ਜਲੰਧਰ ''ਚ ਕੁੱਤਿਆਂ ਦਾ ਕਹਿਰ, ਹੁਣ ਕਿਲਾ ਮੁਹੱਲੇ ਦੀ ਔਰਤ ਨੂੰ ਬਣਾਇਆ ਸ਼ਿਕਾਰ

02/03/2020 10:34:28 AM

ਜਲੰਧਰ (ਖੁਰਾਣਾ)— ਜਲੰਧਰ ਸ਼ਹਿਰ 'ਚ ਕੁੱਤਿਆਂ ਦੀ ਦਹਿਸ਼ਤ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਪਿਛਲੇ ਕੁਝ ਦਿਨਾਂ ਤੋਂ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ 'ਚ ਵਾਧਾ ਹੁੰਦਾ ਦਿਸ ਰਿਹਾ ਹੈ, ਜਿਸ ਕਾਰਨ ਕਈ ਮਾਸੂਮ ਬੱਚਿਆਂ ਅਤੇ ਰਾਹਗੀਰਾਂ ਨੂੰ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਹੋਣਾ ਪਿਆ ਹੈ। ਅਜਿਹੀ ਹੀ ਇਕ ਦਿਲ ਦਹਿਲਾਉਣ ਵਾਲੀ ਘਟਨਾ ਬੀਤੀ ਰਾਤ ਕਿਲੇ ਮੁਹੱਲੇ 'ਚ ਹੋਈ, ਜਿੱਥੇ ਰਾਤ ਦੇ ਹਨੇਰੇ 'ਚ ਆਵਾਰਾ ਕੁੱਤਿਆਂ ਦੇ ਇਕ ਝੁੰਡ ਨੇ ਇਕੱਲੀ ਜਾ ਰਹੀ ਔਰਤ 'ਤੇ ਅਚਾਨਕ ਹਮਲਾ ਕਰ ਦਿੱਤਾ ਅਤੇ ਉਸ ਨੂੰ ਕਈ ਜਗ੍ਹਾ ਤੋਂ ਵੱਢਿਆ।

ਔਰਤ ਅਨੂ ਕਪੂਰ ਅਤੇ ਉਸ ਦੇ ਪਤੀ ਮੋਹਨ ਕਪੂਰ ਨੇ ਦੱਸਿਆ ਕਿ ਕਿਲਾ ਮੁਹੱਲਾ ਦੀਆਂ ਵੱਖ-ਵੱਖ ਗਲੀਆਂ 'ਚ ਆਵਾਰਾ ਕੁੱਤਿਆਂ ਦੇ ਝੁੰਡ ਦਿਨ-ਰਾਤ ਘੁੰਮਦੇ ਰਹਿੰਦੇ ਹਨ, ਜਿਸ ਕਾਰਨ ਲੋਕਾਂ 'ਚ ਦਹਿਸ਼ਤ ਰਹਿੰਦੀ ਹੈ। ਡਰ ਦੇ ਮਾਰੇ ਬੱਚੇ ਗਲੀਆਂ 'ਚ ਖੇਡ ਨਹੀਂ ਸਕਦੇ। ਅਨੂ ਕਪੂਰ ਨੇ ਦੱਸਿਆ ਕਿ ਬੀਤੀ ਰਾਤ ਅਚਾਨਕ ਕਈ ਕੁੱਤੇ ਇਕੱਠੇ ਉਸ 'ਤੇ ਟੁੱਟ ਪਏ ਅਤੇ ਆਪਣੇ ਨੁਕੀਲੇ ਦੰਦਾਂ ਨਾਲ ਕਈ ਜਗ੍ਹਾ ਜ਼ਖਮ ਕਰ ਦਿੱਤੇ।

ਇਸ ਘਟਨਾ ਨੂੰ ਲੈ ਕੇ ਕਿਲਾ ਮੁਹੱਲਾ 'ਚ ਲੋਕਾਂ ਨੇ ਨਗਰ ਨਿਗਮ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਦੋਸ਼ ਲਾਇਆ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਨਿਗਮ ਕੁਝ ਨਹੀਂ ਕਰ ਰਿਹਾ। ਇਹ ਸਮੱਸਿਆ ਖੇਤਰੀ ਵਿਧਾਇਕ, ਮੇਅਰ, ਕੌਂਸਲਰ ਅਤੇ ਸਾਰੇ ਅਧਿਕਾਰੀਆਂ ਦੇ ਧਿਆਨ 'ਚ ਹੈ ਪਰ ਸਾਰੇ ਲਾਚਾਰੀ ਪ੍ਰਗਟ ਕਰ ਰਹੇ ਹਨ। ਰੋਸ ਪ੍ਰਦਰਸ਼ਨ 'ਚ ਮਨੂ ਸੂਰੀ ਅਤੇ ਦੀਪਕ ਮੋਦੀ ਤੋਂ ਇਲਾਵਾ ਪ੍ਰਮੋਦ ਬਾਹਰੀ, ਸ਼ਿਵਮ ਸੇਠ, ਸ਼ੰਮੀ ਕਪੂਰ, ਅੰਜੂ ਸਹਿਗਲ, ਅਸ਼ੋਕ ਕਾਲੀਆ, ਟੀਨਾ ਸੇਠ, ਸੁਨੀਲ ਸਹਿਗਲ, ਬਿੱਟੂ ਵਰਮਾ, ਆਸ਼ੂ ਪੁਰੀ, ਮੋਨਿਕਾ ਕਪੂਰ, ਰੀਟਾ ਵਰਮਾ, ਵਿਜੇ ਕੁਮਾਰ, ਵਰਿੰਦਰ ਕੁਮਾਰ, ਵਿਜੇ ਸਿੰਗਲਾ, ਆਸ਼ੂ ਜੋਸ਼ੀ, ਮਨਮੋਹਨ ਕਪੂਰ, ਆਦਰਸ਼ ਕਾਲੀਆ ਅਤੇ ਕਪਿਲ ਵਰਮਾ ਆਦਿ ਸ਼ਾਮਲ ਹੋਏ।

ਨਸਬੰਦੀ 'ਤੇ ਡੇਢ ਕਰੋੜ ਖਰਚੇ ਅਤੇ ਸਮੱਸਿਆ ਜਿਵੇਂ ਦੀ ਤਿਵੇਂ
ਆਵਾਰਾ ਕੁੱਤਿਆਂ ਦੀ ਸਮੱਸਿਆ ਦੀ ਗੱਲ ਕਰੀਏ ਤਾਂ ਮੌਜੂਦਾ ਮੇਅਰ ਜਗਦੀਸ਼ ਰਾਜਾ ਨੇ ਅਹੁਦਾ ਸੰਭਾਲਦੇ ਹੀ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੁੱਤਿਆਂ ਦੀ ਨਸਬੰਦੀ ਦਾ ਪ੍ਰਾਜੈਕਟ ਸਹੀ ਤਰੀਕੇ ਨਾਲ ਸ਼ੁਰੂ ਕਰਕੇ ਇਸ ਦਾ ਕਾਂਟ੍ਰੈਕਟ ਪ੍ਰਾਈਵੇਟ ਕੰਪਨੀ ਨੂੰ ਸੌਂਪ ਦਿੱਤਾ ਸੀ, ਜੋ ਹੁਣ ਤਕ 15000 ਤੋਂ ਜ਼ਿਆਦਾ ਕੁੱਤਿਆਂ ਦੀ ਨਸਬੰਦੀ ਕਰ ਚੁੱਕੀ ਹੈ ਅਤੇ ਨਿਗਮ ਇਸ ਪ੍ਰਾਜੈਕਟ 'ਤੇ ਡੇਢ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਵੀ ਕਰ ਚੁੱਕਾ ਹੈ ਪਰ ਇਸ ਦੇ ਬਾਵਜੂਦ ਸਮੱਸਿਆ ਜਿਵੇਂ ਦੀ ਤਿਵੇਂ ਹੈ ਅਤੇ ਉਸ 'ਚ ਰੱਤੀ ਭਰ ਦੀ ਘਾਟ ਨਹੀਂ ਆਈ।

ਕੁੱਤਿਆਂ ਦੀ ਹਿੰਸਕ ਪ੍ਰਵਿਰਤੀ ਬਰਕਰਾਰ
ਆਵਾਰਾ ਕੁੱਤਿਆਂ ਦੀ ਨਸਬੰਦੀ ਕਰਕੇ ਕਰੀਬ ਡੇਢ ਕਰੋੜ ਰੁਪਏ ਨਗਰ ਨਿਗਮ ਤੋਂ ਲੈਣ ਵਾਲੀ ਕੰਪਨੀ ਦੇ ਪ੍ਰਤੀਨਿਧੀਆਂ ਨੇ ਇਸ ਪ੍ਰਾਜੈਕਟ ਦੇ ਸ਼ੁਰੂ 'ਚ ਦਾਅਵਾ ਕੀਤਾ ਸੀ ਕਿ ਜਿਥੇ ਨਸਬੰਦੀ ਨਾਲ ਉਨ੍ਹਾਂ ਦੀ ਗਿਣਤੀ 'ਚ ਆਉਣ ਵਾਲੇ ਸਮੇਂ 'ਚ ਕਮੀ ਹੋਵੇਗੀ, ਉਥੇ ਕੁੱਤਿਆਂ ਦੇ ਵੱਢੇ ਜਾਣ ਦੇ ਮਾਮਲੇ ਵੀ ਘੱਟ ਹੋ ਜਾਣਗੇ ਕਿਉਂਕਿ ਨਸਬੰਦੀ ਤੋਂ ਬਾਅਦ ਕੁੱਤਿਆਂ ਦੀ ਹਿੰਸਕ ਪ੍ਰਵਿਰਤੀ ਕਾਫੀ ਘੱਟ ਹੋ ਜਾਵੇਗੀ। ਦੇਖਣ 'ਚ ਕੰਪਨੀ ਦਾ ਇਹ ਦਾਅਵਾ ਬਿਲਕੁਲ ਖੋਖਲਾ ਸਾਬਤ ਲੱਗਦਾ ਹੈ ਕਿਉਂਕਿ ਇਨ੍ਹੀਂ ਦਿਨੀਂ ਜੋ ਘਟਨਾਵਾਂ ਹੋ ਰਹੀਆਂ ਹਨ ਉਨ੍ਹਾਂ 'ਚ ਕੁੱਤੇ ਪਹਿਲਾਂ ਤੋਂ ਵੀ ਜ਼ਿਆਦਾ ਹਿੰਸਕ ਨਜ਼ਰ ਆ ਰਹੇ ਹਨ।

ਅੰਦਰੂਨੀ ਬਾਜ਼ਾਰਾਂ 'ਚ ਸਮੱਸਿਆ ਹੋਈ ਗੰਭੀਰ : ਹਰੀਸ਼ ਕੁਮਾਰ
ਮਿੱਠਾ ਬਾਜ਼ਾਰ ਦੇ ਪ੍ਰਧਾਨ ਹਰੀਸ਼ ਕੁਮਾਰ ਨੇ ਦੱਸਿਆ ਕਿ ਮੁਹੱਲਿਆਂ ਤੋਂ ਇਲਾਵਾ ਅੰਦਰੂਨੀ ਬਾਜ਼ਾਰਾਂ 'ਚ ਆਵਾਰਾ ਕੁੱਤਿਆਂ ਅਤੇ ਉਨ੍ਹਾਂ ਦੇ ਕੱਟਣ ਦੀ ਸਮੱਸਿਆ ਕਾਫੀ ਗੰਭੀਰ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਖੇਤਰ 'ਚ ਕਈ ਮੰਦਰ ਪੈਂਦੇ ਹਨ, ਜਿਥੇ ਆਉਣ ਵਾਲੇ ਸ਼ਰਧਾਲੂਆਂ 'ਚ ਹਮੇਸ਼ਾ ਦਹਿਸ਼ਤ ਰਹਿੰਦੀ ਹੈ। ਨਿਗਮ ਨੂੰ ਸਮੱਸਿਆ ਵੱਲ ਤੁਰੰਤ ਧਿਆਨ ਦੇਣਾ ਹੋਵੇਗਾ ਨਹੀਂ ਤਾਂ ਹਾਲਾਤ ਵਿਗੜ ਸਕਦੇ ਹਨ।

ਹੱਲ ਨਾ ਹੋਇਆ ਤਾਂ ਮੇਅਰ ਦੇ ਘਰ ਬੰਨ੍ਹ ਆਉਣਗੇ ਕੁੱਤੇ : ਹਨੀ ਕੰਬੋਜ
ਭਾਜਪਾ ਨੇਤਾ ਹਨੀ ਕੰਬੋਜ ਨੇ ਕਿਲਾ ਮੁਹੱਲਾ ਅਤੇ ਇਸ ਤੋਂ ਪਹਿਲਾਂ ਕਈ ਖੇਤਰਾਂ 'ਚ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ 'ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਹਾ ਕਿ ਨਿਗਮ ਨੇ ਸਾਰਾ ਜ਼ੋਰ ਨਸਬੰਦੀ ਪ੍ਰਾਜੈਕਟ 'ਤੇ ਲਾ ਰੱਖਿਆ ਹੈ, ਜਦੋਂਕਿ ਉਨ੍ਹਾਂ ਨੂੰ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਨਜ਼ਰੀਏ ਡਾਗ ਕੰਪਾਊਂਡ ਅਤੇ ਆਵਾਰਾ ਕੁੱਤਿਆਂ ਦੇ ਟੀਕਾਕਰਨ ਵਰਗੇ ਪ੍ਰਾਜੈਕਟ ਵੀ ਸ਼ੁਰੂ ਕਰਨੇ ਚਾਹੀਦੇ। ਉਨ੍ਹਾਂ ਨੇ ਅਲਟੀਮੇਟਮ ਦਿੱਤਾ ਕਿ ਜੇਕਰ ਨਗਰ ਨਿਗਮ ਨੇ ਜਲਦੀ ਇਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਸ਼ੁਰੂ ਨਾ ਕੀਤੀ ਤਾਂ ਆਵਾਰਾ ਕੁੱਤਿਆਂ ਨੂੰ ਇਕੱਠਾ ਕਰ ਕੇ ਮੇਅਰ ਦੇ ਘਰ ਸਾਹਮਣੇ ਬੰਨ੍ਹ ਦਿੱਤਾ ਜਾਏਗਾ।

shivani attri

This news is Content Editor shivani attri