ਵਿਆਹ ਦੇ ਇਕ ਸਾਲ ''ਚ ਸਹੁਰਿਆਂ ਨੇ ਦਿਖਾਏ ਆਪਣੇ ਅਸਲੀ ਰੰਗ, ਚੁੰਨੀ ''ਤੇ ਮਿੱਟੀ ਦਾ ਤੇਲ ਪਾ ਕੇ ਲਗਾਈ ਨੂੰਹ ਨੂੰ ਅੱਗ

07/18/2017 6:58:05 PM

ਹੁਸ਼ਿਆਰਪੁਰ(ਅਸ਼ਵਨੀ)— ਦਾਜ ਦੀ ਖਾਤਿਰ ਬਲੀ ਚੜਦੀਆਂ ਲੜਕੀਆਂ ਦਾ ਸਿਲਸਿਲਾ ਅਜੇ ਵੀ ਨਹੀਂ ਰੁੱਕ ਰਿਹਾ ਹੈ। ਰੋਜ਼ਾਨਾ ਅਸੀਂ ਅਖਬਾਰਾਂ ਅਤੇ ਟੀ.ਵੀ. ਚੈਨਲਾਂ 'ਤੇ ਦੇਖਦੇ ਹਾਂ ਕਿ ਦਾਜ ਦੀ ਖਾਤਿਰ ਲੜਕੀਆਂ ਨੂੰ ਮਾਰ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ 'ਚ ਸਾਹਮਣੇ ਆਇਆ ਹੈ, ਜਿੱਥੇ ਇਕ ਸਹੁਰੇ ਪਰਿਵਾਰ ਨੇ ਆਪਣੇ ਅਸਲੀ ਰੰਗ ਦਿਖਾਉਂਦੇ ਹੋਏ ਦਾਜ ਦੀ ਖਾਤਿਰ ਆਪਣੀ ਨੂੰਹ 'ਤੇ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਜ਼ਿੰਦਾ ਸਾੜ ਕੇ ਦਰਦਨਾਕ ਮੌਤ ਦੇਣੀ ਚਾਹੀ।  ਜ਼ਿਕਰਯੋਗ ਹੈ ਕਿ ਗੜ੍ਹਸ਼ੰਕਰ ਦੀ ਪੁਲਸ ਨੇ ਇਕ ਵਿਆਹੁਤਾ ਨਿਧੀ ਨੂੰ ਦਾਜ ਲਈ ਤੰਗ-ਪਰੇਸ਼ਾਨ ਕਰਦਿਆਂ ਮਾਰਨ ਦੀ ਨੀਅਤ ਨਾਲ ਉਸ 'ਤੇ ਤੇਲ ਛਿੜਕ ਕੇ ਉਸ ਦੀ ਚੁੰਨੀ 'ਤੇ ਬਲਦੀ ਤੀਲੀ ਸੁੱਟਣ ਦੇ ਦੋਸ਼ 'ਚ ਧਾਰਾ 307, 498-ਏ, 406 ਤੇ 120-ਬੀ ਅਧੀਨ ਕੇਸ ਦਰਜ ਕੀਤਾ ਹੈ। ਇਸ ਸਬੰਧੀ ਆਸਟ੍ਰੇਲੀਆ 'ਚ ਰਹਿ ਰਹੇ ਉਸ ਦੇ ਐੱਨ. ਆਰ. ਆਈ. ਪਤੀ ਸਚਿਨ ਬਾਵਾ, ਸਹੁਰੇ ਸੁਰੇਸ਼ ਚੰਦ, ਸੱਸ ਸੁਮਨ ਬਾਲਾ, ਦਿਓਰ ਗੌਰਵ ਤੇ ਤਾਇਆ ਸਹੁਰੇ ਚਮਨ ਲਾਲ ਵਿਰੁੱਧ ਕੇਸ ਦਰਜ ਕੀਤਾ ਹੈ।
ਕੀ ਹੈ ਮਾਮਲਾ: 
27 ਸਾਲਾ ਨਿਧੀ ਪੁੱਤਰੀ ਧਰਮਵੀਰ ਵਾਸੀ ਪੱਕਾ ਦਰਵਾਜ਼ਾ ਸਾਹਨੇਵਾਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਸ ਦਾ ਵਿਆਹ ਸਚਿਨ ਬਾਵਾ ਨਾਲ 25 ਅਪ੍ਰੈਲ 2016 ਨੂੰ ਹੋਇਆ ਸੀ। 22 ਜੂਨ 2016 ਨੂੰ ਉਸ ਦਾ ਪਤੀ ਆਸਟ੍ਰੇਲੀਆ ਚਲਾ ਗਿਆ ਅਤੇ ਉਹ 12 ਮਈ 2017 ਨੂੰ ਆਪਣੇ ਪਤੀ ਕੋਲ ਆਸਟ੍ਰੇਲੀਆ ਚਲੀ ਗਈ। ਨਿਧੀ ਅਨੁਸਾਰ ਆਸਟ੍ਰੇਲੀਆ ਪਹੁੰਚਣ 'ਤੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਨੇ ਪਹਿਲਾਂ ਹੀ ਇਕ ਹੋਰ ਵਿਆਹ ਕਰਵਾ ਰੱਖਿਆ ਸੀ ਅਤੇ ਉਸ ਦਾ ਇਕ ਬੇਟਾ ਵੀ ਹੈ। ਉਸ ਦੇ ਪਤੀ ਨੇ ਉਥੇ ਉਸ 'ਤੇ ਮਾਨਸਿਕ ਅਤੇ ਸਰੀਰਿਕ ਤੌਰ 'ਤੇ ਤਸ਼ੱਦਦ ਸ਼ੁਰੂ ਕਰ ਦਿੱਤਾ ਅਤੇ ਆਪਣੇ ਪਿਤਾ ਤੋਂ 5 ਲੱਖ ਰੁਪਏ ਮੰਗਵਾਉਣ ਲਈ ਕਿਹਾ। ਨਿਧੀ ਨੇ ਕਿਹਾ ਕਿ ਉਹ 10 ਜੁਲਾਈ 2017 ਨੂੰ ਆਸਟ੍ਰੇਲੀਆ ਤੋਂ ਵਾਪਸ ਗੜ੍ਹਸ਼ੰਕਰ ਸਹੁਰੇ ਆ ਗਈ। ਉਸ ਦੇ ਸਹੁਰਿਆਂ ਨੇ ਵੀ ਉਸ ਨਾਲ ਠੀਕ ਵਤੀਰਾ ਨਹੀਂ ਕੀਤਾ। 
ਉਸ ਦੇ ਪਤੀ ਨੇ ਇਸ ਗੱਲ 'ਤੇ ਜ਼ੋਰ ਪਾਇਆ ਕਿ ਵਿਦੇਸ਼ 'ਚ ਪੀ. ਆਰ. ਬਣਾਉਣ ਲਈ 15 ਲੱਖ ਰੁਪਏ ਦੇਣੇ ਹੋਣਗੇ। ਨਿਧੀ ਨੇ ਦੋਸ਼ ਲਾਇਆ ਕਿ 15 ਜੁਲਾਈ ਨੂੰ ਉਸ ਦੇ ਸਹੁਰਿਆਂ ਨੇ ਆਪਸ 'ਚ ਸਲਾਹ ਕਰਕੇ ਉਸ ਦੀ ਹੱਤਿਆ ਦੀ ਨੀਅਤ ਨਾਲ ਉਸ ਦੀ ਚੁੰਨੀ 'ਤੇ ਮਿੱਟੀ ਦਾ ਤੇਲ ਛਿੜਕ ਕੇ ਤੀਲੀ ਬਾਲ ਕੇ ਚੁੰਨੀ 'ਤੇ ਸੁੱਟ ਦਿੱਤੀ। ਪਰ ਉਹ ਵਾਲ-ਵਾਲ ਬਚ ਗਈ। ਥਾਣਾ ਗੜ੍ਹਸ਼ੰਕਰ ਦੀ ਲੇਡੀ ਸਬ-ਇੰਸਪੈਕਟਰ ਨੀਲਮ ਅਤੇ ਏ. ਐੱਸ. ਆਈ. ਅਵਤਾਰ ਸਿੰਘ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਕਿਸੇ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ।