ਜੇਕਰ ਤੁਸੀਂ ਵੀ ਬਣਾਉਣਾ ਚਾਹੁੰਦੇ ਹੋ ਲਾਇਸੈਂਸ ਤਾਂ ਇਹ ਖਬਰ ਹੈ ਤੁਹਾਡੇ ਲਈ ਅਹਿਮ

11/22/2017 6:49:54 PM

ਜਲੰਧਰ (ਅਮਿਤ)— ਜੇਕਰ ਤੁਸੀਂ ਆਪਣਾ ਲਾਇਸੈਂਸ ਬਣਾਉਣਾ ਹੈ ਤਾਂ ਇਸ ਦੇ ਲਈ ਆਨਲਾਈਨ ਬਿਨੈ ਪੱਤਰ ਜਮ੍ਹਾ ਕਰਵਾਉਣਾ ਪਵੇਗਾ ਕਿਉਂਕਿ ਜ਼ਿਲੇ 'ਚ ਸੋਮਵਾਰ ਤੋਂ ਲਾਇਸੈਂਸ ਲਈ ਆਫਲਾਈਨ ਬਿਨੈ ਪੱਤਰ ਬੰਦ ਹੋਣ ਜਾ ਰਹੇ ਹਨ। ਸੈਕਟਰੀ ਆਰ. ਟੀ. ਏ. ਨੇ ਮੰਗਲਵਾਰ ਨੂੰ ਇਕ ਹੁਕਮ ਜਾਰੀ ਕਰਦਿਆਂ ਕਰਮਚਾਰੀਆਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸੋਮਵਾਰ ਨੂੰ ਲਰਨਿੰਗ, ਡੀ. ਐੱਲ. (ਪੱਕਾ), ਰੀਨਿਊ ਅਤੇ ਇੰਟਰਨੈਸ਼ਨਲ ਲਾਇਸੈਂਸ ਲਈ ਹਰ ਕਿਸੇ ਨੂੰ ਆਨਲਾਈਨ ਬਿਨੈ ਪੱਤਰ ਜਮ੍ਹਾ ਕਰਵਾਉਣਾ ਹੋਵੇਗਾ। ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਆਰ. ਟੀ. ਏ. ਦਰਬਾਰਾ ਸਿੰਘ ਨੇ ਦੱਸਿਆ ਕਿ ਡੀ. ਟੀ. ਓ. ਦਫਤਰ ਬੰਦ ਕਰਨ ਅਤੇ ਸਾਰਾ ਕੰਮਕਾਜ ਆਰ. ਟੀ. ਏ. ਦੇ ਅਧੀਨ ਕਰਨ ਤੋਂ ਬਾਅਦ ਟਰਾਂਸਪੋਰਟ ਵਿਭਾਗ ਵੱਲੋਂ ਬਹੁਤ ਵੱਡਾ ਕਦਮ ਚੁੱਕਦੇ ਹੋਏ ਲਾਇਸੈਂਸ ਬਿਨੈ ਪੱਤਰ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸਰਲ ਬਣਾਉਣ ਦੇ ਮੰਤਵ ਨਾਲ ਆਨਲਾਈਨ ਲਾਇਸੈਂਸ ਬਿਨੈ ਪੱਤਰ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਜਲੰਧਰ ਜ਼ਿਲੇ ਵਿਚ 14 ਸਤੰਬਰ 2017 ਤੋਂ ਪਹਿਲੇ ਪੜਾਅ ਵਿਚ ਆਨਲਾਈਨ ਲਰਨਿੰਗ ਬਿਨੈ ਪੱਤਰ ਆਰੰਭ ਕੀਤੇ ਗਏ ਸਨ।
ਇਸ ਤੋਂ ਬਾਅਦ 2 ਚਰਨਾਂ ਵਿਚ ਆਨਲਾਈਨ ਡੀ. ਐੱਲ. (ਪੱਕਾ ਡਰਾਈਵਿੰਗ ਲਾਇਸੈਂਸ) ਅਤੇ ਇੰਟਰਨੈਸ਼ਨਲ ਲਾਇਸੈਂਸ ਬਣਾਉਣ ਲਈ ਆਨਲਾਈਨ ਬਿਨੈ ਪੱਤਰ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਲਗਭਗ ਇਕ ਮਹੀਨੇ ਤੱਕ ਟ੍ਰਾਇਲ ਕਰਨ ਤੋਂ ਬਾਅਦ ਇਸ ਦੀ ਸਹਾਇਤਾ ਨੂੰ ਦੇਖਦੇ ਹੋਏ ਜਲੰਧਰ ਵਿਚ ਹੁਣ ਰੀਨਿਊ ਲਾਇਸੈਂਸ ਬਿਨੈ ਪੱਤਰ ਵੀ ਸਿਰਫ ਆਨਲਾਈਨ ਹੀ ਅਪਲਾਈ ਕਰਨਾ ਹੋਵੇਗਾ।