ਨਸ਼ਿਅਾਂ ਦੇ ਆਦੀ ਨੌਜਵਾਨਾਂ ’ਚੋਂ 40 ਫੀਸਦੀ ਅੌਲਾਦ ਪੈਦਾ ਕਰਨ ਦੇ ਕਾਬਲ ਨਹੀਂ ਰਹਿੰਦੇ

06/24/2018 12:25:44 AM

ਗੁਰਦਾਸਪੁਰ,  (ਵਿਨੋਦ)- ਪੰਜਾਬ ’ਚ ਪੰਜ ਦਰਿਆਵਾਂ ਤੋਂ ਇਲਾਵਾ ਜੋ ਹੁਣ ਨਸ਼ੇ ਦਾ ਛੇਵਾਂ ਦਰਿਆ ਵੱਗਣਾ ਸ਼ੁਰੂ ਹੋਇਆ ਹੈ, ਉਹ ਇਕ ਚਿੰਤਾ ਦਾ ਵਿਸ਼ਾ ਹੈ। ਨਸ਼ੇ ਦੇ ਕਾਰੋਬਾਰ ਤੋਂ ਹੋਣ ਵਾਲੀ ਅਥਾਹ ਆਮਦਨ ਨਾਲ ਇਸ ’ਚ ਅਸਰ-ਰਸੂਖ ਵਾਲਿਅਾਂ ਦੀ ਸ਼ਾਮਲਤਾ ਦਿਨ ਪ੍ਰਤੀਦਿਨ ਵਧਦੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਜੁਰਮ-ਪੇਸ਼ਾ ਲੋਕ ਜਲਦੀ ਅਮੀਰ ਬਣਨ ਦੇ ਚੱਕਰ ’ਚ ਇਸ ਨਸ਼ੇ ਦੇ ਕਾਰੋਬਾਰ ਨੂੰ ਪਹਿਲ ਦੇਣ ਲੱਗੇ ਹਨ। 
 ਇਸ ਕਾਰੋਬਾਰ ਦੇ ਹੁਣ ਕੇਂਦਰ ਹਿਮਾਚਲ ਪ੍ਰਦੇਸ਼ ਦੇ ਦੋ ਬਦਨਾਮ ਪਿੰਡ ਬਣ ਗਏ ਹਨ ਜਿਥੇ 80  ਫੀਸਦੀ  ਪਰਿਵਾਰ ਹੈਰੋਇਨ ਤੇ ਸ਼ਰਾਬ ਦਾ ਨਾਜਾਇਜ਼ ਧੰਦਾ ਕਰ ਰਹੇ ਹਨ। ਹੌਲੀ-ਹੌਲੀ ਇਹ ਦੋਵੇਂ ਕਸਬੇ ਨਸ਼ੇਡ਼ੀਅਾਂ ਦੇ ਸਵਰਗ ਸਥਾਨ ਬਣਦੇ ਜਾ ਰਹੇ ਹਨ। ਇਨ੍ਹਾਂ ਦੋਵਾਂ ਕਸਬਿਆਂ ਵਿਚ ਮਹਿੰਗੀਅਾਂ ਤੋਂ ਮਹਿੰਗੀਅਾਂ ਕਾਰਾਂ ਖਡ਼੍ਹੀਅਾਂ ਦਿਖਾਈ ਦਿੰਦੀਆਂ ਹਨ, ਜੋ ਨਸ਼ਾ ਖਰੀਦਣ ਵਾਲੇ ਅਮੀਰ ਪਰਿਵਾਰਾਂ ਦੇ ਨੌਜਵਾਨਾਂ ਦੀਆਂ ਹੁੰਦੀਆਂ ਹਨ।
 ਕੀ ਕਹਿੰਦੇ ਹਨ ਰੈੱਡ ਕਰਾਸ  ਨਸ਼ਾ ਮੁਕਤੀ ਸੈਂਟਰ ਵਿਚ ਦਾਖ਼ਲ ਨੌਜਵਾਨ ਤੇ ਉਨ੍ਹਾਂ ਦੇ ਮਾਪੇ

 ਗੁਰਦਾਸਪੁਰ ਰੈੱਡ ਕਰਾਸ ਨਸ਼ਾ ਮੁਕਤੀ ਸੈਂਟਰ ’ਚ ਬਟਾਲਾ ਦੀ ਇਕ ਅੌਰਤ ਜੋ ਆਪਣੇ ਲਡ਼ਕੇ ਦਾ ਇਲਾਜ ਕਰਵਾ ਚੁੱਕੀ ਹੈ, ਨੇ ਦੱਸਿਆ ਕਿ ਨਸ਼ੇ ਦੀ ਲਤ ਕਰ ਕੇ ਉਸ ਦਾ ਇਕ ਲਡ਼ਕਾ ਦਮ ਤੋਡ਼ ਗਿਆ ਸੀ ਜਦਕਿ ਉਸ ਦਾ ਜਵਾਈ ਵੀ ਇਸ ਸੈਂਟਰ ਤੋਂ ਇਲਾਜ ਕਰਵਾ ਕੇ ਗਿਆ ਹੈ। ਮੇਰਾ ਜਵਾਈ ਇੰਜੀਨੀਅਰ ਸੀ ਪਰ ਨਸ਼ੇ  ਦੀ ਮਾੜੀ ਲਤ ਕਾਰਨ ਉਹ ਕਿਸੇ ਯੋਗ ਨਹੀਂ ਰਿਹਾ ਪਰ ਸੈਂਟਰ ਤੋਂ ਇਲਾਜ ਕਰਵਾਉਣ ਦੇ ਬਾਅਦ ਇਕ ਚੰਗੀ ਫਰਮ ’ਚ ਨੌਕਰੀ ਕਰ ਰਿਹਾ ਹੈ। ਉਕਤ ਅੌਰਤ  ਅਨੁਸਾਰ ਬਟਾਲਾ ਸ਼ਹਿਰ ਦੀ ਇਕ ਵਿਸ਼ੇਸ਼ ਕਾਲੋਨੀ ਨਸ਼ੇ ਦੇ ਨਾਜਾਇਜ਼ ਕਾਰੋਬਾਰ ਲਈ ਮਸ਼ਹੂਰ ਹੈ ਅਤੇ ਉਥੇ ਨਸ਼ੇ ਦੇ ਕਾਰੋਬਾਰ ਦੀ ਕਮਾਨ ਕਾਲੋਨੀ ’ਚ ਰਹਿਣ ਵਾਲੀਅਾਂ ਅੌਰਤਾਂ ਨੇ ਸੰਭਾਲ ਰੱਖੀ ਹੈ। ਪ੍ਰਸ਼ਾਸਨ ਸਾਰੀ ਜਾਣਕਾਰੀ ਹੋਣ ਦੇ ਬਾਵਜੂਦ  ਚੁੱਪ ਹੈ। ਇਸੇ ਤਰ੍ਹਾਂ ਇਕ ਹਾਸ ਕਲਾਕਾਰ ਜੋ ਕਿ ਟੈਲੀਵਿਜ਼ਨ ਚੈਨਲਾਂ ’ਤੇ ਕੰਮ ਕਰ ਚੁੱਕਾ ਹੈ ਅਤੇ ਉਸ ਦੀ ਸੀਡੀ ਵੀ ਮਾਰਕੀਟ ’ਚ ਆ ਚੁੱਕੀ ਹੈ ਪਰ ਦੋਸਤਾਂ ਦੇ ਚੱਕਰ ’ਚ ਪੈ ਕੇ ਹੁਣ ਨਸ਼ੇ ਦਾ  ਅਾਦੀ ਹੋਣ ਕਰ ਕੇ ਇਸ ਸੈਂਟਰ ’ਚੋਂ ਇਲਾਜ ਕਰਵਾ ਰਿਹਾ ਹੈ।    ਇਸੇ ਤਰ੍ਹਾਂ ਕਲਾਨੌਰ ਸ਼ਹਿਰ ਦੇ ਰਹਿਣ ਵਾਲੇ ਦੋ ਭਰਾ ਵੀ ਇਸ ਸੈਂਟਰ ਤੋਂ ਇਲਾਜ ਕਰਵਾ ਰਹੇ ਹਨ, ਜਿਸ ਅਨੁਸਾਰ ਉਹ ਬੀਤੇ ਤਿੰਨ ਸਾਲਾਂ ਤੋਂ ਲਗਭਗ 15 ਲੱਖ ਰੁਪਏ ਹੈਰੋਇਨ ਦੇ ਨਸ਼ਾ ਪੂਰਤੀ ’ਤੇ ਖਰਚ ਕਰ ਚੁੱਕੇ ਹਨ। ਹੁਣ ਉਨ੍ਹਾਂ ਨੇ ਵੀ ਹਿਮਾਚਲ ਪ੍ਰਦੇਸ਼ ਦੇ ਦੋ ਬਦਨਾਮ ਪਿੰਡਾਂ ਤੋਂ ਖੁਦ ਹੈਰੋਇਨ ਖਰੀਦ ਕੇ ਲਿਆਉਣੀ ਸ਼ੁਰੂ ਕੀਤੀ ਸੀ ਅਤੇ ਅੱਗੇ ਹੈਰੋਇਨ ਵੇਚ ਕੇ ਆਪਣੀ ਰਾਸ਼ੀ ਕੱਢ ਲੈਂਦੇ ਹਨ ਅਤੇ ਕੁਝ ਹਿੱਸਾ ਬਚਾਅ ਕੇ ਨਸ਼ਾ ਪੂਰਤੀ ਕਰਦੇ ਸਨ। ਦੋਵੇਂ ਭਰਾ ਹੈਰੋਇਨ ਨੂੰ ਸੁੰਘ ਕੇ ਅਤੇ ਇੰਜੈਕਸ਼ਨ ਲਾ ਕੇ ਨਸ਼ਾ ਪੂਰਤੀ ਕਰਦੇ ਹਨ ਪਰ ਹੁਣ ਉਹ ਤੌਬਾ ਕਰ ਰਹੇ ਹਨ। ਉਨ੍ਹਾਂ  ਅਨੁਸਾਰ ਇਨ੍ਹਾਂ ਪਿੰਡਾਂ ’ਚ ਲਗਭਗ 60  ਫੀਸਦੀ ਘਰਾਂ ਵਿਚ ਇਹ ਨਸ਼ਾ ਵੇਚਣ ਦਾ ਧੰਦਾ ਹੁੰਦਾ ਹੈ। ਅੌਰਤਾਂ ਘਰਾਂ ਦੇ ਬਾਹਰ ਖਡ਼੍ਹੇ ਹੋ ਕੇ ਗਾਹਕਾਂ ਨੂੰ ਆਵਾਜ਼ਾਂ ਲਾਉਂਦੀਆਂ ਹਨ ਜਦਕਿ ਘਰ ਦੇ ਅੰਦਰ ਮਰਦ ਇਹ ਹੈਰੋਇਨ ਤੋਲ ਕੇ ਗਾਹਕਾਂ ਨੂੰ ਦਿੰਦੇ ਹਨ।     ਜ਼ਿਲਾ ਪੁਲਸ ਪਠਾਨਕੋਟ ਦੇ ਪਿੰਡ ਜੋਗਰ ਨਿਵਾਸੀ ਇਕ ਨੌਜਵਾਨ ਜੋ ਇਸ ਸੈਂਟਰ ’ਚੋਂ ਇਲਾਜ ਕਰਵਾ ਰਿਹਾ ਹੈ, ਉਸ ਦਾ ਕਹਿਣਾ ਹੈ ਕਿ ਕਈ ਪਿੰਡਾਂ ’ਚ ਨਸ਼ਾ ਪੂਰਤੀ ਦਾ ਸਾਮਾਨ ਆਸਾਨੀ ਨਾਲ ਮਿਲ ਜਾਂਦਾ ਹੈ ਤੇ ਕਈ ਨੌਜਵਾਨ ਵੀ ਇਹ ਨਸ਼ਾ ਵੇਚਦੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਨੌਜਵਾਨ ਰਾਤ ਨੂੰ ਪੁਲਸ ਵਾਲਿਆਂ ਨਾਲ ਬੈਠ ਕੇ ਸ਼ਰਾਬ ਆਦਿ ਪੀਂਦੇ ਦਿਖਾਈ ਦਿੰਦੇ ਹਨ। ਇਕ ਡੀ. ਏ. ਵੀ. ਨਾਂ ਦਾ ਪੁਲਸ ਮੁਲਾਜ਼ਮ 8000 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਹੈਰੋਇਨ ਵੇਚਦਾ ਹੈ।    ਜੰਮੂ-ਕਸ਼ਮੀਰ ਦੇ ਸ਼ਹਿਰ ਕਠੂਆ ਦਾ ਇਕ ਨੌਜਵਾਨ ਜੋ ਸੈਂਟਰ ’ਚੋਂ ਇਲਾਜ ਕਰਵਾ ਰਿਹਾ ਹੈ, ਉਸ ਦਾ ਕਹਿਣਾ ਹੈ ਕਿ ਕਠੂਆ ਦੇ ਵਾਰਡ ਨੰਬਰ 12, 13, 14 ’ਚ ਰਹਿਣ ਵਾਲੇ 50 ਫੀਸਦੀ ਨੌਜਵਾਨ ਨਸ਼ਿਆਂ ਦੇ ਆਦੀ ਹਨ।  
 ਕੀ ਹਾਲਤ ਹੈ ਰੈੱਡ ਕਰਾਸ ਨਸ਼ਾ ਮੁਕਤੀ ਸੈਂਟਰ ਗੁਰਦਾਸਪੁਰ ਦੀ
 ਇਹ ਰੈੱਡ ਕਰਾਸ ਨਸ਼ਾ ਮੁਕਤੀ ਸੈਂਟਰ ਹੁਣ ਤੱਕ 25,346 ਨੌਜਵਾਨਾਂ ਨੂੰ ਦਾਖਲ ਕਰ ਕੇ ਇਲਾਜ ਕਰ ਚੁੱਕਾ ਹੈ ਜਦਕਿ 52,386 ਨੌਜਵਾਨਾਂ ਦਾ ਓ. ਪੀ. ਡੀ. ’ਚ ਇਲਾਜ ਕਰ ਚੁੱਕਾ ਹੈ। ਇਸ ਸੈਂਟਰ ਨੇ ਹੁਣ ਤੱਕ 67 ਅੌਰਤਾਂ ਨੂੰ ਵੀ ਦਾਖਲ ਕਰ ਕੇ ਇਲਾਜ ਕੀਤਾ   ਹੈ ਪਰ ਹੁਣ ਇਸ ਸੈਂਟਰ ’ਚ ਅੌਰਤਾਂ  ਲਈ ਵੱਖਰੀ ਵਾਰਡ ੳੁਪਲਬਧ ਨਹੀਂ ਹੈ। ਇਸ ਸੈਂਟਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ’ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤੀ ਦਿਵਾਉਣ ਦੇ ਨਾਲ-ਨਾਲ ਕਈ ਤਰ੍ਹਾਂ ਦੇ ਤਕਨੀਕੀ ਕੋਰਸ ਤੇ ਹੋਰ ਸਵੈ-ਰੋਜ਼ਗਾਰ ਸ਼ੁਰੂ ਕਰਨ ਵਾਲੇ ਕੋਰਸ ਵੀ ਕਰਵਾਏ ਜਾਂਦੇ ਹਨ। ਇਸ ਅਧੀਨ ਹੁਣ ਤੱਕ 683 ਟ੍ਰੇਨਿੰਗ ਕੈਂਪ ਆਯੋਜਿਤ ਕੀਤੇ ਗਏ ਹਨ। ਇਸ ਸੈਂਟਰ ’ਚ ਸੁੰਦਰ ਲਾਇਬ੍ਰੇਰੀ, ਯੋਗਾ ਰੂਮ, ਕੰਪਿਊਟਰ ਤੇ ਮੋਬਾਇਲ  ਰਿਪੇਅਰ ਟ੍ਰੇਨਿੰਗ ਵਰਕਸ਼ਾਪ ਆਦਿ ਦਾ ਵੀ ਪ੍ਰਬੰਧ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਇਸ ਸੈਂਟਰ ’ਚ ਇਕ ਵੀ ਸੁਵਿਧਾ ਮੁਹੱਈਆ ਨਹੀਂ ਕਰਵਾ ਰਹੀ। ਕੇਂਦਰ ਸਰਕਾਰ ਦੀ ਮਾਮੂਲੀ ਮਦਦ ’ਤੇ ਇਹ ਸੈਂਟਰ ਚੱਲ ਰਿਹਾ ਹੈ। 


ਕੀ ਕਹਿੰਦੇ ਹਨ ਇਸ ਸੈਂਟਰ ਦੇ ਪ੍ਰਾਜੈਕਟ ਡਾਇਰੈਕਟਰ ਰਾਸ਼ਟਰ ਅੈਵਾਰਡੀ ਰਮੇਸ਼ ਮਹਾਜਨ
  ਇਸ ਸੈਂਟਰ ਦੇ ਪ੍ਰਾਜੈਕਟ ਡਾਇਰੈਕਟਰ ਰਮੇਸ਼ ਮਹਾਜਨ ਅਨੁਸਾਰ ਸੈਂਟਰ ਦੀ ਸਮਰੱਥਾ ਅਜੇ 30 ਬੈੱਡ ਦੀ ਹੈ ਜਦਕਿ ਇਸ ਸੈਂਟਰ ’ਚ ਹਰ ਸਮੇਂ 40 ਤੋਂ ਜ਼ਿਆਦਾ ਨੌਜਵਾਨ ਦਾਖਲ ਰਹਿੰਦੇ ਹਨ। ਮੈਂ ਬੀਤੇ ਕਈ ਸਾਲਾਂ ਤੋਂ ਇਸ ਸੈਂਟਰ ਦੀ ਜਗ੍ਹਾ ਵਧਾ ਕੇ 50 ਬੈੱਡ ਕਰਨ  ਲਈ ਲਿਖ ਰਿਹਾ ਹਾਂ ਪਰ ਨਾ ਤਾਂ ਕੇਂਦਰ ਅਤੇ ਨਾ ਹੀ ਪੰਜਾਬ ਸਰਕਾਰ ਇਸ ਸਬੰਧੀ ਗੰਭੀਰ ਹੈ। ਨਸ਼ਿਆਂ ਤੋਂ ਮੁਕਤੀ ਪਾਉਣ ਲਈ ਆਉਣ ਵਾਲੇ ਨੌਜਵਾਨਾਂ ਤੋਂ ਜਿਹਡ਼ੀ ਜਾਣਕਾਰੀ ਮਿਲਦੀ ਹੈ, ਉਹ ਪੁਲਸ ਨੂੰ ਵੀ ਦਿੱਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਨਾ ਤਾਂ ਪੰਜਾਬ ਅਤੇ ਨਾ ਹੀ ਹਿਮਾਚਲ ਪ੍ਰਦੇਸ਼ ਦੀ ਪੁਲਸ ਕੋਈ ਕਾਰਵਾਈ ਕਰਦੀ ਹੈ, ਜਿਸ  ਕਾਰਨ ਅਸੀਂ ਅਾਪਣਾ ਟੀਚਾ ਪੂਰਾ ਨਹੀਂ ਕਰ ਪਾ ਰਹੇ। ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕਰਨ  ਲਈ 1449 ਜਾਗਰੂਕਤਾ ਕੈਂਪ ਆਯੋਜਿਤ ਕੀਤੇ ਜਾ ਚੁੱਕੇ ਹਨ ਅਤੇ 947 ਨੌਕਰੀਆਂ ਉਪਲਬਧ ਕਰਵਾਉਣ ਵਾਲੇ ਕੈਂਪ ਵੀ ਆਯੋਜਿਤ ਕੀਤੇ ਜਾ ਚੁੱਕੇ ਹਨ।   ਉਨ੍ਹਾਂ ਦੱਸਿਆ ਕਿ ਨਸ਼ਿਆਂ ਸਬੰਧੀ ਬਹੁਤ ਗੱਲਾਂ ਜੋ ਸਾਹਮਣੇ ਆਈਅਾਂ ਹਨ, ਉਹ  ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਕਾਰਨ ਲਗਭਗ 40  ਫੀਸਦੀ ਨੌਜਵਾਨ ਅੌਲਾਦ ਪੈਦਾ ਕਰਨ ਦੇ ਕਾਬਲ ਨਹੀਂ ਰਹਿੰਦੇ।  ਕਈ ਲੋਕ ਅਾਪਣੇ ਲਡ਼ਕੇ ਦਾ ਵਿਆਹ ਇਹ ਸੋਚ ਕੇ ਕਰ ਦਿੰਦੇ ਹਨ ਕਿ ਵਿਆਹ ਤੋਂ ਬਾਅਦ ਠੀਕ ਹੋ ਜਾਵੇਗਾ ਅਤੇ ਨਸ਼ਿਆਂ ਦੀ ਆਦਤ ਦੀ ਗੱਲ  ਛੁਪਾਈ ਜਾਂਦੀ ਹੈ, ਜੋ ਬਾਅਦ ’ਚ ਕਈ ਤਰ੍ਹਾਂ ਦੀਅਾਂ ਮੁਸ਼ਕਲਾਂ ਪੈਦਾ ਕਰਦੀ ਹੈ।