ਕੀ ਸੂਬਾ ਸਰਕਾਰ ਨੂੰ ਸਿਰਫ ਸ਼ਰਾਬ ਦੇ ਕਾਰੋਬਾਰ ਤੋਂ ਹੀ ਰੈਵੇਨਿਊ ਆਊਂਦੇ?

05/06/2020 4:17:53 PM

ਲੁਧਿਆਣਾ (ਸੇਠੀ) : ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜਨਰਲ ਸਕੱਤਰ ਸੁਨੀਲ ਮਹਿਰਾ, ਜ਼ਿਲਾ ਪ੍ਰਧਾਨ ਅਰਵਿੰਦਰ ਸਿੰਘ ਮੱਕੜ, ਜ਼ਿਲ੍ਹਾ ਚੇਅਰਮੈਨ ਪਵਨ ਲਹਿਰ ਨੇ ਵੀਡੀਓ ਕਾਨਫ੍ਰੈਂਸਿੰਗ 'ਤੇ ਮੀਡੀਆ ਰਾਹੀਂ ਸੂਬਾ ਸਰਕਾਰ ਨੂੰ ਸਵਾਲ ਪੁੱਛੇ ਹਨ ਕਿ ਕੀ ਸਰਕਾਰ ਨੂੰ ਸਿਰਫ ਸ਼ਰਾਬ ਦੇ ਕਾਰੋਬਾਰ ਤੋਂ ਹੀ ਰੈਵੇਨਿਊ ਆਉਂਦਾ ਹੈ।

ਵਪਾਰ ਮੰਡਲ ਦੇ ਨੇਤਾਵਾਂ ਨੇ ਕਿਹਾ ਕਿ ਸਰਕਾਰ ਨੇ ਹੌਜ਼ਰੀ ਕਾਰੋਬਾਰੀਆਂ ਨਾਲ ਇਕ ਵਾਰ ਫਿਰ ਵਿਤਕਰਾ ਕੀਤਾ ਹੈ, ਜਦੋਂਕਿ ਹੌਜ਼ਰੀ ਕਾਰੋਬਾਰ ਮਹਾਨਗਰ 'ਚ ਸਭ ਤੋਂ ਵੱਧ ਰੈਵੇਨਿਊ ਜਨਰੇਟ ਕਰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇੰਡਸਟਰੀ ਖੋਲ੍ਹ ਕੇ ਵਪਾਰ ਨੂੰ ਗਤੀ ਦੇਣ ਦਾ ਚੰਗਾ ਕੰਮ ਕੀਤਾ ਹੈ, ਜਿਸ ਨਾਲ ਕਿ ਲੇਬਰ ਨੂੰ ਕੰਮ ਮਿਲ ਸਕੇ। ਦੂਜੇ ਵਾਸੇ ਵਪਾਰਕ ਦੁਕਾਨਾਂ ਨਾ ਖੋਲ੍ਹ ਕੇ ਸ਼ਰਾਬ ਦੀਆਂ      ਦੁਕਾਨਾਂ ਖੋਲ੍ਹਣ ਦਾ ਜੋ ਫੈਸਲਾ ਲਿਆ ਜਾ ਰਿਹਾ ਹੈ, ਉਹ ਸਹੀ ਨਹੀਂ ਹੈ। ਇੰਡਸਟਰੀ ਖੋਲ੍ਹਣ ਦਾ ਫਾਇਦਾ ਤਾਂ ਹੋਵੇਗਾ ਜੇਕਰ ਦੁਕਾਨਾਂ ਖੁੱਲ੍ਹਣਗੀਆਂ। ਇੰਡਸਟਰੀ ਨੂੰ ਚਲਾਉਣ ਲਈ ਕੱਚਾ ਮਾਲ, ਤਿਆਰ ਮਾਲ ਨੂੰ ਵੇਚਣ ਲਈ ਦੁਕਾਨਾਂ ਖੋਲ੍ਹਣਾ ਜ਼ਰੂਰੀ ਹੈ। ਸਰਕਾਰ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਵਾਂਗ ਹੌਜ਼ਰੀ ਅਤੇ ਕੱਪੜਾ ਵਿਕ੍ਰੇਤਾ ਦੀਆਂ ਵੀ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਵੇ ਜਿਸ ਨਾਲ ਵਰਕਰਾਂ ਨੂੰ ਕੰਮ ਮਿਲ ਸਕੇ। ਦੇਸ਼ 'ਚ ਲਾਕਡਾਊਨ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਾਰੋਬਾਰੀ ਬਚਾਅ ਲਈ ਮਾਸਕ ਅਤੇ ਸੈਨੇਟਾਈਜ਼ਰ ਖਰੀਦ ਰਿਹਾ ਹੈ, ਪੱਛੜੇ ਵਰਗਾਂ ਲਈ ਖਾਣਾ ਮੁਹੱਈਆ ਕਰਵਾ ਰਿਹਾ ਹੈ। ਇੰਪਲਾਈਜ਼ ਨੂੰ ਤਨਖਾਹ ਦੇ ਰਿਹਾ ਹੈ, ਜਦੋਂਕਿ ਸਰਕਾਰ ਨੇ ਕਾਰੋਬਾਰੀਆਂ ਲਈ ਕੋਈ ਕਦਮ ਨਹੀਂ ਚੁੱਕੇ। ਬੈਂਕ ਦੀ ਈ. ਐੱਮ. ਆਈ. ਨਹੀਂ ਰੁਕੀ, ਬਿਜਲੀ ਦੇ ਬਿੱਲ, ਜੀ. ਐੱਸ. ਟੀ. ਦੀ ਪੈਨਲਟੀ, ਇਨਕਮ ਟੈਕਸ ਰਿਟਰਨ, ਬੱਚਿਆਂ ਦੀ ਸਕੂਲ ਫੀਸ ਜਿਓਂ ਦੀ ਤਿਓਂ ਹੈ। ਹੁਣ ਤੱਕ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਵਾਰ-ਵਾਰ ਮੰਗ ਦੇ ਬਾਵਜੂਦ ਕੇਂਦਰ ਅਤੇ ਸੂਬਾ ਸਰਕਾਰ ਨੇ ਇੰਡਸਟਰੀ ਲਈ ਕੋਈ ਰਾਹਤ ਪੈਕੇਜ ਦਾ ਐਲਾਨ ਨਹੀਂ ਕੀਤਾ।

ਹੌਜ਼ਰੀ ਕਾਰੋਬਾਰ ਨੋਟਬੰਦੀ, ਜੀ. ਐੱਸ. ਟੀ. ਤੋਂ ਬਾਅਦ ਕੋਰੋਨਾ ਨਾਲ ਜੂਝ ਰਿਹੈ : ਰਾਕੇਸ਼ ਜੈਨ
ਲੁਧਿਆਣਾ ਹੌਜ਼ਰੀ ਐਂਡ ਟ੍ਰੇਡਰਜ਼ ਗਾਰਮੈਂਟਸ ਦੇ ਵਾਈਸ ਪ੍ਰੈਜ਼ੀਡੈਂਟ ਰਾਜੇਸ਼ ਜੈਨ ਬੌਬੀ ਨੇ ਕਿਹਾ ਕਿ ਹੁਣ ਤੱਕ ਸਰਕਾਰ ਨੇ ਹੌਜ਼ਰੀ ਕਾਰੋਬਾਰੀਆਂ ਲਈ ਕੁਝ ਨਹੀਂ ਕੀਤਾ। ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਨੂੰ ਬਚਾਉਣ ਲਈ ਵੱਡੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਜਾਵੇ। ਬੌਬੀ ਨੇ ਕਿਹਾ ਕਿ ਜ਼ਿਆਦਾਤਰ ਹੌਜ਼ਰੀ ਇਕਾਈਆਂ ਸੀਜ਼ਨਲ ਹਨ। ਇਨ੍ਹਾਂ ਵਿਚ ਗਰਮੀ ਅਤੇ ਸਰਦੀ ਦੇ ਉਤਪਾਦ ਵੱਖ-ਵੱਖ ਤਿਆਰ ਹੁੰਦੇ ਹਨ ਜਾਂ ਨਿਰਮਾਣ ਦਾ ਸਮਾਂ ਵੀ ਵੱਖਰਾ ਹੈ। ਪਿਛਲੇ ਕੁਝ ਸੀਜ਼ਨਾਂ ਤੋਂ ਜੀ. ਐੱਸ. ਟੀ. ਅਤੇ ਨੋਟਬੰਦੀ ਦੀ ਲਪੇਟ ਵਿਚ ਆ ਗਏ ਸਨ ਜਿਸ ਤੋਂ ਕਾਰੋਬਾਰ ਹੁਣ ਤੱਕ ਨਹੀਂ ਉੱਭਰ ਸਕਿਆ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਨਾਲ 26ਵੀਂ ਮੌਤ, ਜਲੰਧਰ ਦੇ ਨੌਜਵਾਨ ਨੇ ਪੀ.ਜੀ.ਆਈ. 'ਚ ਤੋੜਿਆ ਦਮ  

ਇਹ ਵੀ ਪੜ੍ਹੋ : ਸੰਗਰੂਰ 'ਚ ਕੋਰੋਨਾ ਦਾ ਕਹਿਰ, ਡਾਕਟਰ ਦੀ ਰਿਪੋਰਟ ਆਈ ਪਾਜ਼ੇਟਿਵ 

Anuradha

This news is Content Editor Anuradha