ਲੁਧਿਆਣਾ ਦੀ ਮੁਟਿਆਰ ਦੇ ਸਿਰ ਸੱਜਿਆ ''ਮਿਸੇਜ਼ ਆਸਟ੍ਰੇਲੀਆ'' ਦਾ ਤਾਜ, ਮਾਪਿਆਂ ਦਾ ਨਾਂ ਕੀਤਾ ਰੌਸ਼ਨ

09/13/2017 1:44:10 PM

ਲੁਧਿਆਣਾ/ਸਿਡਨੀ— ਲੁਧਿਆਣਾ ਦੀ ਜੰਮਪਲ ਹੋਣਹਾਰ ਮੁਟਿਆਰ ਡਾ. ਲਵਜੋਤ ਕੌਰ ਨੇ ਆਸਟ੍ਰੇਲੀਆ ਵਿਚ 'ਮਿਸੇਜ਼ ਆਸਟ੍ਰੇਲੀਆ' ਦਾ ਖਿਤਾਬ ਜਿੱਤਿਆ ਹੈ। ਲਵਜੋਤ ਨੇ ਇਹ ਖਿਤਾਬ ਜਿੱਤ ਕੇ ਆਪਣੇ ਮਾਪਿਆਂ ਸਮੇਤ ਲੁਧਿਆਣਾ, ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। 
ਆਓ ਜਾਣਦੇ ਹਾਂ ਕੌਣ ਹੈ ਲਵਜੋਤ ਕੌਰ—
ਲਵਜੋਤ ਕੌਰ ਦੰਦਾਂ ਦੇ ਰੋਗਾਂ ਦੀ ਮਾਹਰ ਡਾਕਟਰ ਹੈ। ਉਹ ਆਪਣੀ ਉਚੇਚੀ ਪੜ੍ਹਾਈ ਲਈ ਆਸਟ੍ਰੇਲੀਆ ਚਲੀ ਗਈ, ਜਿੱਥੇ ਜਾ ਕੇ ਉਸ ਨੇ ਹੈਲਥ ਸਾਇੰਸਜ਼ ਦੀ ਮਾਸਟਰ ਡਿਗਰੀ ਪ੍ਰਾਪਤ ਕੀਤੀ ਅਤੇ ਇਸ ਤੋਂ ਬਾਅਦ ਮਨੁੱਖਤਾ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਲਵਜੋਤ ਕੌਰ ਨੇ 12ਵੀਂ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਡੈਂਟਲ ਕਾਲਜ ਡੇਰਾ ਬੱਸੀ ਤੋਂ ਬੀ. ਡੀ. ਐੱਸ. ਦੀ ਡਿਗਰੀ ਹਾਸਲ ਕੀਤੀ। ਲਵਜੋਤ ਦੇ ਮਾਤਾ-ਪਿਤਾ ਵੀ ਵੱਡੀ ਪੋਸਟ 'ਤੇ ਹਨ। ਉਨ੍ਹਾਂ ਦੇ ਪਿਤਾ ਸੁਰਿੰਦਰਪਾਲ ਸਿੰਘ ਬੈਂਕ ਅਧਿਕਾਰੀ ਅਤੇ ਮਾਤਾ ਲੈਕਚਰਾਰ ਹੈ, ਜੋ ਕਿ ਦੁਗਰੀ, ਲੁਧਿਆਣਾ ਵਿਖੇ ਰਹਿੰਦੇ ਹਨ। ਲਵਜੋਤ ਦੇ ਮਾਪਿਆਂ ਨੇ ਦੱਸਿਆ ਕਿ ਆਸਟ੍ਰੇਲੀਆ ਵਿਚ ਹੋਏ ਮੁਕਾਬਲਿਆਂ ਦੌਰਾਨ ਉਨ੍ਹਾਂ ਦੀ ਹੋਣਹਾਰ ਧੀ ਨੇ ਸਤੰਬਰ 2017 ਦੌਰਾਨ 'ਮਿਸੇਜ਼ ਆਸਟ੍ਰੇਲੀਆ' ਬਣ ਕੇ ਇਤਿਹਾਸ ਰਚਿਆ ਹੈ। 
ਉਨ੍ਹਾਂ ਦੱਸਿਆ ਕਿ ਹੁਣ ਉਹ ਦਸਬੰਰ 2017 ਨੂੰ ਸਾਊਥ ਅਫਰੀਕਾ 'ਚ ਹੋਣ ਵਾਲੇ ਸਮਾਗਮ 'ਚ ਹਿੱਸਾ ਲੈਣ ਲਈ ਮਿਸੇਜ਼ ਵਰਲਡ ਬਣਨ ਲਈ ਤਿਆਰੀ 'ਚ ਜੁੱਟ ਗਈ ਹੈ। ਲਵਜੋਤ ਦੇ ਮਾਪਿਆਂ ਨੇ ਅੱਗੇ ਦੱਸਿਆ ਕਿ ਲਵਜੋਤ ਕੌਰ ਨੇ ਸਾਲ 2014 'ਚ ਮਿਸੇਜ਼ ਆਸਟ੍ਰੇਲੀਆ ਏਸ਼ੀਆ ਦਾ ਖਿਤਾਬ ਜਿੱਤਿਆ ਅਤੇ ਈ-ਵੋਟਿੰਗ ਜ਼ਰੀਏ 2014 'ਚ ਮਿਸੇਜ਼ ਵਰਲਡ ਯੂਨੀਵਰਸ ਬਣੀ। ਉਨ੍ਹਾਂ ਦੱਸਿਆ ਕਿ ਉਹ ਐੱਨ. ਜੀ. ਓ. ਦੇ ਸਰਗਰਮ ਵਰਕਰ ਹੈ ਅਤੇ ਉਹ ਸੋਸ਼ਲ ਵਰਕਰ ਹੁੰਦਿਆਂ ਹੁਣ ਵੀ ਆਪਣੀ ਡਿਊਟੀ ਉਸੇ ਤਰ੍ਹਾਂ ਨਿਭਾਅ ਰਹੀ ਹੈ।