ਪ੍ਰਾਪਰਟੀ ਟੈਕਸ ਦੀ ਰਿਕਵਰੀ ਲਈ ਘਰ-ਘਰ ਖੜਕਣਗੇ ਦਰਵਾਜ਼ੇ

04/26/2018 5:48:47 AM

ਅੰਮ੍ਰਿਤਸਰ, (ਵੜੈਚ)-   ਪ੍ਰਾਪਰਟੀ ਟੈਕਸ ਦੇ ਪਹਾੜ ਵਰਗੇ ਨਿਰਧਾਰਤ ਟਾਰਗੈੱਟ ਨੂੰ ਪੂਰਾ ਕਰਨ ਲਈ ਵਿਭਾਗ ਦੇ ਅਧਿਕਾਰੀਆਂ ਨੇ ਸਾਲ ਦੇ ਪਹਿਲੇ ਮਹੀਨਿਆਂ 'ਚ ਹੀ ਕਮਰ ਕੱਸ ਲਈ ਹੈ। ਹਾਲਾਂਕਿ ਪਿਛਲੇ ਸਾਲ 2017-18 ਦੇ ਟਾਰਗੈੱਟ 24 ਕਰੋੜ ਨੂੰ ਟੱਚ ਨਹੀਂ ਕੀਤਾ ਜਾ ਸਕਿਆ, ਜਦਕਿ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਨਿਰਧਾਰਤ ਬਜਟ ਦੌਰਾਨ ਪ੍ਰਾਪਰਟੀ ਟੈਕਸ ਦਾ ਸਾਲਾਨਾ ਟੀਚਾ 24 ਕਰੋੜ ਤੋਂ ਵਧਾ ਕੇ 45 ਕਰੋੜ ਰੱਖ ਦਿੱਤਾ ਗਿਆ ਹੈ, ਜਦ ਕਿ ਵਿਭਾਗ ਦੀ ਟੀਮ ਵੱਲੋਂ 30 ਕਰੋੜ ਨੂੰ ਪਾਰ ਕਰਨਾ ਵੀ ਇਕ ਚੈਲੇਂਜ ਹੋਵੇਗਾ।
ਨਿਗਮ ਕਮਿਸ਼ਨਰ ਸੋਨਾਲੀ ਗਿਰੀ ਦੇ ਆਦੇਸ਼ਾਂ ਤੋਂ ਬਾਅਦ ਪ੍ਰਾਪਰਟੀ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਅਪ੍ਰੈਲ ਮਹੀਨੇ ਤੋਂ ਹੀ ਟੀਮਾਂ ਨੂੰ ਮਾਰਕੀਟ ਵਿਚ ਉਤਾਰਨ ਦਾ ਫੈਸਲਾ ਲਿਆ ਹੈ। ਇੰਸਪੈਕਟਰਾਂ ਦੀ ਦੇਖ-ਰੇਖ 'ਚ ਟੀਮਾਂ ਦੇ ਕਰਮਚਾਰੀ ਟੈਕਸ ਦੀ ਰਿਕਵਰੀ ਲਈ ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ ਵਿਚ ਜਾ ਕੇ ਘਰ-ਘਰ ਦੇ ਦਰਵਾਜ਼ੇ ਖੜਕਾਉਣ ਦੀ ਰੂਪ-ਰੇਖਾ ਤਿਆਰ ਕਰ ਰਹੇ ਹਨ। ਮਹਾਨਗਰ ਵਿਚ ਸਰਵੇ ਸ਼ੁਰੂ ਕਰਨ ਲਈ ਟੀਮਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਵਿਭਾਗ ਵਿਚ ਕੰਮਾਂ ਮੁਤਾਬਕ ਕਰਮਚਾਰੀਆਂ ਦੀ ਗਿਣਤੀ ਬਹੁਤ ਘੱਟ ਹੈ।
ਸਰਵੇ 'ਤੇ ਕੰਮਾਂ ਵਿਚ ਤੇਜ਼ੀ ਲਿਆਉਣ ਲਈ ਵਿਭਾਗ ਦੇ ਨੋਡਲ ਅਧਿਕਾਰੀ ਪ੍ਰਦੀਪ ਰਾਜਪੂਤ ਦੀ ਦੇਖ-ਰੇਖ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਬੈਠਕ ਕਰਦਿਆਂ ਲੋਕਾਂ ਤੱਕ ਪਹੁੰਚਣ ਦੀ ਰੂਪ-ਰੇਖਾ ਤਿਆਰ ਕੀਤੀ ਗਈ ਹੈ। ਪ੍ਰਦੀਪ ਰਾਜਪੂਤ, ਲਵਲੀਨ ਸ਼ਰਮਾ, ਸਤਪਾਲ ਤੇ ਅਸ਼ਵਨੀ ਸਹਿਗਲ ਨੇ ਕਿਹਾ ਕਿ ਸ਼ਹਿਰ ਦੇ 5 ਹਲਕਿਆਂ ਵਿਚ ਇਲਾਕਿਆਂ ਦੀ ਵੰਡ ਕਰਦਿਆਂ ਟੀਮਾਂ ਘਰ-ਘਰ ਜਾ ਕੇ ਪ੍ਰਾਪਰਟੀ ਟੈਕਸ ਦੀਆਂ ਰਸੀਦਾਂ ਚੈੱਕ ਕਰਨਗੀਆਂ। ਜਿਨ੍ਹਾਂ ਕੋਲੋਂ ਟੈਕਸ ਜਮ੍ਹਾ ਕਰਵਾਉਣ ਦੀਆਂ ਰਸੀਦਾਂ ਨਹੀਂ ਮਿਲਣਗੀਆਂ ਉਨ੍ਹਾਂ ਤੋਂ ਟੈਕਸ ਦੀ ਰਿਕਵਰੀ ਕੀਤੀ ਜਾਵੇਗੀ। ਟੀਮਾਂ ਵੱਲੋਂ ਟੈਕਸ ਅਦਾ ਕਰਨ ਵਿਚ ਯੋਗ ਘਰ ਦਾ ਫਾਰਮ ਵੀ ਭਰਿਆ ਜਾਵੇਗਾ ਤਾਂ ਕਿ ਪੂਰਾ ਰਿਕਾਰਡ ਇਕੱਠਾ ਕੀਤਾ ਜਾ ਸਕੇ। ਜੋ ਟੈਕਸ ਜਮ੍ਹਾ ਕਰਵਾਉਣ 'ਚ ਆਨਾਕਾਨੀ ਕਰੇਗਾ, ਉਸ ਦੇ ਖਿਲਾਫ 112-ਏ ਤੇ 112-ਬੀ ਤਹਿਤ ਕਾਰਵਾਈ ਕੀਤੀ ਜਾਵੇਗੀ।