ਵਿਦੇਸ਼ੀ ਨੂੰਹ ਦੀ ਦਗਾਬਾਜ਼ੀ ਤੋਂ ਤੰਗ ਆ ਕੇ ਸਹੁਰੇ ਨੇ ਕੀਤੀ ਆਤਮ ਹੱਤਿਆ

10/13/2017 1:11:41 PM

ਸਿਡਨੀ/ਲੁਧਿਆਣਾ (ਬਿਊਰੋ)— ਹਰ ਮਾਂ-ਪਿਉ ਦੀ ਤਰ੍ਹਾਂ ਪਿਉ ਇਕਬਾਲ ਸਿੰਘ ਦਾ ਸੁਪਨਾ ਸੀ ਕਿ ਉਸ ਦੇ ਬੇਟਾ   ਸੈਟਲ ਹੋ ਜਾਵੇ। ਉਹ ਆਪਣੇ ਬੇਟੇ ਮਨਪ੍ਰੀਤ ਨੂੰ ਆਸਟ੍ਰੇਲੀਆ ਭੇਜਣਾ ਚਾਹੁੰਦਾ ਸੀ। ਇਸ ਲਈ ਇਕਬਾਲ ਸਿੰਘ ਨੇ ਆਪਣੇ ਬੇਟੇ ਮਨਪ੍ਰੀਤ ਦਾ ਵਿਆਹ ਆਈਲੈਟਸ ਪਾਸ ਲੜਕੀ ਨਾਲ ਕਰਵਾਇਆ। ਇਸ ਲਈ ਉਸ ਨੇ 14 ਲੱਖ ਰੁਪਏ ਵੀ ਖਰਚ ਕੀਤੇ ਪਰ ਵਿਆਹ ਮਗਰੋਂ ਲੜਕੀ ਨੇ ਉਸ ਦੇ ਬੇਟੇ ਨੂੰ ਵਿਦੇਸ਼ ਨਹੀਂ ਬੁਲਾਇਆ। ਇਸੇ ਗੱਲ ਤੋਂ ਪਰੇਸ਼ਾਨ ਹੋ ਕੇ ਇਕਬਾਲ ਨੇ ਬੁੱਧਵਾਰ ਰਾਤ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮ ਹੱਤਿਆ ਕਰ ਲਈ। 
ਇਕਬਾਲ ਸਿੰਘ ਪਿੰਡ ਕੋਠੇ ਪੋਨਾ ਦਾ ਰਹਿਣ ਵਾਲਾ ਸੀ। ਇਸ ਮਾਮਲੇ ਵਿਚ ਪੁਲਸ ਨੇ ਮ੍ਰਿਤਕ ਇਕਬਾਲ ਸਿੰਘ ਦੀ ਪਤਨੀ ਦੀ ਸ਼ਿਕਾਇਤ 'ਤੇ ਵਿਦੇਸ਼ ਵਿਚ ਰਹਿ ਰਹੀ ਉਨ੍ਹਾਂ ਦੀ ਨੂੰਹ ਅਤੇ ਹੋਰ ਪੰਜ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਕੋਠੇ ਪੋਨਾ ਦੇ ਰਹਿਣ ਵਾਲੇ ਇਕਬਾਲ ਸਿੰਘ ਨੇ ਆਪਣੇ ਬੇਟੇ ਮਨਪ੍ਰੀਤ ਦਾ ਵਿਆਹ ਸਾਲ 2016 ਵਿਚ ਪਰਮਿੰਦਰ ਕੌਰ ਨਿਵਾਸੀ ਜਗਰਾਓਂ ਨਾਲ ਕੀਤਾ ਸੀ। ਪਰਮਿੰਦਰ ਕੌਰ ਨੇ ਤੈਅ ਕੀਤਾ ਸੀ ਕਿ ਉਹ ਮਨਪ੍ਰੀਤ ਨੂੰ ਸਪਾਊਸ ਵੀਜ਼ਾ 'ਤੇ ਆਸਟ੍ਰੇਲੀਆ ਬੁਲਾਏਗੀ। ਉਹ ਆਪਣੇ ਸਹੁਰੇ ਘਰ ਤੋਂ ਮਿਲੀ ਰਕਮ ਦੇ ਆਧਾਰ 'ਤੇ ਆਸਟ੍ਰੇਲੀਆ ਪਹੁੰਚੀ। ਉੱਥੇ ਪਹੁੰਚ ਕੇ ਉਹ ਆਪਣੇ ਵਾਅਦੇ ਤੋਂ ਮੁਕਰ ਗਈ। ਉਸ ਨੇ ਨਾ ਤਾਂ ਮਨਪ੍ਰੀਤ ਨੂੰ ਆਸਟ੍ਰੇਲੀਆ ਬੁਲਾਇਆ ਅਤੇ ਨਾ ਹੀ 14 ਲੱਖ ਰੁਪਏ ਵਾਪਸ ਕੀਤੇ। 
ਨੂੰਹ ਦੀ ਇਸ ਦਗਾਬਾਜ਼ੀ ਤੋਂ ਨਿਰਾਸ਼ ਇਕਬਾਲ ਨੇ ਪੁਲਸ ਕੋਲ ਤਿੰਨ ਮਹੀਨੇ ਪਹਿਲਾਂ ਹੀ ਸਬੂਤਾਂ ਸਮੇਤ ਸ਼ਿਕਾਇਤ ਦਰਜ ਕਰਵਾਈ ਸੀ। ਕਈ ਵਾਰੀ ਦੋਹਾਂ ਪੱਖਾਂ ਦੇ ਆਹਮੋ-ਸਾਹਮਣੇ ਬੈਠਣ 'ਤੇ ਵੀ ਮਾਮਲੇ ਦਾ ਹੱਲ ਨਹੀ ਸੀ ਨਿਕਲ ਪਾਇਆ। ਇਸ ਗੱਲ ਤੋਂ ਪਰੇਸ਼ਾਨ ਇਕਬਾਲ ਸਿੰਘ ਨੇ ਆਪਣੇ ਹੀ ਘਰ ਵਿਚ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮਾਮਲੇ ਵਿਚ ਇਕਬਾਲ ਦੀ ਪਤਨੀ ਹਰਪ੍ਰੀਤ ਕੌਰ ਦੇ ਬਿਆਨ 'ਤੇ ਉਨ੍ਹਾਂ ਦੀ ਆਸਟ੍ਰੇਲੀਆ ਪਹੁੰਚ ਚੁੱਕੀ ਨੂੰਹ ਪਰਮਿੰਦਰ ਕੌਰ, ਪਰਮਿੰਦਰ ਕੌਰ ਦੇ ਪਿਤਾ ਚੰਦ ਸਿੰਘ, ਮਾਤ ਸਵਰਣਜੀਤ ਕੌਰ, ਜੀਜਾ ਅਭੀ ਸਿੰਘ, ਕੋਮਲ ਸਿੰਘ ਦੇ ਇਲਾਵਾ ਜਸਰਾਜਜੀਤ ਸਿੰਘ ਨਿਵਾਸੀ ਕੋਠੇ ਜੀਵਾ 'ਤੇ ਮਾਮਲਾ ਦਰਜ ਕਰ ਲਿਆ ਹੈ।