ਪਾਣੀ ਦੇ ਨਿਕਾਸ ਲਈ ਕੌਂਸਲ ਨੇ ਆਰੰਭੀ ਨਾਲਿਆਂ ਦੀ ਸਫਾਈ ਮੁਹਿੰਮ

02/16/2018 11:36:05 AM


ਬਾਘਾਪੁਰਾਣਾ (ਚਟਾਨੀ) - ਸ਼ਹਿਰ ਦੇ ਗੰਦੇ ਪਾਣੀ ਦੇ ਨਿਕਾਸ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਨਗਰ ਕੌਂਸਲ ਨੇ ਨਾਲਿਆਂ ਦੀ ਸਫਾਈ ਲਈ ਕਾਮਿਆਂ ਦੀ 9 ਮੈਂਬਰੀ ਟੀਮ ਨੂੰ ਨਿਯੁਕਤ ਕੀਤਾ ਹੈ। ਇਸ ਸਫਾਈ ਮੁਹਿੰਮ ਦੀ ਸ਼ੁਰੂਆਤ ਕੌਂਸਲ ਪ੍ਰਧਾਨ ਅਨੂੰ ਮਿੱਤਲ ਨੇ ਆਪਣੇ ਵਾਰਡ 'ਚੋਂ ਪਿਛਲੇ ਦਿਨੀਂ ਕਰਵਾਈ ਸੀ। ਹੁਣ ਹਰੇਕ ਕੌਂਸਲਰ ਇਸ ਮੁਹਿੰਮ ਨੂੰ ਅੱਗੇ ਤੋਰਨ ਲਈ ਯਤਨ ਕਰ ਰਿਹਾ ਹੈ।
ਬੁੱਧਰਾਮ ਅਤੇ ਮੂਲਰਾਜ ਦੀ ਅਗਵਾਈ ਵਾਲੀ ਸਫਾਈ ਕਾਮਿਆਂ ਦੀ ਟੀਮ ਨੇ ਸਥਾਨਕ ਗਿਆਨੀ ਜੈਲ ਸਿੰਘ ਮਾਰਕੀਟ ਵਿਖੇ ਕੌਂਸਲਰ ਸ਼੍ਰੀਮਤੀ ਬਲਵੀਰ ਕੌਰ ਬਰਾੜ ਦੇ ਨਿਰਦੇਸ਼ਾਂ ਤਹਿਤ ਵੱਡੇ ਨਾਲੇ ਦੀ ਸਫਾਈ ਸਵੇਰੇ ਤੋਂ ਸ਼ੁਰੂ ਕੀਤੀ ਸੀ। ਇਹ ਸਫਾਈ ਸ਼ਾਮ ਤੱਕ ਨਿਰੰਤਰ ਜਾਰੀ ਰਹੀ। ਇਸ ਮੌਕੇ ਟੀਮ ਦੇ ਮੋਹਰੀ ਬੁੱਧ ਰਾਮ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਲਈ ਬਣਾਏ ਡੂੰਘੇ ਨਾਲਿਆਂ ਦੀ ਭਾਵੇਂ ਕਾਫੀ ਸਮਰੱਥਾ ਹੈ ਪਰ ਨਾਲਿਆਂ ਅੰਦਰ ਲੋਕਾਂ ਵੱਲੋਂ ਸੁੱਟਿਆ ਜਾਂਦਾ ਗੰਦ ਪਾਣੀ ਦੇ ਵਹਾਅ 'ਚ ਲਗਾਤਾਰ ਅੜਿੱਕਾ ਬਣਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾਲਿਆਂ ਦੀ ਸਫਾਈ ਲਈ ਭਾਵੇਂ ਕੌਂਸਲ ਦੀ ਟੀਮ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਪਰ ਜਦੋਂ ਤੱਕ ਲੋਕਾਂ ਵੱਲੋਂ ਖੁਦ ਇਸ ਸਫਾਈ ਮੁਹਿੰਮ 'ਚ ਹਿੱਸੇਦਾਰ ਨਹੀਂ ਬਣਿਆ ਜਾਂਦਾ ਉਦੋਂ ਤੱਕ ਨਿਕਾਸ ਸੰਭਵ ਨਹੀਂ ਹੋ ਸਕਦਾ। ਸਫਾਈ ਕਾਮਿਆਂ ਅਕਾਸ਼, ਸ਼ਾਂਤਾ ਕੁਮਾਰ, ਮਦਨ ਲਾਲ, ਜਤਿੰਦਰ, ਰਾਕੇਸ਼, ਸੁਨੀਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਅਤੇ ਦੁਕਾਨਾਂ ਦਾ ਕੂੜਾ ਨਾਲਿਆਂ 'ਚ ਸੁੱਟਣ ਦੀ ਬਜਾਏ ਕੂੜੇਦਾਨਾਂ 'ਚ ਪਾਉਣ। ਇਹੀ ਸਫਾਈ ਟੀਮ ਲਈ ਲੋਕਾਂ ਦਾ ਵੱਡਾ ਸਹਿਯੋਗ ਹੋਵੇਗਾ।