ਹੁਸ਼ਿਆਰਪੁਰ ਜੇਲ ਤੋਂ ਚੱਲ ਰਿਹਾ ਸੀ ਡਰੱਗ ਨੈੱਟਵਰਕ, ਮਾਸਟਰਮਾਈਂਡ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਵੇਗੀ ਪੁਲਸ

06/13/2023 1:04:50 PM

ਜਲੰਧਰ (ਜ. ਬ.) : ਸੀ. ਆਈ. ਏ. ਸਟਾਫ ਵੱਲੋਂ ਡੇਢ ਕਿਲੋ ਹੈਰੋਇਨ, ਡਰੱਗ ਮਨੀ ਅਤੇ ਪਿਸਤੌਲ ਨਾਲ ਗ੍ਰਿਫ਼ਤਾਰ ਕੀਤੇ ਚਾਰਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਗਿਆ ਹੈ। ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਉਕਤ ਮੁਲਜ਼ਮ ਹੁਸ਼ਿਆਰਪੁਰ ਜੇਲ ਵਿਚ ਬੰਦ ਤਰਨਤਾਰਨ ਦੇ ਪ੍ਰੀਤ ਨਾਂ ਦੇ ਮੁਲਜ਼ਮ ਦੇ ਡਰੱਗ ਨੈੱਟਵਰਕ ਨਾਲ ਜੁੜੇ ਹੋਏ ਸਨ। ਪੁਲਸ ਹੁਣ ਪ੍ਰੀਤ ਨੂੰ ਨਾਮਜ਼ਦ ਕਰ ਕੇ ਉਸਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਵੇਗੀ। ਗ੍ਰਿਫ਼ਤਾਰ ਮੁਲਜ਼ਮਾਂ ’ਚ ਸ਼ਾਮਲ ਮੁੱਖ ਮੁਲਜ਼ਮ ਲਵਪ੍ਰੀਤ ਸਿੰਘ ਉਰਫ ਰਾਜਾ ਨੇ ਪੁੱਛਗਿੱਛ ਵਿਚ ਦੱਸਿਆ ਕਿ ਜਦੋਂ ਉਹ ਕੁੱਟਮਾਰ ਦੇ ਕੇਸ ਵਿਚ ਹੁਸ਼ਿਆਰਪੁਰ ਜੇਲ ਵਿਚ ਬੰਦ ਸੀ, ਉਦੋਂ ਉਸਦੀ ਮੁਲਾਕਾਤ ਪ੍ਰੀਤ ਨਾਲ ਹੋਈ ਸੀ। ਉਦੋਂ ਪ੍ਰੀਤ ਨੇ ਕਿਹਾ ਸੀ ਕਿ ਅੰਮ੍ਰਿਤਸਰ ਦੇ ਕੁਝ ਵੱਡੇ ਨਸ਼ਾ ਸਮੱਗਲਰ ਉਸਦੇ ਜਾਣਕਾਰ ਹਨ। ਉਸੇ ਨੇ ਉਕਤ ਸਮੱਗਲਰਾਂ ਨਾਲ ਉਸਦੀ ਜਾਣ-ਪਛਾਣ ਕਰਵਾਈ ਸੀ। ਜਿਉਂ ਹੀ ਲਵਪ੍ਰੀਤ ਜੇਲ ਵਿਚੋਂ ਬਾਹਰ ਆਇਆ ਤਾਂ ਉਹ ਅੰਮ੍ਰਿਤਸਰ ਦੇ ਸਮੱਗਲਰ ਦੇ ਸਿੱਧੇ ਲਿੰਕ ਵਿਚ ਆ ਗਿਆ ਅਤੇ ਫਿਰ ਹੈਰੋਇਨ ਦੀ ਸਮੱਗਲਿੰਗ ਕਰਨ ਲੱਗਾ। ਹੈਰੋਇਨ ਵੇਚਣ ਤੋਂ ਬਾਅਦ ਜਿਹੜੀ ਵੀ ਡਰੱਗ ਮਨੀ ਉਸਨੂੰ ਮਿਲਦੀ ਸੀ, ਉਸ ਵਿਚੋਂ ਕੁਝ ਹਿੱਸਾ ਪ੍ਰੀਤ ਨੂੰ ਵੀ ਜਾਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਚਾਰਾਂ ਮੁਲਜ਼ਮਾਂ ਨੇ ਪਹਿਲਾਂ ਵੀ ਹੈਰੋਇਨ ਸਪਲਾਈ ਕੀਤੀ ਹੋਈ ਹੈ, ਜਿਸ ਨੂੰ ਲੈ ਕੇ ਚਾਰਾਂ ਦਾ ਰਿਮਾਂਡ ਵਧਾਇਆ ਗਿਆ ਤਾਂ ਕਿ ਪਤਾ ਲੱਗੇ ਕਿ ਉਕਤ ਲੋਕਾਂ ਨੇ ਕਿਹੜੇ-ਕਿਹੜੇ ਵਿਅਕਤੀਆਂ ਨੂੰ ਹੈਰੋਇਨ ਵੇਚੀ ਸੀ। ਪੁਲਸ ਉਹ ਹੈਰੋਇਨ ਵੀ ਬਰਾਮਦ ਕਰ ਸਕਦੀ ਹੈ। ਪੁਲਸ ਮੁਲਾਜ਼ਮਾਂ ਤੋਂ ਪਤਾ ਲਾ ਰਹੀ ਹੈ ਕਿ ਉਨ੍ਹਾਂ ਕੋਲੋਂ ਬਰਾਮਦ ਹੋਇਆ ਦੇਸੀ ਪਿਸਤੌਲ ਕਿਥੋਂ ਆਇਆ ਸੀ। ਜ਼ਿਕਰਯੋਗ ਹੈ ਕਿ ਸੀ. ਆਈ. ਏ. ਸਟਾਫ ਇੰਦਰਜੀਤ ਿਸੰਘ, ਏ. ਐੱਸ. ਆਈ. ਗੁਰਵਿੰਦਰ ਸਿੰਘ ਵਿਰਕ ਅਤੇ ਹੋਰ ਟੀਮ ਨੇ ਗੁਰੂ ਨਾਨਕਪੁਰਾ ਰੋਡ ’ਤੇ ਨਾਕਾਬੰਦੀ ਕਰ ਕੇ ਸਵਿਫਟ ਗੱਡੀ ਵਿਚ ਸਵਾਰ ਲਵਪ੍ਰੀਤ ਸਿੰਘ ਉਰਫ ਰਾਜਾ ਨਿਵਾਸੀ ਸੰਤਪੁਰਾ ਕਪੂਰਥਲਾ, ਜਸਬੀਰ ਿਸੰਘ ਉਰਫ ਪੱਧਾ ਨਿਵਾਸੀ ਪਿੰਡ ਜਹਾਂਗੀਰ (ਕਪੂਰਥਲਾ), ਵਿਕਾਸ ਉਰਫ ਰੂਬਲ ਨਿਵਾਸੀ ਪਿੰਡ ਰਾਣੀਕਾ (ਕਪੂਰਥਲਾ) ਅਤੇ ਹਰੀਪਾਲ ਸਿੰਘ ਨਿਵਾਸੀ ਪਿੰਡ ਪ੍ਰੇਮਪੁਰਾ (ਕਪੂਰਥਲਾ) ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਤੋਂ ਡੇਢ ਕਿਲੋ ਹੈਰੋਇਨ, 53 ਹਜ਼ਾਰ ਰੁਪਏ ਡਰੱਗ ਮਨੀ ਅਤੇ ਦੇਸੀ ਪਿਸਤੌਲ ਬਰਾਮਦ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਨਸ਼ੇ ’ਚ ਪਤੀ ਕਰਦਾ ਸੀ ਕੁੱਟਮਾਰ,ਪਤਨੀ ਨੇ ਦਿੱਤੀ ਦਰਦਨਾਕ ਮੌਤ

ਟਰੈਵਲ ਏਜੰਟ ਜਸਬੀਰ ਨੇ ਮਦਦ ਮੰਗੀ ਤਾਂ ਮਿਲਾ ਲਿਆ ਸੀ ਆਪਣੇ ਨਾਲ
ਮੁਲਜ਼ਮ ਜਸਬੀਰ ਸਿੰਘ ਉਰਫ ਪੱਧਾ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਹ ਲਵਪ੍ਰੀਤ ਿਸੰਘ ਦਾ ਜਾਣਕਾਰ ਹੈ। ਉਹ ਪਹਿਲਾਂ ਟਰੈਵਲ ਏਜੰਟ ਦਾ ਕੰਮ ਕਰਦਾ ਸੀ ਪਰ ਉਸ ਕੰਮ ਵਿਚ ਕਾਫੀ ਘਾਟਾ ਪੈ ਗਿਆ ਅਤੇ ਉਹ ਲੋਕਾਂ ਦਾ ਦੇਣਦਾਰ ਬਣ ਗਿਆ। ਜਦੋਂ ਉਸਨੇ ਆਪਣੀ ਕਮਜ਼ੋਰੀ ਲਵਪ੍ਰੀਤ ਦੱਸੀ, ਉਸ ਨੇ ਜਸਬੀਰ ਨੂੰ ਪੈਸੇ ਕਮਾਉਣ ਦੀ ਆਫਰ ਦਿੱਤੀ ਅਤੇ ਕਿਹਾ ਕਿ ਉਸਦੇ ਹੈਰੋਇਨ ਸਮੱਗਲਰਾਂ ਨਾਲ ਲਿੰਕ ਹਨ। ਜੇਕਰ ਉਹ ਪੈਸਿਆਂ ਦਾ ਇੰਤਜ਼ਾਮ ਕਰਦਾ ਹੈ ਤਾਂ ਉਹ ਉਨ੍ਹਾਂ ਪੈਸਿਆਂ ਨਾਲ ਉਸਨੂੰ ਹੈਰੋਇਨ ਖਰੀਦ ਕੇ ਦੇਵੇਗਾ, ਜਦੋਂ ਕਿ ਵਿਕਵਾ ਵੀ ਖੁਦ ਹੀ ਦੇਵੇਗਾ। ਅਜਿਹੇ ਵਿਚ ਜਸਬੀਰ ਨੇ ਪੈਸਿਆਂ ਦਾ ਇੰਤਜ਼ਾਮ ਕੀਤਾ ਅਤੇ ਹੈਰੋਇਨ ਖਰੀਦ ਕੇ ਲੈ ਆਇਆ ਪਰ ਰਸਤੇ ਵਿਚ ਹੀ ਸੀ. ਆਈ. ਏ. ਸਟਾਫ ਦੇ ਹੱਥੇ ਚੜ੍ਹ ਗਿਆ।

ਇਹ ਵੀ ਪੜ੍ਹੋ : ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਸਾਥੀਆਂ ਸਮੇਤ ਹੋਏ ਅਦਾਲਤ ’ਚ ਪੇਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha