ਘਰ ਬੈਠੇ ਹੀ ਅਪਲਾਈ ਕੀਤਾ ਜਾ ਸਕਦੈ ਡਰਾਈਵਿੰਗ ਲਾਇਸੰਸ

07/25/2017 4:10:22 AM

ਅੰਮ੍ਰਿਤਸਰ,  (ਜ.ਬ)-  ਟ੍ਰਾਂਸਪੋਰਟ ਵਿਭਾਗ ਵਿਚ ਡਰਾਈਵਿੰਗ ਲਾਇਸੰਸ ਅਤੇ ਆਰ. ਸੀ. ਬਣਾਉਣਾ ਹੁਣ ਆਸਾਨ ਹੋ ਗਿਆ ਹੈ। ਨਵੇਂ ਵਾਹਨਾਂ ਦੀ ਆਰ. ਸੀ. ਤਾਂ ਪਹਿਲਾਂ ਹੀ ਆਟੋ ਮੋਬਾਇਲ ਏਜੰਸੀਆਂ ਵੱਲੋਂ ਬਣਾਈ ਜਾ ਰਹੀ ਸੀ ਪਰ ਹੁਣ ਘਰ ਬੈਠੇ ਹੀ ਡਰਾਈਵਿੰਗ ਲਾਇਸੰਸ ਵੀ ਅਪਲਾਈ ਕੀਤਾ ਜਾ ਸਕਦਾ ਹੈ।
ਜਾਣਕਾਰੀ ਅਨੁਸਾਰ ਅੱਜ ਐੱਨ. ਆਈ. ਸੀ. (ਨੈਸ਼ਨਲ ਇਨਫੋਰਮੇਟਿਕ ਸੈਂਟਰ) ਦੀ ਟੀਮ ਵੱਲੋਂ ਡੀ. ਟੀ. ਓ. ਕਨਵਲਜੀਤ ਸਿੰਘ ਦੀ ਅਗਵਾਈ ਵਿਚ ਡੀ. ਟੀ. ਓ. ਦਫਤਰ ਅਤੇ ਐੱਸ. ਡੀ. ਐੱਮ. ਦਫਤਰਾਂ ਦੇ ਸਟਾਫ ਨੂੰ ਵੈੱਬ ਸਾਰਥੀ ਅਤੇ ਵੈੱਬ ਵਾਹਨ 4.0 ਦੇ ਨਵੇਂ ਵਰਜਨ ਦੀ ਜਾਣਕਾਰੀ ਦਿੱਤੀ ਗਈ ਅਤੇ ਇਸ ਨੂੰ ਡੀਲ ਕਰਨ ਦੀ ਟ੍ਰੇਨਿੰਗ ਵੀ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਦੀ ਵੈੱਬਸਾਈਟ 'ਤੇ ਵੈੱਬ ਸਾਰਥੀ 4.0 ਦੇ ਤਹਿਤ ਡਰਾਈਵਿੰਗ ਲਾਇਸੰਸ ਬਣਾਉਣ ਲਈ ਅਰਜ਼ੀ ਸਬੰਧੀ ਸਾਰੇ ਦਸਤਾਵੇਜ਼ਾਂ ਨੂੰ ਕੋਈ ਵੀ ਵਿਅਕਤੀ ਆਪਣੇ ਘਰ ਬੈਠੇ ਜਾਂ ਆਫਿਸ ਵਿਚ ਬੈਠ ਕੇ ਡਾਊਨਲੋਡ ਕਰ ਸਕਦਾ ਹੈ ਅਤੇ ਇਸ ਦੇ ਬਾਅਦ ਆਪਣੇ ਡਰਾਈਵਿੰਗ ਲਾਇਸੰਸ ਸਬੰਧੀ ਫਾਰਮੈਲਟੀਜ਼ ਜਿਵੇਂ ਆਈ.ਡੀ. ਪਰੂਫ਼, ਮੈਡੀਕਲ ਸਰਟੀਫਿਕੇਟ ਆਦਿ ਲਗਾ ਕੇ ਅਪਲਾਈ ਕਰ ਸਕਦਾ ਹੈ ਜਿਸ ਦੇ ਬਾਅਦ ਉਸ ਨੂੰ ਇਕ ਕੋਡ ਨੰਬਰ ਦਿੱਤਾ ਜਾਵੇਗਾ ਅਤੇ ਇਸ ਕੋਡ ਨੰਬਰ ਨੂੰ ਲੈ ਕੇ ਸੰਬੰਧਿਤ ਵਿਅਕਤੀ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਉਤੇ ਜਾਵੇਗਾ ਜਿਥੇ ਡੀਲਿੰਗ ਹੈਂਡ ਸੀਟ ਉਤੇ ਬੈਠਣ ਵਾਲੇ ਸਟਾਫ ਦੇ ਕੋਲ ਵੀ ਉਸੇ ਕੋਡ ਦੀ ਇਕ ਹੋਰ ਕਾਪੀ ਹੋਵੇਗੀ ਉਥੇ ਹੀ ਉਸ ਦਾ ਡਰਾਈਵਿੰਗ ਟੈਸਟ ਲਿਆ ਜਾਵੇਗਾ ਅਤੇ ਡਰਾਈਵਿੰਗ ਲਾਇਸੰਸ ਬਣ ਜਾਵੇਗਾ।  ਡਰਾਈਵਿੰਗ ਲਾਇਸੰਸ ਬਣਾਉਣ ਵਾਲੇ ਲੋਕਾਂ ਨੂੰ ਡੀ.ਟੀ.ਓ. ਦਫਤਰ ਜਾਂ ਫਿਰ ਐੱਸ.ਡੀ.ਐੱਮ. ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। 
ਇਸ ਤਰ੍ਹਾਂ ਵੈੱਬ ਵਾਹਨ 4.0 ਦੇ ਨਵੇਂ ਵਰਜਨ ਵਿਚ ਵਾਹਨਾਂ ਦਾ ਸਾਰਾ ਰਿਕਾਰਡ ਪੂਰੇ ਦੇਸ਼ ਵਿਚ ਆਨਲਾਈਨ ਕੀਤਾ ਜਾ ਰਿਹਾ ਹੈ ਜਿਸ ਕਾਰਨ ਕਿਸੇ ਵੀ ਰਾਜ ਤੋਂ ਕਿਸੇ ਹੋਰ ਰਾਜ ਦੇ ਨੰਬਰ ਦੀ ਗੱਡੀ ਦਾ ਸਾਰਾ ਰਿਕਾਰਡ ਵੇਖਿਆ ਜਾ ਸਕਦਾ ਹੈ। ਨੈਸ਼ਨਲ ਇਨਫੋਰਮੇਟਿਕ ਸੈਂਟਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਾਹਨ 4.0 ਲਾਂਚ ਹੋਣ ਵਲੋਂ ਸਾਰੇ ਆਰ. ਟੀ. ਓ. ਨੂੰ ਵੀ ਵਾਹਨਾਂ ਦੀ ਚੈਕਿੰਗ ਕਰਨ ਵਿਚ ਮਦਦ ਮਿਲੇਗੀ ਕਿਸੇ ਹੋਰ ਜ਼ਿਲੇ ਜਾਂ ਰਾਜ ਦੀ ਗੱਡੀ ਦਾ ਰਿਕਾਰਡ ਵੇਖਿਆ ਜਾ ਸਕਦਾ ਹੈ ਅਤੇ ਉਸੇ ਹਿਸਾਬ ਨਾਲ ਚਲਾਨ ਵੀ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਪੁਲਸ ਨੂੰ ਵੀ ਇਸ ਨਵੇਂ ਵੈੱਬ ਵਰਜਨ ਤੋਂ ਕਾਫ਼ੀ ਮਦਦ ਮਿਲੇਗੀ। ਚੋਰੀ ਦੇ ਵਾਹਨ ਨੂੰ ਫੜਨ ਵਿਚ ਕਾਫ਼ੀ ਸਹੂਲਤ ਰਹੇਗੀ। ਇਸ ਦੇ ਇਲਾਵਾ ਕਿਸੇ ਵੀ ਗੱਡੀ ਦਾ ਨੰਬਰ ਅਤੇ ਉਸ ਦਾ ਰਿਕਾਰਡ ਤਲਾਸ਼ਣ ਵਿਚ ਨਵਾਂ ਵੈੱਬ 4.0 ਮਦਦਗਾਰ ਸਾਬਤ ਹੋਵੇਗਾ। 
ਆਟੋਮੋਬਾਇਲ ਏਜੰਸੀਆਂ ਵਲੋਂ ਬਣਾਈ ਜਾ ਰਹੀ ਹੈ ਆਰ.ਸੀ.
ਟ੍ਰਾਂਸਪੋਰਟ ਵਿਭਾਗ ਵਿਚ ਪਿਛਲੇ ਕੁੱਝ ਸਾਲਾਂ ਤੋਂ ਕਾਫ਼ੀ ਕ੍ਰਾਂਤੀਵਾਦੀ ਬਦਲਾਅ ਹੋਏ ਹਨ ਅਤੇ ਹੌਲੀ-ਹੌਲੀ ਸਾਰੇ ਕੰਮ ਆਨਲਾਈਨ ਕੀਤੇ ਜਾ ਰਹੇ ਹਨ। ਵਾਹਨਾਂ ਦੀ ਆਰ.ਸੀ. ਪਹਿਲਾਂ ਡੀ.ਟੀ.ਓ. ਦਫਤਰਾਂ ਵਿਚ ਅਪਲਾਈ ਕਰਨ ਦੇ ਬਾਅਦ ਬਣਾਈ ਜਾਂਦੀ ਸੀ ਪਰ ਸਾਲ 2012 ਦੇ ਬਾਅਦ ਆਟੋਮੋਬਾਇਲ ਏਜੰਸੀਆਂ ਨੂੰ ਆਰ.ਸੀ. ਬਣਾਉਣ ਦੇ ਅਧਿਕਾਰ ਦੇ ਦਿੱਤੇ ਗਏ।   ਇਹ ਸਾਰਾ ਕੰਮ ਵੈੱਬ 1.0 ਵਿੱਚ ਕੀਤਾ ਜਾਂਦਾ ਸੀ ਪਰ ਹੁਣ ਵੈੱਬ 4.0 ਸ਼ੁਰੂ ਹੋਣ ਨਾਲ ਏਜੰਸੀਆਂ ਦਾ ਮੈਨੂਅਲ ਕੰਮ ਵੀ ਖਤਮ ਹੋ ਜਾਵੇਗਾ। ਮੈਨੂਫੈਕਚਰਿੰਗ ਕੰਪਨੀਆਂ ਵੱਲੋਂ ਜਿੰਨੀਆਂ ਵੀ ਗੱਡੀਆਂ ਏਜੰਸੀਆਂ ਨੂੰ ਭੇਜੀਆਂ ਜਾਣਗੀਆਂ ਉਸ ਵਿਚ ਉਹੀ ਗੱਡੀਆਂ ਵੇਚੀਆਂ ਜਾ ਸਕਣਗੀਆਂ ਜਿਨ੍ਹਾਂ ਦਾ ਇੰਜਨ ਨੰਬਰ ਅਤੇ ਚੈਸੀ ਨੰਬਰ ਲਿਖਿਆ ਹੋਵੇਗਾ। 
ਖਤਮ ਹੋਵੇਗਾ ਜਾਅਲੀ ਡਰਾਈਵਿੰਗ ਲਾਇਸੰਸਾਂ ਦਾ ਘਾਲਾਮਾਲਾ
ਕਦੇ ਜ਼ਮਾਨਾ ਸੀ ਕਿ ਡੀ.ਟੀ.ਓ. ਦਫਤਰ ਅਤੇ ਜ਼ਿਲਾ ਕਚਹਿਰੀ ਵਿਚ ਦਰਜਨਾਂ ਕੇਸ ਫੜੇ ਗਏ ਜਿਸ ਵਿਚ ਕਿਸੇ ਵਿਅਕਤੀ ਵੱਲੋਂ ਜਾਅਲੀ ਡਰਾਈਵਿੰਗ ਲਾਇਸੰਸ ਬਣਾਇਆ ਗਿਆ। ਕਈ ਵੱਡੇ ਮਾਮਲੇ ਵੀ ਸਾਹਮਣੇ ਆਏ ਜਿਸ ਵਿਚ ਵਾਹਨਾਂ ਦੀ ਆਰ.ਸੀ. ਤੋਂ ਲੈ ਕੇ ਡਰਾਈਵਿੰਗ ਲਾਇਸੰਸ ਸਭ ਕੁੱਝ ਜਾਅਲੀ ਹੁੰਦਾ ਸੀ। ਡਿਊਟੀ ਕਲਰਕ ਤੋਂ ਲੈ ਕੇ ਡੀ.ਟੀ.ਓ. ਤੱਕ ਦੇ ਸਾਇਨ ਜਾਅਲੀ ਕੀਤੇ ਜਾਂਦੇ ਸਨ ਪਰ ਵੈੱਬ 4.0 ਵਿਚ ਇਸ ਤਰ੍ਹਾਂ ਦੇ ਕਿਸੇ ਵੀ ਘਪਲੇ ਦਾ ਸ਼ੱਕ ਬਿਲਕੁੱਲ ਜ਼ੀਰੋ ਰਹਿ ਜਾਵੇਗਾ। 
ਚਾਰ ਜ਼ਿਲਿਆਂ ਵਿਚ ਸਫਲਤਾ ਨਾਲ ਚੱਲ ਰਿਹਾ ਹੈ ਪ੍ਰਾਜੈਕਟ :
ਡੀ.ਟੀ.ਓ. ਕਨਵਲਜੀਤ ਸਿੰਘ ਨੇ ਦੱਸਿਆ ਕਿ ਇਹ ਪ੍ਰਾਜੈਕਟ ਪਹਿਲਾਂ ਹੀ ਸਰਕਾਰ ਵੱਲੋਂ ਚਾਰ ਜ਼ਿਲਿਆਂ ਵਿਚ ਚਲਾਇਆ ਜਾ ਰਿਹਾ ਹੈ ਅਤੇ ਕਾਫ਼ੀ ਸਫਲਤਾ ਨਾਲ ਚਲ ਰਿਹਾ ਹੈ ਹੁਣ ਪੂਰੇ ਪੰਜਾਬ ਵਿਚ ਇਸ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਪ੍ਰਾਜੈਕਟ ਮੋਹਾਲੀ, ਫਤਿਹਗੜ੍ਹ ਸਾਹਿਬ, ਬਠਿੰਡਾ ਅਤੇ ਪਟਿਆਲਾ ਵਿਚ ਚਲਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਇਸ ਦਾ ਕਾਫ਼ੀ ਲਾਭ ਮਿਲ ਰਿਹਾ ਹੈ।