ਬਿਨਾਂ ਨਿਯਮਾਂ ਦੇ ਸੜਕਾਂ ''ਤੇ ਚੱਲ ਰਹੀਆਂ ਸਕੂਲੀ ਬੱਸਾਂ ''ਤੇ ਚੱਲਿਆ ਟ੍ਰੈਫਿਕ ਪੁਲਸ ਦਾ ਡੰਡਾ

08/20/2017 7:48:36 AM

ਕਪੂਰਥਲਾ, (ਭੂਸ਼ਣ)- ਸੂਬੇ ਵਿਚ ਸਕੂਲੀ ਬੱਚਿਆਂ ਦੇ ਲਗਾਤਾਰ ਵਧ ਰਹੇ ਹਾਦਸਿਆਂ ਨੂੰ ਵੇਖਦੇ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਸ ਨੂੰ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਵੇਖਦੇ ਹੋਏ ਸ਼ਨੀਵਾਰ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਅਤੇ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਟ੍ਰੈਫਿਕ ਪੁਲਸ ਕਪੂਰਥਲਾ ਨੇ ਵੱਡੇ ਪੱਧਰ 'ਤੇ ਮੁਹਿੰਮ ਚਲਾਉਂਦੇ ਹੋਏ 11 ਸਕੂਲੀ ਬੱਸਾਂ ਦੇ ਚਲਾਨ ਕੱਟੇ, ਜੋ ਜ਼ਰੂਰੀ ਨਿਯਮਾਂ ਦੇ ਬਿਨਾਂ ਸੜਕਾਂ 'ਤੇ ਚੱਲ ਰਹੀਆਂ ਸਨ।   
ਹਾਈਕੋਰਟ ਨੇ ਲਿਆ ਸੀ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਸਖਤ ਸਟੈਂਡ- ਬੀਤੇ ਕੁਝ ਸਾਲਾਂ ਦੇ ਦੌਰਾਨ ਸੂਬੇ ਵਿਚ ਤੇਜ਼ ਰਫਤਾਰ ਸਕੂਲੀ ਬੱਸਾਂ ਅਤੇ ਨਿਯਮਾਂ ਦੇ ਬਿਨਾਂ ਚੱਲ ਰਹੀਆਂ ਸਕੂਲੀ ਬੱਸਾਂ ਦੇ ਕਾਰਨ ਹੋਏ ਸੜਕ ਹਾਦਸਿਆਂ ਵਿਚ ਕਈ ਸਕੂਲੀ ਬੱਚਿਆਂ ਦੇ ਮੌਤ ਦੇ ਮਾਮਲੇ ਨੂੰ ਵੇਖਦੇ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਸਟੈਂਡ ਲੈਂਦੇ ਹੋਏ ਸਾਰੇ ਸਕੂਲੀ ਬੱਚਿਆਂ ਦੀ ਸੁਰੱਖਿਆ ਨਿਯਮ ਨਿਸ਼ਚਿਤ ਕਰਦੇ ਹੋਏ ਇਸ ਦੀ ਪਾਲਣਾ ਲਈ ਪੰਜਾਬ ਪੁਲਸ ਨੂੰ ਸਖਤ ਹੁਕਮ ਜਾਰੀ ਕੀਤੇ ਸਨ ਤਾਂਕਿ ਅਜਿਹੇ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ।   
ਮੁੱਖ ਪੁਆਇੰਟਾਂ 'ਤੇ ਨਾਕਾਬੰਦੀ ਕਰਕੇ 11 ਸਕੂਲੀ ਬੱਸਾਂ ਦੇ ਖਿਲਾਫ ਕੀਤੀ ਕਾਰਵਾਈ- ਟ੍ਰੈਫਿਕ ਪੁਲਸ ਕਪੂਰਥਲਾ ਦੇ ਇੰਚਾਰਜ ਦਰਸ਼ਨ ਲਾਲ ਸ਼ਰਮਾ ਨੇ ਆਪਣੀ ਟੀਮ ਦੇ ਨਾਲ ਡੀ. ਸੀ. ਚੌਕ , ਜਲੰਧਰ ਮਾਰਗ, ਕਰਤਾਰਪੁਰ ਮਾਰਗ, ਬੱਸ ਸਟੈਂਡ ਖੇਤਰ, ਮਾਲ ਰੋਡ ਤੇ ਸੁਲਤਾਨੁਪਰ ਲੋਧੀ ਮਾਰਗ 'ਤੇ ਵੱਡੇ ਪੱਧਰ 'ਤੇ ਨਾਕਾਬੰਦੀ ਕਰਕੇ ਬਿਨਾਂ ਬੈਲਟ ਦੇ ਗੱਡੀ ਚਲਾਉਣ, ਸੀ. ਸੀ. ਟੀ. ਵੀ. ਕੈਮਰੇ ਦੇ ਬਿਨਾਂ ਬੱਸ ਚਲਾਉਣ ਤੇ ਅਗਨੀ ਰੋਕੋ ਯੰਤਰਾਂ ਦੇ ਬਿਨਾਂ ਸੜਕਾਂ 'ਤੇ ਸਕੂਲੀ ਬੱਸਾਂ ਚਲਾਉਣ ਨੂੰ ਲੈ ਕੇ 11 ਸਕੂਲੀ ਬੱਸਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਚਲਾਨ ਕੱਟੇ।  ਜਿਸਦੇ ਦੌਰਾਨ ਟ੍ਰੈਫਿਕ ਪੁਲਸ ਨੇ ਬਿਨਾਂ ਕਾਗਜ਼ਾਂ ਦੇ ਚੱਲ ਰਹੇ 65 ਹੋਰ ਵਾਹਨਾਂ ਦੇ ਚਲਾਨ ਕੱਟੇ ।  
ਆਉਣ ਵਾਲੇ ਦਿਨਾਂ 'ਚ ਵੀ ਚੱਲਦੀ ਰਹੇਗੀ ਮੁਹਿੰਮ- ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਹਾਈਕੋਰਟ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਵਾਉਣ ਦੇ ਮਕਸਦ ਨਾਲ ਟ੍ਰੈਫਿਕ ਪੁਲਸ ਦੀ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਵੀ ਜ਼ਿਲਾ ਭਰ 'ਚ ਜਾਰੀ ਰਹੇਗੀ। ਜਿਸ ਨੂੰ ਲੈ ਕੇ ਉਚ ਪੁਲਸ ਅਫਸਰਾਂ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।