''84 ਸਿੱਖ ਕਤਲੇਆਮ ਬਾਰੇ ਡਾ. ਮਨਮੋਹਨ ਸਿੰਘ ਵਲੋਂ ਕੀਤੇ ਖੁਲਾਸੇ ਦੀ ਜਾਂਚ ਕਰਵਾਉਣ ਅਮਿਤ ਸ਼ਾਹ : ਸਿਰਸਾ

12/06/2019 1:46:17 AM

ਜਲੰਧਰ,(ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ 1984 ਦੇ ਸਿੱਖ ਕਤਲੇਆਮ ਬਾਰੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਕੀਤੇ ਸਨਸਨਖੇਜ਼ ਖੁਲਾਸੇ ਮਗਰੋਂ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ। ਇਥੇ ਜਾਰੀ ਇਕ ਬਿਆਨ ਵਿਚ ਉਨ੍ਹਾਂ ਨੇ ਕਿਹਾ ਕਿ ਅਸੀਂ 35 ਸਾਲ ਤੋਂ ਇਹ ਕਹਿ ਰਹੇ ਹਾਂ ਕਿ ਗਾਂਧੀ ਪਰਿਵਾਰ ਨੇ 1984 ਦਾ ਸਿੱਖ ਕਤਲੇਆਮ ਕਰਵਾਇਆ ਸੀ ਅਤੇ ਡਾ. ਮਨਮੋਹਨ ਸਿੰਘ ਦੇ ਖੁਲਾਸੇ ਮਗਰੋਂ ਹੁਣ ਇਹ ਸਾਬਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਖੁਸ਼ਵੰਤ ਸਿੰਘ, ਕੁਲਦੀਪ ਨਈਅਰ ਅਤੇ ਇੰਦਰ ਕੁਮਾਰ ਗੁਜਰਾਲ ਤਤਕਾਲੀ ਗ੍ਰਹਿ ਮੰਤਰੀ ਨਰਸਿਮ੍ਹਾ ਰਾਓ ਕੋਲ ਗਏ ਸਨ ਤੇ ਆਖਿਆ ਸੀ ਕਿ ਫੌਜ ਸੱਦ ਲਈ ਜਾਵੇ ਤਾਂ ਨਰਸਿਮ੍ਹਾ ਰਾਓ ਨੇ ਕਿਹਾ ਸੀ ਕਿ ਮੈਂ ਉਪਰ ਗੱਲ ਕਰ ਕੇ ਦੱਸਾਂਗਾ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਤੋਂ ਉਪਰ ਤਾਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੀ ਸਨ। ਫੌਜ ਨਹੀਂ ਸੱਦੀ ਗਈ ਕਿਉਂਕਿ ਗਾਂਧੀ ਪਰਿਵਾਰ ਨੇ ਹੀ ਕਤਲੇਆਮ ਕਰਵਾਇਆ ਸੀ।

ਉਨ੍ਹਾਂ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਗ੍ਰਹਿ ਮੰਤਰਾਲੇ ਰਾਹੀਂ ਪੁਲਸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਹਦਾਇਤਾਂ ਕੀਤੀਆਂ ਸਨ ਕਿ ਵੱਧ ਤੋਂ ਵੱਧ ਸਿੱਖਾਂ ਦਾ ਕਤਲੇਆਮ ਕਰਵਾਇਆ ਜਾਵੇ ਅਤੇ ਕਤਲੇਆਮ ਕਰਨ ਵਾਲਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਉਸ ਵੇਲੇ ਰਾਜੀਵ ਗਾਂਧੀ ਦੇ ਦਫਤਰੋਂ ਹਦਾਇਤਾਂ ਹੋਈਆਂ ਤੇ ਗ੍ਰਹਿ ਮੰਤਰਾਲੇ ਦਾ ਦਫਤਰ ਵੀ ਵਰਤਿਆ ਗਿਆ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਕਿ ਉਸ ਵੇਲੇ ਰਾਜੀਵ ਗਾਂਧੀ ਨੇ ਨਰਸਿਮ੍ਹਾ ਰਾਓ ਤੋਂ ਇਲਾਵਾ ਕਿਸ-ਕਿਸ ਨੂੰ ਹਦਾਇਤਾਂ ਦਿੱਤੀਆਂ ਸਨ ਤੇ ਕਿਵੇਂ ਸਰਕਾਰ ਵੱਲੋਂ ਇਹ ਕਤਲੇਆਮ ਕਰਵਾਇਆ ਗਿਆ ਸੀ, ਇਸਦੀ ਸਾਰੀ ਜਾਂਚ ਵਾਸਤੇ ਇਕ ਕਮਿਸ਼ਨ ਬਿਠਾਇਆ ਜਾਵੇ। ਸਿਰਸਾ ਨੇ ਇਹ ਵੀ ਕਿਹਾ ਕਿ ਹੁਣ ਗਾਂਧੀ ਪਰਿਵਾਰ ਦੇਸ਼ ਕੋਲੋਂ ਮੁਆਫੀ ਮੰਗੇ ਜਦੋਂ ਇਹ ਸਾਬਤ ਹੋ ਗਿਆ ਹੈ ਕਿ ਰਾਜੀਵ ਗਾਂਧੀ ਨੇ ਹੀ ਫੌਜ ਨਹੀਂ ਸੱਦਣ ਦਿੱਤੀ ਕਿਉਂਕਿ ਉਹ ਖੁਦ ਕਤਲੇਆਮ ਕਰਵਾ ਰਿਹਾ ਸੀ।