ਗ਼ਰੀਬ ਪਰਿਵਾਰ ਲਈ ਫਰਿਸ਼ਤਾ ਬਣੇ ਡਾ. ਓਬਰਾਏ, ਕੁਝ ਇਸ ਤਰ੍ਹਾਂ ਕੀਤੀ ਮਦਦ

11/12/2020 7:36:51 PM

ਨੂਰਪੁਰਬੇਦੀ (ਅਵਿਨਾਸ਼ ਸ਼ਰਮਾ) : ਬਲਾਕ ਨੂਰਪੁਰਬੇਦੀ ਦੇ ਪਿੰਡ ਅਬਿਆਣਾ ਵਿਖੇ ਪਿਛਲੇ ਦਿਨੀਂ ਇਕ ਲੋੜਵੰਦ ਜਨਾਨੀ ਨਿਰਮਲਾ ਦੇਵੀ ਜੋ ਕਿ ਵਿਧਵਾ ਹੋਣ ਦੇ ਨਾਲ ਨਾਲ ਅੰਗਹੀਣ ਅਤੇ ਤਿੰਨ ਧੀਆਂ ਦੀ ਮਾਂ ਹੈ। ਕਿਸੇ ਦੇ ਮਕਾਨ 'ਚ ਬਿਨਾਂ ਲਾਈਟ ਤੋਂ ਰਹਿ ਰਹੀ ਸੀ। ਉਸ ਦੀ ਤਰਸਯੋਗ ਹਾਲਤ ਇੰਟਰਨੈਸ਼ਨਲ ਢਾਡੀ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਮਨਜੀਤ ਸਿੰਘ ਅਬਿਆਣਾ ਨੇ ਡਾ. ਐੱਸ. ਪੀ. ਸਿੰਘ ਓਬਰਾਏ ਨੂੰ ਸੁਣਾਈ। ਡਾ. ਓਬਰਾਏ ਅਬਿਆਣਾ ਦੀ ਬੇਨਤੀ ਨੂੰ ਮੰਨ ਕੇ ਮਨਜੀਤ ਸਿੰਘ ਅਬਿਆਣਾ ਦੇ ਘਰ ਪਹੁੰਚੇ ਅਤੇ ਉਸ ਦੀ ਹਾਲਤ ਨੂੰ ਦੇਖ ਕੇ ਮੌਕੇ 'ਤੇ ਉਸ ਜਨਾਨੀ ਨੂੰ ਜਿਸ ਮਕਾਨ 'ਚ ਰਹਿ ਰਹੀ ਸੀ, ਉਸ ਨੂੰ ਮੁੱਲ ਖ਼ਰੀਦ ਕੇ ਦਿੱਤਾ ਅਤੇ ਉਸ ਦੀ ਰਿਪੇਅਰ ਅਤੇ ਨਵਾਂ ਬਣਾ ਕੇ ਦੇਣ ਦੀ ਡਿਊਟੀ ਮਨਜੀਤ ਸਿੰਘ ਅਬਿਆਣਾ ਦੀ ਲਗਾ ਦਿੱਤੀ। ਸਾਰਾ ਮਕਾਨ ਤਿਆਰ ਹੋਣ ਉਪਰੰਤ ਡਾ. ਐੱਸ. ਪੀ. ਸਿੰਘ ਓਬਰਾਏ ਨੂੰ ਪਿੰਡ ਅਬਿਆਣਾ ਵਿਖੇ ਬੁਲਾਇਆ ਗਿਆ ਅਤੇ ਉਨ੍ਹਾਂ ਕੋਲੋਂ ਉਸ ਜਨਾਨੀ ਨੂੰ ਮਕਾਨ ਦੀਆਂ ਚਾਬੀਆਂ ਦਵਾਈਆਂ ਗਈਆਂ। ਡਾ. ਓਬਰਾਏ ਜਦੋਂ ਨਵੇਂ ਬਣੇ ਮਕਾਨ 'ਚ ਪਹੁੰਚੇ ਤਾਂ ਉਨ੍ਹਾਂ ਉਸ ਜਨਾਨੀ ਨੂੰ ਦੀਵਾਲੀ ਦਾ ਗਿਫ਼ਟ ਦੇ ਕੇ ਉਸ ਨੂੰ ਵਧਾਈਆਂ ਦਿੱਤੀਆਂ ਅਤੇ ਮਨਜੀਤ ਸਿੰਘ ਅਬਿਆਣਾ ਨੂੰ ਵੀ ਇਹ ਸੇਵਾ ਕਰਨ ਤੇ ਹੱਲਾਸ਼ੇਰੀ ਦਿੱਤੀ।

ਇਹ ਵੀ ਪੜ੍ਹੋ : ਸਿਰਸਾ 'ਤੇ ਐੱਫ. ਆਈ. ਆਰ. ਦਰਜ ਹੋਣ 'ਤੇ ਸਰਨਾ ਨੇ ਮੰਗਿਆ ਅਸਤੀਫ਼ਾ

ਗੱਲਬਾਤ ਕਰਦਿਆਂ ਡਾ. ਐੱਸ. ਪੀ. ਸਿੰਘ ਓਬਰਾਏ ਨੇ ਕਿਹਾ ਕਿ ਕਿਸੇ ਵੀ ਲੋੜਵੰਦ ਪਰਿਵਾਰ ਨੂੰ ਬਿਨਾਂ ਮਕਾਨ ਅਤੇ ਬਿਨਾਂ ਰੋਟੀ ਤੋਂ ਨਹੀਂ ਰਹਿਣ ਦਿੱਤਾ ਜਾਵੇਗਾ। ਗੁਰੂ ਘਰ 'ਚ ਚੱਲ ਰਹੇ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਡਾ. ਐੱਸ. ਪੀ. ਸਿੰਘ ਓਬਰਾਏ ਨੂੰ ਨਗਰ ਨਿਵਾਸੀਆਂ ਅਤੇ ਢਾਡੀ ਸਭਾ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਇਸ ਕੀਤੀ ਮਹਾਨ ਸੇਵਾ ਲਈ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਜਵਾਲਾ ਸਿੰਘ ਪਤੰਗਾ, ਸ਼ੀਤਲ ਸਿੰਘ, ਪਵਨ ਸਿੰਘ, ਮਨਜੀਤ ਸਿੰਘ ਅਬਿਆਣਾ, ਅਮਨਦੀਪ ਸਿੰਘ ਅਬਿਆਣਾ, ਧਿਆਨ ਸਿੰਘ, ਪਰਮਜੀਤ ਸਿੰਘ ਪੰਮੀ ਸਮੂਹ ਪਿੰਡ ਅਬਿਆਣਾ ਨਿਵਾਸੀ ਅਤੇ ਢਾਡੀ ਸਭਾ ਦੇ ਅਹੁਦੇਦਾਰ ਹਾਜ਼ਰ ਸਨ ।

ਇਹ ਵੀ ਪੜ੍ਹੋ :  ਡਰਾਮੇਬਾਜ਼ੀਆਂ ਕਰਕੇ ਡੰਗ ਟਪਾ ਰਹੇ ਹਨ ਕੈਪਟਨ : ਭਗਵੰਤ ਮਾਨ

Anuradha

This news is Content Editor Anuradha