ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਗ੍ਰਿਫਤਾਰ

11/19/2017 4:50:54 AM

ਅੰਮ੍ਰਿਤਸਰ,   (ਸੰਜੀਵ)-  ਜ਼ਿਲਾ ਪੁਲਸ ਨੇ ਵੱਖ-ਵੱਖ ਖੇਤਰਾਂ 'ਚ ਕੀਤੀ ਗਈ ਛਾਪੇਮਾਰੀ ਦੌਰਾਨ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਦੇ ਦੋਸ਼ ਵਿਚ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿਚ ਥਾਣਾ ਸਦਰ ਦੀ ਪੁਲਸ ਨੇ ਪ੍ਰਦੀਪ ਕੁਮਾਰ ਨਿਵਾਸੀ ਨਵਾਂ ਕੋਟ ਤੇ ਨਿਤਿਨ ਕੁਮਾਰ ਨਿਵਾਸੀ ਗ੍ਰੀਨ ਫੀਲਡ ਤੋਂ 4300 ਨਸ਼ੀਲੇ ਕੈਪਸੂਲ, 400 ਨਸ਼ੀਲੀਆਂ ਗੋਲੀਆਂ ਅਤੇ 500 ਨਸ਼ੀਲੇ ਟੀਕੇ ਬਰਾਮਦ ਕੀਤੇ। ਥਾਣਾ ਮਕਬੂਲਪੁਰਾ ਦੀ ਪੁਲਸ ਨੇ ਰਣਜੀਤ ਸਿੰਘ ਨਿਵਾਸੀ ਮਕਬੂਲਪੁਰਾ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ ਹੈਰੋਇਨ ਲੱਗੀ ਪੰਨੀ ਤੇ ਲਾਈਟਰ ਬਰਾਮਦ ਕੀਤਾ। ਇਸੇ ਤਰ੍ਹਾਂ ਥਾਣਾ ਮਜੀਠਾ ਦੀ ਪੁਲਸ ਨੇ ਨਿਰਮਲ ਸਿੰਘ ਨਿਵਾਸੀ ਮਰੜੀ ਖੁਰਦ ਤੋਂ 15 ਬੋਤਲਾਂ ਸ਼ਰਾਬ ਤੇ ਪ੍ਰੇਮ ਸਿੰਘ ਨਿਵਾਸੀ ਭੰਗਾਲੀ ਕਲਾਂ ਤੋਂ 15 ਬੋਤਲਾ ਸ਼ਰਾਬ ਬਰਾਮਦ ਕੀਤੀ। ਪੁਲਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਰ ਦੇ ਤਾਲੇ ਤੋੜ ਕੇ ਸਾਮਾਨ ਚੋਰੀ - ਘਰ ਦੇ ਤਾਲੇ ਤੋੜ ਕੇ ਸਾਮਾਨ ਚੋਰੀ ਕਰ ਕੇ ਲਿਜਾਣ ਦੇ ਦੋਸ਼ 'ਚ ਥਾਣਾ ਜੰਡਿਆਲਾ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਮਲੂਕ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਮੋਰੀ ਗੇਟ ਜੰਡਿਆਲਾ ਵਿਖੇ ਰਹਿੰਦਾ ਹੈ ਅਤੇ ਉਸ ਨੇ ਬਾਬਾ ਘੋੜੇ ਸ਼ਾਹ ਰੋਡ 'ਤੇ ਇਕ ਕੋਠੀ ਖਰੀਦੀ ਸੀ, ਘਰੇਲੂ ਕੰਮਕਾਜ 'ਚ ਰੁਝੇ ਹੋਣ ਕਾਰਨ ਉਹ ਕੋਠੀ ਨਹੀਂ ਜਾ ਸਕਿਆ। ਅੱਜ ਜਦੋਂ ਉਹ ਆਪਣੇ ਮੁੰਡੇ ਜਸਕਰਨ ਸਿੰਘ ਨਾਲ ਕੋਠੀ ਗਿਆ ਤਾਂ ਉਸ ਨੇ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹਨ ਤੇ ਅਣਪਛਾਤੇ ਵਿਅਕਤੀ ਅੰਦਰ ਪਿਆ ਸਾਰਾ ਸਾਮਾਨ ਚੋਰੀ ਕਰ ਕੇ ਲਿਜਾ ਚੁੱਕੇ ਸਨ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਮਲਾ ਕਰ ਕੇ ਕੀਤਾ ਜ਼ਖਮੀ - ਹਮਲਾ ਕਰ ਕੇ ਜ਼ਖਮੀ ਕਰਨ ਦੇ ਦੋਸ਼ 'ਚ ਥਾਣਾ ਬਿਆਸ ਦੀ ਪੁਲਸ ਨੇ ਅਮਨਦੀਪ ਸਿੰਘ, ਬਲਬੀਰ ਸਿੰਘ, ਜਗਤਾਰ ਸਿੰਘ, ਕੁਲਵੰਤ ਕੌਰ ਤੇ ਭੋਲੀ ਨਿਵਾਸੀ ਦੌਲੋਨੰਗਲ ਵਿਰੁੱਧ ਕੇਸ ਦਰਜ ਕੀਤਾ ਹੈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਗੱਡੀ ਖਾਲੀ ਕਰ ਕੇ ਅੰਮ੍ਰਿਤਸਰ ਤੋਂ ਜਦੋਂ ਵਾਪਸ ਘਰ ਪਰਤਿਆ ਅਤੇ ਗਲੀ ਤੋਂ ਨਿਕਲ ਰਿਹਾ ਸੀ ਤਾਂ ਉਕਤ ਮੁਲਜ਼ਮਾਂ ਨੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।