬਾਰ ਦੇ ਸਰਪ੍ਰਸਤ ਤੇ ਰਾਜਨੀਤੀ ਦੇ ਮਗਰਮੱਛ 'ਤੇ ਸ਼ਿਕੰਜਾ ਕੱਸਿਆ ਜਾ ਸਕਦਾ ਹੈ। 
ਤਿੰਨਾਂ ਦੀ ਐਕਸਟਰਾਡੀਸ਼ਨ ਨੂੰ ਲੈ ਕੇ ਅਧਿਕਾਰੀ ਚਿੰਤਤ
ਪੁਲਸ ਵਲੋਂ ਡਰੱਗ ਕਾਰੋਬਾਰ ਵਿਚ ਸ਼ਾਮਲ ਮੰਨੇ ਜਾ ਰਹੇ ਐੱਨ. ਆਰ. ਆਈ. ਕੈਨੇਡਾ ਤੋਂ ਭਾਰਤ ਲਿਆਉਣ ਲਈ ਪੰਜਾਬ ਪੁਲਸ ਵਲੋਂ ਪਹਿਲਾਂ ਹੀ ਕੋਸ਼ਿਸ਼ਾਂ ਸ਼ੁਰੂ ਕੀਤੇ ਜਾਣ ਕਾਰਨ ਈ. ਡੀ. ਅਧਿਕਾਰੀ ਚਿੰਤਤ ਹਨ ਕਿਉਂਕਿ ਇਕੋ ਸਮੇਂ 'ਤੇ ਦੋ ਏਜੰਸੀਆਂ ਇਕ ਹੀ ਮੁਲਜ਼ਮਾਂ ਨੂੰ ਭਾਰਤ ਲਿਆਉਣ ਲਈ ਕੇਸ ਨਹੀਂ ਲੜ ਸਕਦੀਆਂ। ਹੁਣ ਈ. ਡੀ. ਨੂੰ ਪੰਜਾਬ ਪੁਲਸ ਵਲੋਂ ਸ਼ੁਰੂ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਨਤੀਜੇ ਆਉਣ ਦੀ ਉਡੀਕ ਕਰਨੀ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਜੇਕਰ ਈ. ਡੀ. ਵਲੋਂ ਐਕਸਟਰਾਡੀਸ਼ਨ ਲਈ ਦਬਾਅ ਬਣਾਇਆ ਜਾਂਦਾ ਹੈ ਤਾਂ ਇਸ ਦੇ ਨਤੀਜੇ ਚੰਗੇ ਹੋ ਸਕਦੇ ਸਨ ਕਿਉਂਕਿ ਪਟਿਆਲਾ ਪੁਲਸ ਵਲੋਂ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਹਵਾਲਗੀ ਮੰਗੀ ਗਈ ਹੈ, ਜਦੋਂਕਿ ਈ. ਡੀ. ਵਲੋਂ ਉਕਤ ਵਿਅਕਤੀਆਂ ਦੀ ਹਵਾਲਗੀ ਪੀ. ਐੱਲ. ਐੱਮ. ਏ. ਦੇ ਅਧੀਨ ਮੰਗੀ ਜਾਣੀ ਸੀ।
ਸੱਤਾ ਦੇ ਹਨ ਸਿਆਸੀ ਹਸਤੀ ਨਾਲ ਡੂੰਘੇ ਸੰੰਬੰਧ
ਸੂਤਰਾਂ ਨੇ ਦੱਸਿਆ ਕਿ ਸਤਪ੍ਰੀਤ ਸਿੰਘ ਉਰਫ ਸੱਤਾ ਦੇ ਸੂਬੇ ਦੇ ਇਕ ਸਿਆਸੀ ਵਿਅਕਤੀ ਨਾਲ ਡੂੰਘੇ ਸੰਬੰਧ ਹਨ। ਕਿਹਾ ਤਾਂ ਇਥੋਂ ਤੱਕ ਜਾ ਰਿਹਾ ਹੈ ਕਿ ਜਦੋਂ ਵੀ ਸੱਤਾ ਭਾਰਤ ਆਉਂਦਾ ਹੈ ਤਾਂ ਉਸ ਦੇ ਘਰ ਹੀ ਰੁਕਦਾ ਹੈ। ਇਥੋਂ ਤੱਕ ਚਰਚਾ ਹੈ ਕਿ ਉਸ ਸਿਆਸੀ ਹਸਤੀ ਦੀਆਂ ਚੋਣਾਂ ਦੀ ਵਾਗਡੋਰ ਵੀ ਸੱਤਾ ਦੇ ਹੱਥ ਵਿਚ ਹੀ ਹੁੰਦੀ ਸੀ। 
ਪਟਿਆਲਾ ਪੁਲਸ ਨੇ ਤਿੰਨਾਂ ਦੇ ਐਕਸਟਰਾਡੀਸ਼ਨ ਲਈ ਸ਼ੁਰੂ ਕੀਤੀਆਂ ਕੋਸ਼ਿਸ਼ਾਂ 
ਕਿਉਂਕਿ ਡਰੱਗ ਰੈਕੇਟ ਦਾ ਪਰਦਾਫਾਸ਼ ਪਟਿਆਲਾ ਪੁਲਸ ਵਲੋਂ ਕੀਤਾ ਗਿਆ ਸੀ, ਇਸ ਲਈ ਪਟਿਆਲਾ ਪੁਲਸ ਦੀ ਜਾਂਚ ਵਿਚ ਵੀ ਉਕਤ ਐੱਨ. ਆਰ. ਆਈ. ਦਾ ਨਾਮ ਸਾਹਮਣੇ ਆਇਆ। ਪਟਿਆਲਾ ਪੁਲਸ ਦੀ ਜਾਂਚ ਤੋਂ ਬਾਅਦ ਈ. ਡੀ. ਨੇ ਪੀ. ਐੱਨ. ਐੱਲ. ਏ. ਦੇ ਅਧੀਨ ਜਾਂਚ ਸ਼ੁਰੂ ਕੀਤੀ ਹੈ। ਪਤਾ ਲੱਗਾ ਹੈ ਕਿ ਪਟਿਆਲਾ ਪੁਲਸ ਨੇ ਡਰੱਗ ਕਾਰੋਬਾਰ ਵਿਚ ਸ਼ਾਮਲ ਮੰਨੇ ਜਾ ਰਹੇ ਐੱਨ. ਆਰ. ਆਈ. ਨੂੰ ਭਾਰਤ ਲਿਆਉਣ ਲਈ ਹਵਾਲਗੀ ਸੰਬੰਧੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।