ਸਹੁਰੇ ਪਰਿਵਾਰ ਦੀ ਇਹ ਭਾਰੀ ਮੰਗ ਪੂਰੀ ਨਾ ਹੋਣ ''ਤੇ ਨੂੰਹ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ

09/16/2017 7:04:39 PM

ਹੁਸ਼ਿਆਰਪੁਰ(ਅਸ਼ਵਨੀ)— ਐੱਨ. ਆਰ. ਆਈ. ਪੁਲਸ ਸਟੇਸ਼ਨ ਵਿਖੇ ਅੰਜਲੀ ਰਾਣੀ ਪੁੱਤਰੀ ਜਸਵਿੰਦਰ ਸਿੰਘ ਵਾਸੀ ਰਾਮਪੁਰ ਬਿਲੜੋਂ ਥਾਣਾ ਗੜ੍ਹਸ਼ੰਕਰ ਦੀ ਸ਼ਿਕਾਇਤ 'ਤੇ ਦਾਜ ਲਈ ਤੰਗ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅੰਜਲੀ ਰਾਣੀ ਨੇ ਐੱਨ. ਆਰ. ਆਈ. ਵਿੰਗ ਪੰਜਾਬ ਦੇ ਇੰਸਪੈਕਟਰ ਜਨਰਲ ਆਫ ਪੁਲਸ ਈਸ਼ਵਰ ਸਿੰਘ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਸੀ ਕਿ ਉਸ ਦਾ ਵਿਆਹ 27 ਅਗਸਤ 2008 ਨੂੰ ਸੰਜੀਵ ਕੁਮਾਰ ਪੁੱਤਰ ਓਂਕਾਰ ਸਿੰਘ ਵਾਸੀ ਪਿੰਡ ਸ਼ੇਖੂਪੁਰ ਬਖਲੌਰ ਥਾਣਾ ਮੁਕੰਦਪੁਰ ਤਹਿਸੀਲ ਨਵਾਂਸ਼ਹਿਰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪਤੀ ਜੋ ਹੁਣ ਗਰੀਸ 'ਚ ਹੈ ਅਤੇ ਸੱਸ ਕਾਂਤਾ ਦੇਵੀ ਸਮੇਤ ਹੋਰ ਸਹੁਰੇ ਪਰਿਵਾਰ ਵਾਲਿਆਂ ਨੇ ਦਾਜ ਦੀ ਮੰਗ ਨੂੰ ਲੈ ਕੇ ਕਾਫੀ ਤੰਗ-ਪ੍ਰੇਸ਼ਾਨ ਕੀਤਾ। ਉਸ ਨੇ ਦੱਸਿਆ ਕਿ ਸੰਜੀਵ ਕੁਮਾਰ ਨੂੰ ਵਿਦੇਸ਼ ਭੇਜਣ ਲਈ 10 ਲੱਖ ਰੁਪਏ ਅਤੇ ਕਾਰ ਦੀ ਮੰਗ ਵੀ ਕੀਤੀ ਅਤੇ ਮੰਗ ਪੂਰੀ ਨਾ ਹੋਣ 'ਤੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ ਗਈ। 
ਜਾਂਚ ਦੌਰਾਨ ਪਤੀ ਤੇ ਸੱਸ ਪਾਏ ਗਏ ਦੋਸ਼ੀ : 
ਆਈ. ਜੀ. ਪੀ. ਦੇ ਹੁਕਮਾਂ 'ਤੇ ਸ਼ਿਕਾਇਤ ਦੀ ਜਾਂਚ ਦੌਰਾਨ ਵਿਆਹੁਤਾ ਦਾ ਪਤੀ ਸੰਜੀਵ ਕੁਮਾਰ ਅਤੇ ਸੱਸ ਕਾਂਤਾ ਦੇਵੀ ਖਿਲਾਫ ਦੋਸ਼ ਸਾਬਤ ਹੋਏ, ਜਿਨ੍ਹਾਂ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਐੱਨ. ਆਰ. ਆਈ. ਦੇ ਇੰਚਾਰਜ ਇੰਸਪੈਕਟਰ ਓਮ ਪ੍ਰਕਾਸ਼ ਤੇ ਜਾਂਚ ਅਧਿਕਾਰੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸੰਜੀਵ ਕੁਮਾਰ ਦੀ ਗ੍ਰਿਫ਼ਤਾਰੀ ਲਈ ਲੁੱਕ ਆਊਟ ਕਾਰਨਰ (ਐੱਲ. ਓ. ਸੀ.) ਜਾਰੀ ਕਰ ਕੇ ਦੇਸ਼ ਦੇ ਸਾਰੇ ਪੁਲਸ ਸਟੇਸ਼ਨਾਂ ਨੂੰ ਭੇਜਿਆ ਜਾਵੇਗਾ।