ਅੰਮ੍ਰਿਤਸਰ ਡਰੱਗ ਫੈਕਟਰੀ ਮਾਮਲਾ : ਬੈਂਸ ਨੇ ਜਾਰੀ ਕੀਤੀਆਂ ਮਜੀਠੀਆ ਤੇ ਅਨਵਰ ਮਸੀਹ ਦੀਆਂ ਤਸਵੀਰਾਂ

02/01/2020 5:57:00 PM

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਅਨਵਰ ਮਸੀਹ ਅਤੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੀਆਂ ਤਸਵੀਰਾਂ ਜਨਤਕ ਕੀਤੀਆਂ ਹਨ। ਅਨਵਰ ਮਸੀਹ ਉਹੀ ਸ਼ਖਸ ਹੈ ਜਿਸ ਦੀ ਅੰਮ੍ਰਿਤਸਰ ਸਥਿਤ ਕਿਰਾਏ 'ਤੇ ਦਿੱਤੀ ਕੋਠੀ 'ਚੋਂ ਇਕ ਹਜ਼ਾਰ ਕਰੋੜ ਰੁਪਏ ਦੀ ਡਰੱਗ ਬਰਾਮਦ ਹੋਈ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੈਂਸ ਨੇ ਆਖਿਆ ਕਿ ਜਿਸ ਸਮੇਂ ਐੱਸ. ਟੀ. ਐੱਫ. ਬਣੀ ਸੀ ਉਸ ਸਮੇਂ ਲੋਕਾਂ ਨੂੰ ਇਕ ਉਮੀਦ ਨਜ਼ਰ ਆਈ ਸੀ ਕਿ ਹੁਣ ਪੰਜਾਬ ਵਿਚ ਚਿੱਟੇ ਦਾ ਸਫਾਇਆ ਹੋਵੇਗਾ ਪਰ ਦੁੱਖ ਦੀ ਗੱਲ ਹੈ ਕਿ ਐੱਸ. ਟੀ. ਐੱਫ. ਦੀ ਰਿਪੋਰਟ 'ਚ ਬਿਕਰਮ ਮਜੀਠੀਆ ਦਾ ਨਾਮ ਆਉਣ ਦੇ ਬਾਵਜੂਦ ਵੀ ਮੁੱਖ ਮੰਤਰੀ ਨੇ ਚੁੱਪ ਵੱਟੀ ਰੱਖੀ ਅਤੇ ਮਜੀਠੀਆ ਖਿਲਾਫ ਕਾਰਵਾਈ ਨਹੀਂ ਹੋਈ। 

ਮਜੀਠੀਆ ਅਤੇ ਅਨਵਰ ਮਸੀਹ ਦੀਆਂ ਤਸਵੀਰਾਂ ਜਾਰੀ ਕਰਦਿਆਂ ਬੈਂਸ ਨੇ ਆਖਿਆ ਕਿ ਇਨ੍ਹਾਂ ਦੋਵਾਂ ਦੇ ਨੇੜਲੇ ਅਤੇ ਪਰਿਵਾਰਕ ਸੰਬੰਧ ਹਨ ਅਤੇ ਇਹ ਨੇੜਤਾ ਸਾਬਤ ਕਰਦੀ ਹੈ ਕਿ ਚਿੱਟਾ ਵੇਚਣ ਵਾਲੇ ਵੱਡੇ ਲੋਕ ਇਕ-ਮਿੱਕ ਹਨ। ਬੈਂਸ ਨੇ ਆਖਿਆ ਕਿ ਇਕ ਜਗ੍ਹਾ ਨਹੀਂ ਸਗੋਂ ਕਈ ਥਾਈਂ ਮਜੀਠੀਆ ਅਤੇ ਅਨਵਰ ਮਸੀਹ ਇੱਕੋ ਮੰਚ 'ਤੇ ਨਜ਼ਰ ਆ ਚੁੱਕੇ ਹਨ ਜਿਸ ਦੀਆਂ ਸੈਂਕੜੇ ਤਸਵੀਰਾਂ ਮੌਜੂਦ ਹਨ। ਅਨਵਰ ਮਸੀਹ ਦੀ ਫੇਸਬੁੱਕ ਆਈ. ਡੀ. ਵਿਚ ਬਿਕਰਮ ਮਜੀਠੀਆ ਨਾਲ ਕਈ ਤਸਵੀਰਾਂ ਹਨ।

ਉਨ੍ਹਾਂ ਖੁਲਾਸਾ ਕਰਦਿਆਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਸ਼ਨੀਵਾਰ ਸਵੇਰੇ 10 ਵਜੇ ਅਨਵਰ ਮਸੀਹ ਨੇ ਆਪਣੀ ਫੇਸਬੁਕ ਆਈ. ਡੀ. ਬੰਦ ਕਰ ਦਿੱਤੀ ਹੈ। ਬੈਂਸ ਨੇ ਕਿਹਾ ਕਿ ਇਹ ਦੋਵੇਂ ਇਸ ਤਰ੍ਹਾਂ ਵਿਚਰਦੇ ਹਨ ਜਿਵੇਂ ਕਰੀਬੀ ਕਾਰੋਬਾਰੀ ਹੋਣ। ਇਥੇ ਹੀ ਬਸ ਨਹੀਂ ਬੈਂਸ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਅਨਵਰ ਮਸੀਹ ਦੀ ਤਸਵੀਰ ਸਾਂਝੀ ਕੀਤੀ। ਬੈਂਸ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਹੂਕਮਤ ਦੀਆਂ ਪ੍ਰਾਪਤੀਆਂ ਗਿਣਾਉਣ ਦੀ ਬਜਾਏ ਵੱਡੇ ਮੱਗਰਮੱਛਾਂ ਖਿਲਾਫ ਕਾਰਵਾਈ ਕਰਨ। 

ਕੀ ਕਹਿਣਾ ਹੈ ਪੁਲਸ ਦਾ 
ਦੂਜੇ ਪਾਸੇ ਇਸ ਮਾਮਲੇ ਵਿਚ ਅੱਜ ਜਦੋਂ ਐੱਸ. ਟੀ. ਐੱਫ. ਦੀ ਟੀਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਸੰਬੰਧਤ ਅਨਵਰ ਮਸੀਹ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ, ਅਜੇ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਵਿਚ ਫਿਲਹਾਲ ਮਸੀਹ ਦੀ ਭੂਮਿਕਾ ਸਾਹਮਣੇ ਨਹੀਂ ਆਈ ਹੈ ਅਤੇ ਕਿਉਂਕਿ ਇਹ ਘਰ ਉਸ ਦਾ ਸੀ, ਇਸ ਲਈ ਉਸ ਨੂੰ ਨੋਟਿਸ ਭੇਜਿਆ ਗਿਆ ਹੈ, ਅਨਵਰ ਮਸੀਹ ਆਪਣੇ ਬਿਆਨ ਦਰਜ ਕਰਾਉਣ। 

Gurminder Singh

This news is Content Editor Gurminder Singh