ਨਸ਼ਿਆਂ ਕਰ ਕੇ ਮਰ ਰਹੀ ਜਵਾਨੀ ਕਾਰਨ ਸੂਬਾ ਸਰਕਾਰ ਦੀ ਕਿਰਕਰੀ

06/27/2018 8:07:38 AM

 ਸਾਦਿਕ (ਪਰਮਜੀਤ) - ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਸ਼ਿਆਂ ਦੀ ਦਲ-ਦਲ ਨੂੰ ਲੈ ਕੇ ਅਜਿਹੀ ਲੋਕ ਲਹਿਰ ਚੱਲੀ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਦੇ ਸਬਜ਼ਬਾਗ ਦਿਖਾ ਕੇ ਸੱਤਾ ਸੰਭਾਲੀ ਗਈ ਪਰ ਸਾਲ ਤੋਂ ਵੱਧ ਸਮਾਂ ਇਸ ਸਰਕਾਰ ਸੱਤਾ ’ਚ ਆਇਆ ਨੂੰ ਹੋ ਗਿਆ ਹੈ ਅਤੇ ਪੰਜਾਬ ’ਚ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਨਸ਼ਿਆਂ ਕਾਰਨ ਮਰਨ ਵਾਲੇ ਨੌਜਵਾਨ ਵਰਗ ਦੀ ਗਿਣਤੀ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ। ਕਾਂਗਰਸ ਨੇ ਜੋ ਭੰਡੀ ਪ੍ਰਚਾਰ ਕਰ ਕੇ ਸੱਤਾ ਪ੍ਰਾਪਤ ਕੀਤੇ ਅਤੇ ਲੋਕਾਂ ਦੀ ਦੁਖਦੀ ਰਗ ਪਛਾਣਦਿਆਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ’ਚੋਂ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ, ਉਹ ਅੱਜ ਤੱਕ ਪੂਰਾ ਨਹੀਂ ਹੋਇਆ ਅਤੇ ਨਸ਼ਿਅਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਕ ਵਾਰ ਫਿਰ ਨਸ਼ਿਆਂ ਸਬੰਧੀ ਮਾਮਲਾ ਸੁਰਖੀਆਂ ਵਿਚ ਹੈ ਅਤੇ ਸੋਸ਼ਲ ਮੀਡੀਆ ਰਾਹੀਂ ਸੂਬਾ ਸਰਕਾਰ ਦੀ ਕਿਰਕਰੀ ਕੀਤੀ ਜਾ ਰਹੀ ਹੈ। ਵੱਖ-ਵੱਖ ਸੋਸ਼ਲ ਸਾਈਟਾਂ ’ਤੇ ਇਕ ਪਾਸੇ ਜਿੱਥੇ ਨਸ਼ੇ ਖਤਮ ਕਰਨ ਲਈ ਕੈਪਟਨ ਸਾਹਿਬ ਦੀਆਂ ਸਹੁੰ ਖਾਣ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ, ਉੱਥੇ ਹੀ ਵੱਖ-ਵੱਖ ਥਾਵਾਂ ’ਤੇ ਨਸ਼ੇ ਨਾਲ ਮਰੇ ਨੌਜਵਾਨਾਂ ਤੇ ਉਨ੍ਹਾਂ ਦੇ ਮਾਪਿਆਂ ਦੀਆਂ ਵਿਰਲਾਪ ਕਰਦਿਆਂ ਦੀਆਂ ਤਸਵੀਰਾਂ ਪਾ ਕੇ ਕਾਂਗਰਸ ਸਰਕਾਰ ਨੂੰ ਪੁੱਛਿਆ ਜਾ ਰਿਹਾ ਹੈ ਕੀ ਇਹੀ ‘ਚਾਹੁੰਦਾ ਹੈ ਪੰਜਾਬ’।
ਸਭ ਤੋਂ ਵੱਧ ਦਿਲ ਦਹਿਲਾਉਣ ਵਾਲੀ ਕੋਟਕਪੂਰਾ (ਫਰੀਦਕੋਟ) ਅਤੇ ਹਲਕਾ ਪੱਟੀ (ਤਰਨਤਾਰਨ) ਦੀਅਾਂ ਵੀਡੀਓਜ਼ ਫੇਸਬੁੱਕ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ’ਤੇ ਸੁਰਖੀਆਂ ਵਿਚ ਰਹੀਅਾਂ, ਜਿੱਥੇ ਨਸ਼ੇ ਕਾਰਨ ਮਰੇ ਨੌਜਵਾਨ ਪੁੱਤਾਂ ਦੀਅਾਂ ਮਾਂ ਇਵੇਂ ਵੈਣ ਪਾ ਰਹੀਆਂ ਸਨ, ਜਿਸ ਨੂੰ ਦੇਖ ਕੇ ਹਰ ਇਕ ਦੇ ਅੱਖਾਂ ਵਿਚ ਹੰਝੂ ਆਏ।
ਸਮਾਜ ਸੇਵੀ ਲੋਕਾਂ ਨੇ ਚਿੰਤਾ ਜ਼ਾਹਿਰ ਕਰਦਿਅਾਂ ਕਿਹਾ ਕਿ ਜੇ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੇ ਜਵਾਨਾਂ ਨੂੰ ਦੁਸ਼ਮਣਾਂ ਹੱਥੋਂ ਨਹੀਂ, ਆਪਣੇ ਹੀ ਲੋਕ ਨਸ਼ਿਆਂ ਰਾਹੀਂ ਮਾਰਨ ਲਈ ਕਾਫੀ ਹਨ ਅਤੇ ਸਰਕਾਰ ਨੂੰ ਆਪਣੀ ਗੂਡ਼੍ਹੀ ਨੀਂਦ ਤੋਂ ਜਾਗ ਕੇ ਅਮਲੀ ਤੌਰ ’ਤੇ ਕੁਝ ਕਰਨ ਦੀ ਲੋਡ਼ ਹੈ। ਨਸ਼ਿਆਂ ਦੇ ਜ਼ਿੰਮੇਵਾਰ ਲੀਡਰ ਅਤੇ ਪੁਲਸ ’ਚ ਸ਼ਾਮਲ ਕਾਲੀਆਂ ਭੇਡਾਂ ਨੂੰ ਪਛਾਣੇ ਬਿਨਾਂ ਪੰਜਾਬ ’ਚੋਂ ਨਸ਼ਾ ਖਤਮ ਹੋਣਾ ਅਸੰਭਵ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਸ਼ਿਆਂ ਦੇ ਸਮੱਗਲਰਾਂ ਦਾ ਸਾਥ ਦੇਣ ਵਾਲੇ ਲੋਕਾਂ ਨੂੰ ਸਖ਼ਤ ਸਜ਼ਾ ਦੇਵੇ ਅਤੇ ਜਿੱਥੇ ਨਸ਼ੇ ਦੀ ਓਵਰਡੋਜ਼ ਕਾਰਨ ਕੋਈ ਮਰਦਾ ਹੈ ਤਾਂ ਸਬੰਧਤ ਅਧਿਕਾਰੀਆਂ ਨੂੰ ਵੀ ਬਰਾਬਰ ਦਾ ਦੋਸ਼ੀ ਮੰਨਿਆ ਜਾਵੇ।