ਦਵਾਈਆਂ ਦੀਆਂ ਦੁਕਾਨਾਂ ''ਤੇ ਛਾਪੇਮਾਰੀ ਦੌਰਾਨ ਚਾਰ ਸੈਂਪਲ ਭਰੇ

06/12/2018 4:38:40 AM

ਲੁਧਿਆਣਾ(ਸਹਿਗਲ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਰੱਗ ਵਿਭਾਗ ਨੇ ਇਲਾਕਾ ਮੈਜਿਸਟਰੇਟ ਨਾਲ ਟੀਮਾਂ ਬਣਾ ਕੇ ਜ਼ਿਲੇ ਦੇ ਵੱਖ-ਵੱਖ ਸਥਾਨਾਂ 'ਤੇ ਛਾਪਾਮਾਰੀ ਕਰ ਕੇ ਦਵਾਈਆਂ ਦੀ ਜਾਂਚ ਲਈ ਚਾਰ ਸੈਂਪਲ ਭਰੇ ਹਨ। ਡਰੱਗ ਲਾਇਸੈਂਸਿੰਗ ਅਥਾਰਟੀ ਦਿਨੇਸ਼ ਗੁਪਤਾ ਨੇ ਦੱਸਿਆ ਕਿ ਘਟੀਆ ਪੱਧਰ ਦੀਆਂ ਦਵਾਈਆਂ ਦੀ ਜਾਂਚ ਲਈ ਕੈਮਿਸਟਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਨਕਲੀ ਦਵਾਈਆਂ ਦੀ ਪਛਾਣ ਕਰਨ 'ਤੇ ਉਸ ਦੀ ਰੋਕਥਾਮ ਵਿਚ ਸਹਿਯੋਗ ਕਰਨ ਨੂੰ ਕਿਹਾ ਗਿਆ ਕਿ ਉਹ ਸਾਰੀਆਂ ਹੀ ਦਵਾਈਆਂ ਬਿੱਲ 'ਤੇ ਹੀ ਲੈਣ ਅਤੇ ਬਿੱਲ 'ਤੇ ਹੀ ਵੇਚਣ। ਉਨ੍ਹਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਘਟੀਆ ਤੇ ਹੇਠਲੇ ਪੱਧਰ ਦੀਆਂ ਦਵਾਈਆਂ ਦੀ ਵਿਕਰੀ ਰੋਕੀ ਜਾਵੇਗੀ। ਨਸ਼ੇ ਦੇ ਤੌਰ 'ਤੇ ਵਿਕਣ ਵਾਲੀਆਂ ਦਵਾਈਆਂ 'ਤੇ ਰੋਕ ਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਨੀਂਦ ਤੇ ਨਸ਼ੇ ਦੀਆਂ ਦਵਾਈਆਂ ਬਿਨਾਂ ਬਿੱਲ ਨਾ ਖਰੀਦੀਆਂ ਜਾਣ ਨਾ ਬਿਨਾਂ ਬਿੱਲ ਦੇ ਵੇਚੀਆਂ ਜਾਣ ਅਤੇ ਸਾਰੇ ਕੈਮਿਸਟ ਸਰਕਾਰ ਦੇ ਇਸ ਕੰਮ ਵਿਚ ਸਹਿਯੋਗ ਕਰਨ। ਛਾਪਾਮਾਰੀ ਕਰਨ ਵਾਲੀਆਂ ਟੀਮਾਂ ਵਿਚ ਡਰੱਗ ਇੰਸਪੈਕਟਰ ਲਾਜਵਿੰਦਰ ਕੁਮਾਰ ਅਤੇ ਐਗਜ਼ੀਕਿਊਟਿਵ ਮੈਜਿਸਟਰੇਟ ਭੁਪਿੰਦਰ ਸਿੰਘ ਨੇ ਰਾਏਕੋਟ ਰੋਡ ਮੁੱਲਾਂਪੁਰ ਡਰੱਗ ਇੰਸਪੈਕਟਰ ਸੁਪਪ੍ਰੀਤ ਕੌਰ ਅਤੇ ਐਗਜ਼ੀਕਿਊਟਿਵ ਮੈਜਿਸਟਰੇਟ ਜੋਗਿੰਦਰ ਸਿੰਘ ਨੇ ਸਿੱਧੂ ਮਾਰਕੀਟ, ਮਾਡਲ ਗਰਾਮ, ਫਿਰੋਜ਼ਪੁਰ ਰੋਡ, ਡਰੱਗ ਇੰਸਪੈਕਟਰ ਰੁਪਿੰਦਰ ਕੌਰ ਤੇ ਮੈਜਿਸਟਰੇਟ ਮਨਦੀਪ ਸਿੰਘ ਨੇ ਘੁਮਾਰ ਮੰਡੀ ਡਰੱਗ ਇੰਸਪੈਕਟਰ ਬਲਰਾਮ ਲੂਥਰਾ ਤੇ ਮੈਜਿਸਟਰੇਟ ਸੰਦੀਪ ਕੌਸ਼ਿਕ (ਸਬ-ਤਹਿਸੀਲ ਸਿੱਧਵਾਂ ਬੇਟ) ਨੇ ਸਿੱਧਵਾਂ ਬੇਟ ਤੇ ਗਿੱਦੜ ਪਿੰਡੀ ਤਹਿਸੀਲ ਜਗਰਾਉਂ ਦੀ ਜਾਂਚ ਕੀਤੀ। ਦਿਨੇਸ਼ ਗੁਪਤਾ ਨੇ ਦੱਸਿਆ ਕਿ ਜਾਂਚ ਦਾ ਕੰਮ ਅੱਗੇ ਵੀ ਜਾਰੀ ਰਹੇਗਾ।