ਦੋਰਾਹਾ : ਰੈਸਟੋਰੈਂਟ ਨੂੰ ਲੱਗੀ ਭਿਆਨਕ ਅੱਗ, ਦਮ ਘੁੱਟਣ ਕਾਰਨ ਦੋ ਦੀ ਮੌਤ (ਵੀਡੀਓ)

Monday, Oct 08, 2018 - 10:16 AM (IST)

ਦੋਰਾਹਾ (ਸੂਦ) : ਸ਼ਨੀਵਾਰ ਰਾਤ 2.30 ਵਜੇ ਦੇ ਕਰੀਬ ਦੋਰਾਹਾ ਸ਼ਹਿਰ ਦੇ ਜੀ.ਟੀ. ਰੋਡ 'ਤੇ ਮਿਲਟਰੀ ਕੈਂਪ  ਨੇੜੇ  ਇਕ ਰੈਸਟੋਰੈਂਟ ਨੂੰ ਅੱਗ ਲੱਗਣ ਕਾਰਨ ਹੋਟਲ ਦੀ ਤਿੰਨ ਮੰਜ਼ਿਲਾਂ ਇਮਾਰਤ ਅਤੇ ਹੋਟਲ 'ਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਦੌਰਾਨ ਹੋਟਲ ਦੀ ਪਹਿਲੀ ਮੰਜ਼ਿਲ 'ਤੇ ਬੁਕਿੰਗ ਕਮਰੇ 'ਚ ਦਮ  ਘੁਟਣ ਨਾਲ  ਇਕ  ਜੋੜੇ ਦੀ ਮੌਤ ਹੋ ਗਈ। ਬਾਅਦ 'ਚ ਘਟਨਾ ਦਾ ਜਾਇਜ਼ਾ ਲੈਣ ਲਈ ਐੱਸ. ਪੀ. ਐੱਚ. ਖੰਨਾ ਬਲਵਿੰਦਰ ਸਿੰਘ, ਐੱਸ. ਐੱਚ. ਓ. ਦੋਰਾਹਾ, ਏ. ਐੱਸ. ਆਈ. ਹਰਦਮ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚੇ, ਜਿਨ੍ਹਾਂ ਨੇ  ਇਸ ਦਾ ਮੁੱਖ ਕਾਰਨ ਬਿਜਲੀ ਦਾ ਸ਼ਾਰਟ-ਸਰਕਟ ਹੋਣਾ ਦੱਸਿਆ।  ਮੌਕੇ 'ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ   ਅੱਗ  ਲੱਗਣ  ਦੌਰਾਨ ਜਿੱਥੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ, ਉਥੇ ਦੂਜੇ ਪਾਸੇ ਰੈਸਟੋਰੈਂਟ 'ਚ ਹੋਰ ਕੌਣ-ਕੌਣ ਮੌਜੂਦ ਸਨ, ਹਾਲੇ ਵੀ ਇਕ ਰਹੱਸ ਬਣਿਆ ਹੋਇਆ ਹੈ। ਘਟਨਾ ਦੌਰਾਨ ਜਦੋਂ ਤੱਕ ਫਾਇਰ ਬ੍ਰਿਗੇਡ ਪਹੁੰਚੀ ਤੱਦ ਤੱਕ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ।   ਹੋਟਲ 'ਚ ਨਾਈਟ ਡਿਊਟੀ ਕਰ ਰਹੇ ਵੇਟਰ ਅਤੇ ਸਰਵਿਸ ਪ੍ਰੋਵਾਈਡਰ ਦੀ ਮੌਜੂਦਗੀ ਜਾਂ ਗੈਰ ਮੌਜੂਦਗੀ ਇਕ ਰਹੱਸ ਬਣਿਆ ਹੋਇਆ ਹੈ ਕਿਉਂਕਿ ਘਟਨਾ ਦੌਰਾਨ ਕੇਵਲ  ਇਕ ਜੋੜਾ ਹੀ ਰੈਸਟੋਰੈਂਟ 'ਚ ਮੌਜੂਦ ਸੀ ਜਾਂ ਫਿਰ ਹੋਰ ਵੀ ਲੋਕ ਸਨ।PunjabKesariਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ : ਐੱਸ. ਪੀ. (ਐੱਚ.)
ਇਸ ਮੌਕੇ ਘਟਨਾ ਸਥਾਨ 'ਤੇ ਪਹੁੰਚੇ ਐੱਸ. ਪੀ. (ਐੱਚ.) ਬਲਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੋਟਲ 'ਚ ਹੋਰ ਕੌਣ-ਕੌਣ ਮੌਜੂਦ ਸਨ, ਦੀ ਗਹਿਰਾਈ ਨਾਲ ਜਾਂਚ-ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। 

174 ਦੀ ਕਾਰਵਾਈ ਅਮਲ 'ਚ ਲਿਆਂਦੀ : ਏ. ਐੱਸ. ਆਈ.
ਇਸ ਮੌਕੇ ਥਾਣਾ ਦੋਰਾਹਾ ਦੇ ਏ. ਐੱਸ. ਆਈ. ਅਵਤਾਰ ਸਿੰਘ ਨੇ  ਗੱਲਬਾਤ ਦੌਰਾਨ ਦੱਸਿਆ ਕਿ ਮ੍ਰਿਤਕਾਂ ਦੇ  ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ, ਜਦੋਂ ਮੌਕੇ 'ਤੇ ਮੌਜੂਦ ਹੋਟਲ 'ਚ ਸਟਾਫ ਸਬੰਧੀ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News