3 ਮਹੀਨਿਆਂ ਤੋਂ ਪੀਣ ਵਾਲੇ ਪਾਣੀ ਨੂੰ ਤਰਸੇ ਇਲਾਕਾ ਨਿਵਾਸੀ

07/20/2017 12:36:42 PM

ਅੰਮ੍ਰਿਤਸਰ - ਪਿਛਲੇ 3 ਮਹੀਨਿਆਂ ਤੋਂ ਪੀਣ ਵਾਲੇ ਸਾਫ ਪਾਣੀ ਨੂੰ ਤਰਸ ਰਹੇ ਵਾਰਡ ਨੰ. 40 ਦੀ ਗਲੀ ਕੂਚਾ ਰਾਮਗੜ੍ਹੀਆ ਦੇ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਣਨ ਵਾਸਤੇ ਅੱਜ ਲੋਕ ਸਮਾਜ ਸੇਵਕ ਸਭਾ ਦੇ ਕੌਮੀ ਪ੍ਰਧਾਨ ਸਵਰਨ ਸਿੰਘ ਗੋਲਡਨ ਤੇ ਸ਼ਹਿਰੀ ਪ੍ਰਧਾਨ ਜੁਗਰਾਜ ਸਿੰਘ  ਜੱਜ ਇਲਾਕੇ 'ਚ ਪੁੱਜੇ। ਇਸ ਮੌਕੇ ਸਿਮਰਨਜੀਤ ਕੌਰ, ਰਾਜਵਿੰਦਰ ਕੌਰ, ਦਲਬੀਰ ਕੌਰ, ਇੰਦਰਪਾਲ ਸਿੰਘ ਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਤ ਦੀ ਗਰਮੀ 'ਚ ਪਿਛਲੇ 3 ਮਹੀਨਿਆਂ ਤੋਂ ਸਾਡੀ ਗਲੀ ਦੀਆਂ ਵਾਟਰ ਸਪਲਾਈ ਪਾਈਪਾਂ 'ਚ ਸਾਫ ਪਾਣੀ ਨਾ ਆਉਣ ਕਾਰਨ ਇਲਾਕਾ ਨਿਵਾਸੀ ਢਾਡੇ ਪ੍ਰੇਸ਼ਾਨ ਹੋ ਗਏ ਹਨ। ਉਨ੍ਹਾਂ ਕਿਹਾ ਕਿ ਨਹਾਉਣਾ ਤਾਂ ਦੂਰ ਦੀ ਗੱਲ, ਘਰ 'ਚ ਰੋਟੀ ਬਣਾਉਣ ਲਈ ਵੀ ਦੂਸਰੀਆਂ ਗਲੀਆਂ 'ਚੋਂ ਪਾਣੀ ਲਿਆਉਣਾ ਪੈ ਰਿਹਾ ਹੈ ਪਰ ਨਿਗਮ ਅਧਿਕਾਰੀਆਂ ਨੂੰ ਕਈ ਵਾਰ ਅਪੀਲਾਂ ਕਰਨ ਦੇ ਬਾਵਜੂਦ ਅੱਜ ਤੱਕ ਸਾਡੀ ਇਸ ਸਮੱਸਿਆ ਨੂੰ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਲਾਕੇ ਦੀਆਂ ਸਟਰੀਟ ਲਾਈਟਾਂ ਵੀ ਅਕਸਰ ਬੰਦ ਰਹਿੰਦੀਆਂ ਹਨ, ਜਿਸ ਕਾਰਨ ਸ਼ਾਮ ਹੁੰਦਿਆਂ ਹੀ ਗਲੀ 'ਚ ਘੁੱਪ ਹਨੇਰਾ ਛਾ ਜਾਂਦਾ ਹੈ।
ਇਸ ਮੌਕੇ ਪ੍ਰਧਾਨ ਸਵਰਨ ਸਿੰਘ ਗੋਲਡਨ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਨਗਰ ਨਿਗਮ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਇਕ ਹਫਤੇ 'ਚ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਹੱਲ ਨਾ ਕੀਤੀਆਂ ਗਈਆਂ ਤਾਂ ਲੋਕ ਸਮਾਜ ਸੇਵਕ ਸਭਾ ਵੱਲੋਂ ਸੜਕ 'ਤੇ ਅਣਮਿਥੇ ਸਮੇਂ ਲਈ ਜਾਮ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਲਾਕਾ ਨਿਵਾਸੀਆਂ ਦਾ ਰੋਸ ਸ਼ਾਂਤ ਕਰਨ ਪੁੱਜੇ ਸੀਨੀਅਰ ਕਾਂਗਰਸੀ ਆਗੂ ਬਿੱਲਾ ਆਰੇ ਵਾਲਾ ਨੇ ਭਰੋਸਾ ਦਿਵਾਇਆ ਕਿ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਧਿਆਨ 'ਚ ਲਿਆ ਕੇ ਇਹ ਮਸਲੇ ਜਲਦ ਹੱਲ ਕਰਵਾਏ ਜਾਣਗੇ। ਇਸ ਸਮੇਂ ਮਨੋਹਰ ਸਿੰਘ, ਲਖਵਿੰਦਰ ਸਿੰਘ, ਸਾਜਨ ਖੋਸਲਾ, ਸੰਦੀਪ ਕੌਰ, ਦਲਜੀਤ ਕੌਰ, ਹਰਬੰਸ ਕੌਰ ਤੇ ਹੋਰ ਵੀ ਇਲਾਕਾ ਨਿਵਾਸੀ ਹਾਜ਼ਰ ਸਨ।