ਮਾਸੂਮ 'ਤੇ ਟੁੱਟ ਪਿਆ ਕੁੱਤਿਆਂ ਦਾ ਝੁੰਡ, ਘਟਨਾ ਸੀ. ਸੀ. ਟੀ. ਵੀ. 'ਚ ਕੈਦ

04/16/2019 10:49:26 AM

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ ਦੀ ਮਹਿੰਦਰਾ ਕਾਲੋਨੀ ਦੀ ਇਕ ਦਿਲ ਕੰਬਾਅ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ 5-6 ਸਾਲ ਦੇ ਇਕ ਬੱਚੇ 'ਤੇ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਵੀਡੀਓ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਕੁੱਤੇ ਬੱਚੇ 'ਤੇ ਪਹਿਲਾਂ ਤਾਂ ਹਮਲਾ ਕਰਦੇ ਹਨ ਅਤੇ ਫਿਰ ਘਸੀਟ ਕੇ ਦੂਰ ਲੈ ਜਾਂਦੇ ਹਨ। ਇਸ ਦੌਰਾਨ ਇਕ ਹੋਰ ਬੱਚੀ ਉਸਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਖੂੰਖਾਰ ਕੁੱਤਿਆਂ ਅੱਗੇ ਉਸ ਦੀ ਪੇਸ਼ ਨਹੀਂ ਚੱਲਦੀ। 
ਇਸ ਦੌਰਾਨ ਰੌਲਾ ਸੁਣ ਕੇ ਉਥੇ ਲੋਕ ਇੱਕਠੇ ਹੋਏ ਅਤੇ ਬੱਚੇ ਨੂੰ ਕੁੱਤਿਆਂ ਦੀ ਗ੍ਰਿਫਤ 'ਚੋਂ ਛੁਡਵਾਇਆ। ਕਾਲੋਨੀ ਵਾਸੀਆਂ ਮੁਤਾਬਕ ਇਥੇ ਕੁੱਤਿਆਂ ਦੀ ਦਹਿਸ਼ਤ ਅੱਤਵਾਦੀਆਂ ਤੋਂ ਵੀ ਜ਼ਿਆਦਾ ਹੈ। ਉਧਰ ਸਬੰਧੰਤ ਕੌਂਸਲਰ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਕੁੱਤਿਆਂ ਦੀ ਸਮੱਸਿਆ ਪੂਰੇ ਜ਼ਿਲੇ 'ਚ ਕੀ ਪੂਰੇ ਦੇਸ਼ 'ਚ ਹੈ। ਬਾਕੀ ਨਿਗਮ ਵਲੋਂ ਕੁੱਤਿਆਂ ਦੀ ਨਸਬੰਦੀ ਦਾ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ। 
ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਜਦੋਂ ਕੁੱਤਿਆਂ ਵਲੋਂ ਕਿਸੇ ਬੱਚੇ 'ਤੇ ਹਮਲਾ ਕੀਤਾ ਗਿਆ ਹੋਵੇ, ਕਈ ਥਾਈਂ ਕੁੱਤਿਆਂ ਵਲੋਂ ਮਨੁੱਖੀ ਜਾਨਾਂ ਲੈਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ। ਬਾਵਜੂਦ ਇਸ ਦੇ ਸਰਕਾਰ ਵਲੋਂ ਆਵਾਰਾ ਕੁੱਤਿਆਂ 'ਤੇ ਨੱਥ ਨਹੀਂ ਪਾਈ ਜਾ ਰਹੀ।

Gurminder Singh

This news is Content Editor Gurminder Singh