ਦਾਜ ਦੇ ਲੋਭੀਆਂ ਨੇ ਨੂੰਹ ਨਾਲ ਕੀਤੀ ਘਟੀਆ ਕਰਤੂਤ...

06/28/2017 4:56:18 PM

ਮੋਗਾ (ਅਜ਼ਾਦ)- ਜ਼ਿਲੇ ਦੇ ਪਿੰਡ ਰਾਜੇਆਣਾ ਨਿਵਾਸੀ ਇਕ ਲੜਕੀ ਨੇ ਆਪਣੇ ਪਤੀ ਅਤੇ ਸਹੁਰਿਆਂ 'ਤੇ ਉਸ ਨੂੰ ਦਾਜ ਦੀ ਖਾਤਰ ਮਾਰਕੁੱਟ ਕਰਕੇ ਘਰ 'ਚੋਂ ਕੱਢਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਹੈ।
ਕੀ ਹੈ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਪੀੜ੍ਹਤਾ ਨੇ ਕਿਹਾ ਕਿ ਉਸਦਾ ਵਿਆਹ 28 ਨਵੰਬਰ 2015 ਨੂੰ ਜਸਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਨਿਵਾਸੀ ਪਿੰਡ ਕੋਕਰੀ ਫੂਲਾ ਸਿੰਘ ਵਾਲਾ ਦੇ ਨਾਲ ਧਾਰਮਿਕ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਵਿਆਹ ਸਮੇਂ ਉਸਦੇ ਪਰਿਵਾਰ ਵਾਲਿਆਂ ਨੇ ਅਪਣੀ ਹੈਸੀਅਤ ਅਨੁਸਾਰ ਦਾਜ ਦਿੱਤਾ, ਪਰ ਉਸਦਾ ਪਤੀ ਅਤੇ ਸੱਸ ਜਸਵਿੰਦਰ ਕੌਰ ਅਤੇ ਸਹੁਰਾ ਕੁਲਵੰਤ ਸਿੰਘ ਖੁਸ਼ ਨਹੀਂ ਸਨ ਅਤੇ ਉਹ ਮੈਂਨੂੰ ਪੇਕਿਆਂ ਤੋਂ ਹੋਰ ਦਾਜ ਲਿਆਉਣ ਲਈ ਪ੍ਰੇਸ਼ਾਨ ਕਰਨ ਲੱਗੇ। ਜਿਸ 'ਤੇ ਮੈਂ ਆਪਣੇ ਪਰਿਵਾਰ ਵਾਲਿਆਂ ਨੂੰ ਸਾਰੀ ਗੱਲਬਾਤ ਦੱਸੀ ਤਾਂ ਉਨ੍ਹਾਂ ਮੇਰੇ ਪਤੀ ਅਤੇ ਸਹੁਰੇ ਪਰਿਵਾਰ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਨ੍ਹਾਂ ਕੋਈ ਗੱਲਬਾਤ ਨਾ ਸੁਣੀ ਅਤੇ ਆਖਿਰ ਮੈਂਨੂੰ ਮਾਰਕੁੱਟ ਕਰਕੇ ਘਰੋਂ ਬਾਹਰ ਕੱਢ ਦਿੱਤਾ ਅਤੇ ਮੇਰੇ ਦਾਜ ਦਾ ਸਾਰਾ ਸਮਾਨ ਵੀ ਖੁਰਦ ਬੁਰਦ ਕਰ ਦਿੱਤਾ। ਇਸ ਤਰ੍ਹਾਂ ਮੇਰੇ ਨਾਲ ਸਾਰਿਆਂ ਨੇ ਮਿਲੀਭੁਗਤ ਕਰਕੇ ਧੋਖਾਦੇਹੀ ਕੀਤੀ ਹੈ। 
ਜ਼ਿਲਾ ਪੁਲਸ ਮੁਖੀ ਮੋਗਾ ਦੇ ਨਿਰਦੇਸ਼ 'ਤੇ ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਬਾਘਾਪੁਰਾਣਾ ਵੱਲੋਂ ਕੀਤੀ ਗਈ। ਜਾਂਚ ਸਮੇਂ ਜਾਂਚ ਅਧਿਕਾਰੀ ਨੇ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ, ਪਰ ਜਾਂਚ ਸਮੇਂ ਸ਼ਿਕਾਇਤ ਕਰਤਾ ਪੀੜ੍ਹਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਪੀੜ੍ਹਤਾ ਦੇ ਪਤੀ ਜਸਪ੍ਰੀਤ ਸਿੰਘ, ਸਹੁਰਾ ਕੁਲਵੰਤ ਸਿੰਘ, ਅਤੇ ਸੱਸ ਜਸਵਿੰਦਰ ਕੌਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।