ਮਾਲਕ ਦੀ ਮੌਤ ਅੱਗੇ ਢਾਲ ਬਣ ਖੜ੍ਹਿਆ 'ਕੁੱਤਾ' ਨਿਭਾਅ ਗਿਆ ਵਫਾਦਾਰੀ

07/16/2019 12:35:05 PM

ਡੇਰਾਬੱਸੀ (ਗੁਰਪ੍ਰੀਤ) : ਅਕਸਰ ਲੋਕ ਕਹਿੰਦੇ ਹਨ ਕਿ ਆਦਮੀ ਨਾਲੋਂ ਜ਼ਿਆਦਾ ਵਫਾਦਾਰ ਕੁੱਤੇ ਹੁੰਦੇ ਹਨ। ਇਸ ਗੱਲ ਨੂੰ ਇਕ ਵਫਾਦਾਰ ਕੁੱਤੇ ਨੇ ਸੱਚ ਸਾਬਿਤ ਕਰ ਦਿਖਾਇਆ ਹੈ, ਜਿਹੜਾ ਕਿ ਆਪਣੇ ਮਾਲਕ ਦੀ ਮੌਤ ਅੱਗੇ ਢਾਲ ਬਣ ਕੇ ਖੜ੍ਹਾ ਹੋ ਗਿਆ ਅਤੇ ਜਾਨ ਦੇ ਕੇ ਆਪਣੀ ਵਫਾਦਾਰੀ ਨਿਭਾਅ ਗਿਆ। ਇੱਥੇ ਐੱਸ. ਬੀ. ਪੀ. ਹਾਊਸਿੰਗ ਪ੍ਰਾਜੈਕਟ ਅੰਦਰ ਬਿਜਲੀ ਦੀ ਨੰਗੀ ਤਾਰ ਅਤੇ ਉੱਪਰੋਂ ਥਾਂ-ਥਾਂ ਖੜ੍ਹੇ ਬਰਸਾਤੀ ਪਾਣੀ ਕਾਰਨ ਕੋਈ ਵੱਡਾ ਹਾਦਸਾ ਹੋ ਸਕਦਾ ਸੀ।
ਜਾਣਕਾਰੀ ਮੁਤਾਬਕ ਮ੍ਰਿਤਕ ਕੁੱਤੇ ਦੇ ਮਾਲਕ ਜਸਪ੍ਰੀਤ ਸਿੰਘ ਬੇਦੀ ਨੇ ਦੱਸਿਆ ਕਿ ਉਹ ਇਕ ਸਾਲ ਪਹਿਲਾਂ ਐੱਸ. ਬੀ. ਪੀ. 'ਚ ਬਣੇ ਫਲੈਟ 'ਚ ਪਰਿਵਾਰ ਅਤੇ ਆਪਣੇ ਪਾਲਤੂ ਕੁੱਤੇ ਨਾਲ ਰਹਿਣ ਆਇਆ ਸੀ। ਰੋਜ਼ਾਨਾਂ ਦੀ ਤਰ੍ਹਾਂ ਸ਼ਾਮ ਨੂੰ ਉਹ ਆਪਣੇ ਲੈਬਰਾ ਕੁੱਤੇ ਨੂੰ ਫਲੈਟ ਨੇੜੇ ਘੁੰਮਾ ਰਿਹਾ ਸੀ ਤਾਂ ਰਸਤੇ 'ਚ ਖੜ੍ਹੇ ਬਰਸਾਤੀ ਪਾਣੀ 'ਚੋਂ ਨਿਕਲਦੇ ਸਮੇਂ ਅਚਾਨਕ ਉਸ ਦੇ ਕੁੱਤੇ ਨੂੰ ਕਰੰਟ ਲੱਗਾ, ਕੁੱਤੇ ਨੂੰ ਬਚਾਉਣ ਲਈ ਜਦੋਂ ਜਸਪ੍ਰੀਤ ਨੇ ਉਸ ਨੂੰ ਹੱਥ ਲਾਇਆ ਤਾਂ ਉਹ ਵੀ ਕਰੰਟ ਦੀ ਲਪੇਟ 'ਚ ਆ ਗਿਆ। ਇਸ ਤੋਂ ਬਾਅਦ ਕੁੱਤੇ ਨੇ ਜਸਪ੍ਰੀਤ ਨੂੰ ਵੱਢ ਕੇ ਪਿੱਛੇ ਧੱਕ ਦਿੱਤਾ ਅਤੇ ਖੁਦ ਮੌਤ ਦੇ ਮੂੰਹ 'ਚ ਚਲਾ ਗਿਆ। ਇਸ ਘਟਨਾ ਦੌਰਾਨ ਜਸਪ੍ਰੀਤ ਦਾ ਹੱਥ ਬੁਰੀ ਤਰ੍ਹਾਂ ਝੁਲਸ ਗਿਆ।

ਜਸਪ੍ਰੀਤ ਦਾ ਕਹਿਣਾ ਹੈ ਕਿ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਉਸ ਦੇ ਕੁੱਤੇ ਦੀ ਜਾਨ ਗਈ ਹੈ। ਇਸ ਸਬੰਧੀ ਐੱਸ. ਬੀ. ਪੀ. ਪ੍ਰਾਜੈਕਟ ਦੇ ਮੁਖੀ ਅਮਨ ਸਿੰਗਲਾ ਨੇ ਕਿਹਾ ਕਿ ਹਾਦਸਾ ਠੇਕੇਦਾਰ ਦੀ ਲਾਪਰਵਾਹੀ ਕਾਰਨ ਹੋਇਆ ਹੈ, ਜਿਸ ਦੀ ਜਾਂਚ ਕੀਤੀ ਜਾਵੇਗੀ। ਹਾਦਸੇ ਤੋਂ ਬਾਅਦ ਜਿੱਥੇ ਐੱਸ. ਬੀ. ਪੀ. 'ਚ ਬਣੇ ਫਲੈਟਾਂ  'ਚ ਰਹਿੰਦੇ ਲੋਕਾਂ 'ਚ ਰੋਸ ਹੈ, ਉੱਥੇ ਹੀ ਲੋਕਾਂ ਨੂੰ ਆਪਣੀ ਅਤੇ ਆਪਣੇ ਬੱਚਿਆਂ ਦੀ ਜਾਨ ਦੀ ਚਿੰਤਾ ਸਤਾ ਰਹੀ ਹੈ।

Babita

This news is Content Editor Babita