ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇਣ ਵਾਲੇ ਪਿਓ-ਪੁੱਤ ਦੇ ਅਦਾਲਤ ਨੇ ਕੱਢੇ ਵਾਰੰਟ

11/20/2017 6:16:17 AM

ਲੁਧਿਆਣਾ, (ਪੰਕਜ)- ਕਮੇਟੀ ਦੇ ਨਾਂ 'ਤੇ ਲੋਕਾਂ ਨਾਲ ਧੋਖਾਦੇਹੀ ਕਰਨ ਦੇ ਦੋਸ਼ 'ਚ ਅਦਾਲਤ ਨੇ ਪਿਉ-ਪੁੱਤਰ ਦੇ ਵਾਰੰਟ ਜਾਰੀ ਕੀਤੇ ਹਨ। ਅੱਜ ਇਕ ਪੱਤਰਕਾਰ ਸੰਮੇਲਨ ਦਾ ਆਯੋਜਨ ਕਰ ਕੇ ਐਡਵੋਕੇਟ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਸਥਾਨਕ ਸ਼ਹਿਰ ਨਿਵਾਸੀ ਪ੍ਰਮੋਦ ਗੁਪਤਾ ਤੇ ਅਨੁਜ ਗੁਪਤਾ ਨੇ ਉਨ੍ਹਾਂ ਦੀ ਮਾਤਾ ਮੋਹਿਨੀ ਨੂੰ ਜਲਦ ਰੁਪਏ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਆਪਣੇ ਕੋਲ ਕਮੇਟੀ ਪਵਾ ਲਈ। ਕੁੱਝ ਹੀ ਸਮੇਂ 'ਚ ਦੋਵਾਂ ਪਿਉ-ਪੁੱਤਰ ਨੇ ਉਨ੍ਹਾਂ ਦੀ ਮਾਤਾ ਤੋਂ ਲੱਖਾਂ ਰੁਪਏ ਦੀਆਂ ਕਿਸ਼ਤਾਂ ਦੇ ਰੂਪ 'ਚ ਠੱਗ ਲਏ। ਲੱਖਾਂ ਰੁਪਏ ਚਲੇ ਜਾਣ ਦੇ ਬਾਅਦ ਉਨ੍ਹਾਂ ਦੀ ਮਾਤਾ ਨੂੰ ਪਤਾ ਲੱਗਾ ਕਿ ਉਕਤ ਪਿਉ-ਪੁੱਤਰ ਨੇ ਇਸੇ ਤਰ੍ਹਾਂ ਸ਼ਹਿਰ ਦੇ ਹੋਰ ਲੋਕਾਂ ਤੋਂ ਵੀ ਲੱਖਾਂ ਰੁਪਏ ਠੱਗੇ ਹਨ। 
ਸਮਾਂ ਪੂਰਾ ਹੁੰਦੇ ਹੀ ਜਦ ਲੋਕਾਂ ਨੇ ਉਨ੍ਹਾਂ ਤੋਂ ਪੈਸੇ ਵਾਪਸ ਮੰਗੇ ਤਾਂ ਅਨੁਜ ਦੇ ਪਿਤਾ ਪ੍ਰਮੋਦ ਨੇ ਫਿਲਮੀ ਡਰਾਮਾ ਰਚਦੇ ਹੋਏ ਖੁਦ ਨੂੰ ਦਿੱਲੀ ਦੇ ਇਕ ਹੋਟਲ 'ਚ ਅਗਵਾ ਕਰਨ ਦਾ ਡਰਾਮਾ ਰਚਿਆ ਤਾਂ ਕਿ ਪੈਸੇ ਮੰਗਣ ਵਾਲੇ ਸ਼ਾਂਤ ਹੋ ਕੇ ਬੈਠ ਜਾਣ, ਜਿਸ 'ਤੇ ਉਸ ਦੇ ਬਾਅਦ ਦੇਣਦਾਰਾਂ ਨੂੰ ਇਹ ਕਹਿਣ ਲੱਗ ਪਏ ਕਿ ਉਨ੍ਹਾਂ ਨਾਲ ਵੀ ਧੋਖਾ ਹੋ ਚੁੱਕਿਆ ਹੈ, ਜਿਸ ਕਾਰਨ ਪ੍ਰਮੋਦ ਗੁਪਤਾ ਦੀ ਮਾਨਸਿਕ ਹਾਲਤ ਹੁਣ ਠੀਕ ਨਹੀਂ ਹੈ। ਐਡਵੋਕੇਟ ਨੇ ਦੱਸਿਆ ਕਿ ਉਨ੍ਹਾਂ ਨੇ ਆਰ. ਟੀ. ਆਈ. ਦੇ ਰਾਹੀਂ ਜਦ ਪ੍ਰਮੋਦ ਗੁਪਤਾ ਵਲੋਂ ਦੱਸੀਆਂ ਗਈਆਂ ਫਰਮਾਂ ਦੇ ਬੈਂਕ ਅਕਾਊਂਟ ਦੀ ਜਾਣਕਾਰੀ ਹਾਸਲ ਕੀਤੀ ਤਾਂ ਉਹ ਹੈਰਾਨ ਰਹਿ ਗਏ, ਜਿਸ ਉਪਰੰਤ ਉਨ੍ਹਾਂ ਨੇ ਦੋਵਾਂ ਪਿਉ-ਪੁੱਤਰ ਖਿਲਾਫ ਅਦਾਲਤ 'ਚ ਧੋਖਾਦੇਹੀ ਕਰਨ ਦਾ ਮਾਮਲਾ ਦਰਜ ਕਰਵਾਇਆ, ਜਿਸ 'ਤੇ ਅਦਾਲਤ ਨੇ ਕਾਰਵਾਈ ਕਰਦੇ ਹੋਏ ਪ੍ਰਮੋਦ ਗੁਪਤਾ ਦੇ ਜ਼ਮਾਨਤੀ ਅਤੇ ਉਸ ਦੇ ਪੁੱਤਰ ਅਨੁਜ ਗੁਪਤਾ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ।
ਇਸ ਸਬੰਧ ਵਿਚ ਪੁੱਛਣ 'ਤੇ ਫਿਲੌਰ ਪੁਲਸ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਅਦਾਲਤ ਦੇ ਕੇਸਾਂ ਦੀ ਕਾਪੀ ਮਿਲੀ ਹੋਈ ਹੈ। ਪੁਲਸ ਦੋ ਵਾਰ ਗੁਪਤਾ ਦੇ ਘਰ ਅਨੁਜ ਨੂੰ ਫੜਨ ਲਈ ਜਾ ਚੁੱਕੀ ਹੈ ਪਰ ਅੱਗੇ ਹਰ ਵਾਰ ਉਨ੍ਹਾਂ ਦੇ ਘਰ ਤਾਲਾ ਲੱਗਾ ਹੁੰਦਾ ਹੈ।  ਐਡਵੋਕੇਟ ਕ੍ਰਿਸ਼ਨ ਲਾਲ ਨੇ ਇਹ ਵੀ ਦੱਸਿਆ ਕਿ ਲੋਕਾਂ ਨਾਲ ਧੋਖਾਦੇਹੀ ਕਰਨ ਵਾਲੇ ਪਿਉ-ਪੁੱਤਰ ਦੇ ਬੈਂਕ ਅਕਾਊਂਟ ਦੀ ਸਟੇਟਮੈਂਟ ਉਨ੍ਹਾਂ ਨੇ ਇਨਕਮ ਟੈਕਸ ਵਿਭਾਗ ਦੇ ਨਾਲ ਈ. ਡੀ. ਨੂੰ ਦਿੰਦੇ ਹੋਏ ਮੰਗ ਕੀਤੀ ਹੈ ਕਿ ਸ਼ਹਿਰ 'ਚ ਛੋਟੀ ਜਿਹੀ ਮੋਬਾਇਲ ਰਿਪੇਅਰ ਦੀ ਦੁਕਾਨ ਚਲਾਉਣ ਵਾਲੇ ਗੁਪਤਾ ਪਿਉ-ਪੁੱਤਰ ਨੇ ਕਿਸ ਤਰ੍ਹਾਂ ਦੋ ਨੰਬਰ ਦੀ ਕਮਾਈ ਨਾਲ ਲੱਖਾਂ ਰੁਪਏ ਦਾ ਅਦਾਨ-ਪ੍ਰਦਾਨ ਕਰਨ ਲਈ ਬੈਂਕ ਦੀ ਵਰਤੋਂ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸ਼ਿਕਾਇਤ 'ਤੇ ਦੋਨੋਂ ਵਿਭਾਗ ਵੀ ਜਲਦੀ ਕਾਰਵਾਈ ਕਰਨ ਜਾ ਰਹੇ ਹਨ।