ਨਹੀਂ ਹੋਈ ਚੋਅ ਦੀ ਸਫਾਈ, ਕਿਵੇਂ ਹੋਵੇਗਾ ਹੜ੍ਹ ਦੇ ਪਾਣੀ ਦਾ ਨਿਕਾਸ

08/20/2017 4:20:45 PM

ਸ਼ਾਮਚੁਰਾਸੀ(ਚੁੰਬਰ)— ਜ਼ਿਲਾ ਪ੍ਰਸ਼ਾਸਨ ਹੜ੍ਹਾਂ ਦੀ ਮਾਰ ਤੋਂ ਬਚਣ ਲਈ ਹਰ ਤਰ੍ਹਾਂ ਦੇ ਅਗਾਊਂ ਪ੍ਰਬੰਧ ਆਪਣੇ ਦਿਸ਼ਾ-ਨਿਰਦੇਸ਼ਾਂ ਤਹਿਤ ਸਬੰਧਿਤ ਵਿਭਾਗ ਦੇ ਕਰਮਚਾਰੀਆਂ ਤੋਂ ਕਰਵਾਉਂਦਾ ਰਹਿੰਦਾ ਹੈ ਪਰ ਬਹੁਤੇ ਥਾਂ ਅਜੇ ਵੀ ਅਜਿਹੇ ਹਨ ਜਿਨ੍ਹਾਂ ਦੀ ਸਾਫ-ਸਫਾਈ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾਂਦਾ। ਚੋਆਂ ਦੀ ਇਸ ਧਰਤੀ 'ਤੇ ਬਹੁਤ ਸਾਰੇ ਚੋਅ ਅਤੇ ਛੋਟੀਆਂ ਚੋਈਆਂ ਹਨ ਜਿਨ੍ਹਾਂ ਵੱਲ ਸਰਕਾਰ ਦਾ ਕੋਈ ਵੀ ਉਚਿਤ ਧਿਆਨ ਨਹੀਂ ਹੈ। ਸ਼ਾਮਚੁਰਾਸੀ 'ਚੋਂ ਲੰਘਣ ਵਾਲਾ ਚੋਅ, ਜੋ ਕਿਸੇ ਸਮੇਂ ਬਹੁਤ ਵਿਸ਼ਾਲ ਰੂਪ ਵਿਚ ਸੀ, ਅੱਜ ਇਹ ਸੁੰਗੜ ਕੇ ਨਾ-ਮਾਤਰ ਹੀ ਰਹਿ ਗਿਆ ਹੈ। ਬਹੁਤੇ ਲੋਕਾਂ ਨੇ ਇਸ ਚੋਅ ਨੂੰ ਆਪਣੀ ਖੇਤੀਬਾੜੀ ਦਾ ਜ਼ਰੀਆ ਬਣਾ ਲਿਆ ਹੈ। ਇਸ ਚੋਅ ਵਿਚ ਸਾਫ-ਸਫਾਈ ਨਾ ਹੋਣ ਕਾਰਨ ਹੜ੍ਹ ਦਾ ਪਾਣੀ ਲੰਘਣਾ ਸੌਖਾ ਨਹੀਂ ਹੈ ਕਿਉਂਕਿ ਇਸ ਨੂੰ ਜੰਗਲ ਨੇ ਘੇਰ ਲਿਆ ਹੈ। ਆਲੇ-ਦੁਆਲੇ ਵੱਸਣ ਵਾਲੇ ਲੋਕਾਂ ਨੇ ਕਿਹਾ ਕਿ ਇਹ ਚੋਅ ਹੁਣ ਸੂਰਾਂ ਦਾ ਘਰ ਬਣ ਚੁੱਕਾ ਹੈ। ਜਿਥੇ ਸੂਰ ਕਿਸਾਨਾਂ ਦੀਆਂ ਫਸਲਾਂ ਨੂੰ ਬਰਬਾਦ ਕਰ ਕੇ ਮੁੜ ਇਸ ਦੀ ਸ਼ਰਨ ਵਿਚ ਆ ਜਾਂਦੇ ਹਨ। ਜਿਥੋਂ ਉਨ੍ਹਾਂ ਨੂੰ ਕੋਈ ਵੀ ਲੱਭ ਨਹੀਂ ਸਕਦਾ। 
ਲੋਕਾਂ ਨੇ ਕਿਹਾ ਕਿ ਜੇਕਰ ਹੜ੍ਹ ਆ ਜਾਵੇ ਤਾਂ ਇਸ ਚੋਅ ਦੀ ਬਜਾਏ ਹੜ੍ਹ ਦਾ ਪਾਣੀ ਸ਼ਾਮਚੁਰਾਸੀ ਨੂੰ ਆਪਣੀ ਲਪੇਟ ਵਿਚ ਲੈ ਲਵੇਗਾ। ਪਿਛਲੇ ਕਈ ਸਾਲਾਂ ਤੋਂ ਇਸ ਚੋਅ ਦੀ ਕੋਈ ਵੀ ਸਾਫ਼-ਸਫ਼ਾਈ ਨਹੀਂ ਕੀਤੀ ਗਈ ਅਤੇ ਇਸ ਨੂੰ ਬਿਲਕੁਲ ਹੀ ਅੱਖੋਂ-ਪਰੋਖੇ ਕੀਤਾ ਹੋਇਆ ਹੈ, ਜੋ ਕਿਸੇ ਖਤਰੇ ਦੀ ਘੰਟੀ ਤੋਂ ਘੱਟ ਨਹੀਂ ਹੈ।