ਡਾ. ਦਲਜੀਤ ਚੀਮਾ ਨੂੰ ਅਦਾਲਤ ਤੋਂ ਮਿਲੀ ਸ਼ਰਤਾਂ ਸਹਿਤ ਪੇਸ਼ਗੀ ਜ਼ਮਾਨਤ

12/14/2019 12:11:13 PM

ਹੁਸ਼ਿਆਰਪੁਰ (ਅਮਰਿੰਦਰ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਦਲਜੀਤ ਸਿੰਘ ਚੀਮਾ ਨੂੰ ਅਦਾਲਤ ਵੱਲੋਂ 20 ਦਸੰਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਦਰਅਸਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਗੁਰਦੁਆਰਾ ਚੋਣ ਕਮਿਸ਼ਨ ਅਤੇ ਕੇਂਦਰੀ ਚੋਣ ਕਮਿਸ਼ਨ 'ਚ 2 ਵੱਖ-ਵੱਖ ਸੰਵਿਧਾਨ ਪੇਸ਼ ਕਰਕੇ ਜਾਅਲਸਾਜ਼ੀ ਕਰਨ ਸਬੰਧੀ ਸਮਾਜਵਾਦੀ ਨੇਤਾ ਬਲਵੰਤ ਸਿੰਘ ਖੇੜਾ ਅਤੇ ਓਮ ਸਿੰਘ ਸਟਿਆਣਾ ਵੱਲੋਂ ਸਾਲ 2009 'ਚ ਸਾਜ਼ਿਸ਼, ਧੋਖਾਦੇਹੀ, ਰਿਕਾਰਡ ਦੇ ਦਸਤਾਵੇਜ਼ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਅਦਾਲਤ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਡਾ. ਦਲਜੀਤ ਸਿੰਘ ਚੀਮਾ ਨੂੰ 3 ਦਸੰਬਰ 2019 ਨੂੰ ਅਦਾਲਤ 'ਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ ਪਰ ਉਹ ਅਦਾਲਤ 'ਚ ਪੇਸ਼ ਨਹੀਂ ਹੋਏ, ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਦੋਬਾਰਾ ਸੰਮਨ ਜਾਰੀ ਕਰਕੇ 20 ਦਸੰਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸਨ।

ਹੁਣ ਇਸ ਮਾਮਲੇ 'ਚ ਅਗਾਊਂ ਜ਼ਮਾਨਤ ਲਈ ਡਾ. ਦਲਜੀਤ ਸਿੰਘ ਚੀਮਾ ਵੱਲੋਂ ਜ਼ਿਲਾ ਅਤੇ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ 'ਚ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਪੇਸ਼ ਹੋਏ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸੈਕਟਰੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਪੇਸ਼ ਹੋਏ। ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦੇ ਡਾ. ਦਲਜੀਤ ਸਿੰਘ ਚੀਮਾ ਨੂੰ 1 ਲੱਖ ਰੁਪਏ ਦਾ ਬਾਂਡ ਭਰਨ ਅਤੇ 1 ਜ਼ਮਾਨਤੀ ਪੇਸ਼ ਕਰਕੇ ਬਾਸ਼ਰਤ ਅਗਾਊਂ ਜ਼ਮਾਨਤ ਦਿੰਦੇ ਹੋਏ ਅਦਾਲਤ ਸਾਹਮਣੇ 19 ਦਸੰਬਰ ਨੂੰ ਟਰਾਇਲ ਕੋਰਟ 'ਚ ਪੇਸ਼ ਹੋਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਇਸ ਬਹੁਚਰਚਿਤ ਮਾਮਲੇ ਦੀ ਅਗਲੀ ਸੁਣਵਾਈ ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ-ਏ. ਸੀ. ਜੇ. ਐੱਮ. ਮੋਨਿਕਾ ਸ਼ਰਮਾ ਦੀ ਅਦਾਲਤ ਨੇ 20 ਦਸੰਬਰ ਮੁਕੱਰਰ ਕੀਤੀ ਹੋਈ ਹੈ।

ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ ਸਮਾਜਵਾਦੀ ਨੇਤਾ ਬਲਵੰਤ ਸਿੰਘ ਖੇੜਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਖਿਲਾਫ ਝੂਠਾ ਹਲਫਨਾਮਾ ਦੇਣ ਅਤੇ ਪਾਰਟੀ ਦੇ 2 ਵੱਖ-ਵੱਖ ਵਿਧਾਨ ਰੱਖਣ ਵਿਰੁੱਧ ਅਦਾਲਤ ਵਿਚ ਪਟੀਸ਼ਨ ਪਾਈ ਸੀ, ਜਿਸ ਵਿਚ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਨੇਤਾਵਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਰਣਜੀਤ ਸਿੰਘ ਬ੍ਰਹਮਪੁਰਾ, ਕਿਰਪਾਲ ਸਿੰਘ ਬਡੂੰਗਰ, ਡਾ. ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ, ਸੁਰਿੰਦਰ ਸਿੰਘ ਸ਼ਿੰਦਾ ਖਿਲਾਫ਼ ਕਈ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਦੋਸ਼ ਲਾਇਆ ਹੈ ਕਿ ਇਹ ਪਾਰਟੀ (ਸ਼੍ਰੋਮਣੀ ਅਕਾਲੀ ਦਲ ਬਾਦਲ) ਧਾਰਮਕ ਚੋਣਾਂ ਵਿਚ ਭਾਗ ਲੈਂਦੀ ਹੈ ਅਤੇ ਖੁਦ ਦੇ ਧਰਮ ਨਿਰਪੱਖ ਹੋਣ ਦਾ ਦਾਅਵਾ ਵੀ ਕਰਦੀ ਹੈ। ਇਥੇ ਇਹ ਵੀ ਵਰਣਨਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮਾਨਤਾ ਰੱਦ ਕਰਨ ਲਈ ਬਲਵੰਤ ਸਿੰਘ ਖੇੜਾ ਨੇ ਦਿੱਲੀ ਹਾਈ ਕੋਰਟ ਵਿਚ ਵੀ ਪਟੀਸ਼ਨ ਪਾਈ ਹੋਈ ਹੈ।

shivani attri

This news is Content Editor shivani attri