ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਕਰਵਾਇਆ ਨਾਟਕ ਮੇਲਾ

07/24/2018 7:22:27 PM

ਨਾਭਾ (ਜਗਨਾਰ) : ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਵਿਸ਼ੇ ਤਹਿਤ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਸੈਮੀਨਾਰ ਕਰਵਾਏ ਜਾ ਰਹੇ ਹਨ ਅਤੇ ਅਜਿਹਾ ਹੀ ਨਾਟਕ ਮੇਲਾ ਅੱਜ ਪੰਜਾਬ ਪੁਲਸ ਵੱਲੋਂ ਡੀ.ਐਸ.ਪੀ. ਦਵਿੰਦਰ ਅੱਤਰੀ ਦੀ ਅਗਵਾਈ ਵਿਚ ਨੇੜਲੇ ਪਿੰਡ ਕਕਰਾਲਾ ਵਿਖੇ ਕਰਵਾਇਆ ਗਿਆ, ਜਿਸ ਵਿਚ ਐੱਸ.ਡੀ.ਐਮ. ਕਾਲਾ ਰਾਮ ਕਾਂਸਲ, ਐੱਸ.ਐੱਚ.ਓ. ਬਿੱਕਰ ਸਿੰਘ ਸੋਹੀ, ਚੌਂਕੀ ਇੰਚ. ਛੀਟਾਂਵਾਲਾ ਥਾਣੇਦਾਰ ਮੋਹਨ ਸਿੰਘ ਤੋਂ ਇਲਾਵਾ ਹਲਕੇ ਦੇ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਟੀਮ ਵੱਲੋਂ ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਨਾਟਕ ਰਾਹੀਂ ਸੁਨੇਹਾ ਦਿੱਤਾ ਗਿਆ ਕਿ ਉਹ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਨਾ ਕਹਿਣ ਅਤੇ ਵਧੀਆ ਜ਼ਿੰਦਗੀ ਜਿਊਣ ਲਈ ਜ਼ਿੰਦਗੀ ਨੂੰ ਹਾਂ ਕਹਿਣ, ਕਿਉਂਕਿ ਜੋ ਅੱਜ ਦਾ ਨੌਜਵਾਨ ਹੀ ਦੇਸ਼ ਦਾ ਭਵਿੱਖ ਹੈ। ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਐੱਸ.ਡੀ.ਐੱਮ.ਕਾਲਾ ਰਾਮ ਕਾਂਸਲ ਅਤੇ ਡੀ.ਐਸ.ਪੀ. ਦਵਿੰਦਰ ਅੱਤਰੀ ਨੇ ਕਿਹਾ ਕਿ ਪੁਲਸ ਵੱਲੋਂ ਨਸ਼ੇੜੀਆਂ ਨੂੰ ਫੜਨ ਲਈ ਜੋ ਮੁਹਿੰਮ ਵਿੱਢੀ ਗਈ ਹੈ ਉਸ ਵਿਚ ਪਿੰਡ ਦੀਆਂ ਪੰਚਾਇਤਾਂ ਤੇ ਮੋਹਤਵਰ ਵਿਅਕਤੀਆਂ ਨੂੰ ਪੁਲਸ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਨਸ਼ੇ ਦੀ ਲਾਹਨਤ ਨੂੰ ਜੜੋਂ ਖਤਮ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਛੱਡ ਕੇ ਵਧੀਆ ਜ਼ਿੰਦਗੀ ਜਿਊਣਾ ਚਾਹੁੰਦਾ ਹੈ ਤਾਂ ਪੁਲਸ ਪ੍ਰਸ਼ਾਸਨ ਉਸ ਦਾ ਇਲਾਜ ਕਰਵਾਏਗਾ ਅਤੇ ਹਰ ਤਰ੍ਹਾਂ ਦੀ ਮੱਦਦ ਕਰੇਗਾ। ਇਸ ਕਰਕੇ ਜੇਕਰ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਸਬੰਧਤ ਥਾਣਿਆਂ ਦੇ ਇੰਚਾਰਜਾਂ ਨਾਲ ਸੰਪਰਕ ਕਰ ਸਕਦਾ ਹੈ। ਇਲਾਕੇ ਦੀਆਂ ਸਮੂਹ ਪੰਚਾਇਤਾਂ ਵੱਲੋਂ ਪੰਜਾਬ ਪੁਲਸ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਉਹ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਪ੍ਰਸ਼ਾਸਨ ਦਾ ਪੂਰਾ ਸਾਥ ਦੇਣਗੇ।