ਲੋਕਾਂ ਨਾਲ ਠੱਗੀ ਮਾਰਨ ਵਾਲੇ ਜਾਅਲੀ ਡਾਕਟਰਾਂ ''ਤੇ ਚੱਲਿਆ ਪੁਲਸ ਦਾ ਡੰਡਾ

07/12/2019 5:53:57 PM

ਤਲਵੰਡੀ ਸਾਬੋ (ਮਨੀਸ਼ ਗਰਗ) : ਗੁਰੂ ਗੋਬਿੰਦ ਸਿੰਘ ਰਿਫਾਈਨਰੀ ਦੇ ਬਾਹਰ ਪੁਲਸ ਨੇ ਤਿੰਨ ਜਾਅਲੀ ਡਾਕਟਰਾਂ ਨੂੰ ਕਾਬੂ ਕੀਤਾ ਹੈ ਜੋ ਕਿ ਲੋਕਾਂ ਨੂੰ ਇਲਾਜ ਦੇ ਨਾਂ 'ਤੇ ਠੱਗਦੇ ਸੀ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਜਾਅਲੀ ਡਾਕਟਰਾਂ ਖਿਲਾਫ ਬਹੁਤ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। 

ਦਰਅਸਲ ਰਿਫਾਇਨਰੀ ਦੇ ਬਾਹਰ ਇਹ ਤਿੰਨੇ ਵਿਅਕਤੀ ਆਪਣੇ-ਆਪ ਨੂੰ ਮਾਹਿਰ ਡਾਕਟਰ ਦੱਸ ਕੇ ਲੋਕਾਂ ਦੇ ਇਲਾਜ ਕਰਦੇ ਸਨ, ਜਿਨ੍ਹਾਂ ਕੋਲ ਆਮ ਲੋਕਾਂ ਦੇ ਨਾਲ-ਨਾਲ ਰਿਫਾਈਨਰੀ ਦੀ ਲੇਵਰ ਵੀ ਦਵਾਈ ਲੈਂਦੀ ਸੀ। ਇਹ ਡਾਂਕਟਰ ਦਵਾਈ ਦੇਣ ਦੇ ਨਾਲ-ਨਾਲ ਮਰੀਜ਼ਾਂ ਨੂੰ ਦਾਖਲ ਕਰਕੇ ਉਨ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਵੀ ਕਰਦੇ ਸਨ। ਜਦੋਂ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਵਿਖੇ ਸਥਿਤ ਪੁਲਸ ਚੌਕੀ ਦੀ ਪੁਲਸ ਨੂੰ ਇਨ੍ਹਾਂ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਸਿਹਤ ਵਿਭਾਗ ਦੀ ਟੀਮ ਨਾਲ ਛਾਪਾਮਾਰੀ ਕਰਕੇ ਇਨ੍ਹਾਂ ਨੂੰ ਕਾਬੂ ਕਰ ਲਿਆ। 

ਪੁਲਸ ਨੇ ਕਥਿਤ ਜਾਅਲੀ ਡਾਕਟਰਾਂ ਤੋਂ ਵੱਡੀ ਮਾਤਰਾ ਵਿਚ ਦਵਾਈਆਂ ਅਤੇ ਇਲਾਜ ਲਈ ਵਰਤੇ ਜਾਂਦੇ ਔਜ਼ਾਰ ਵੀ ਬਰਾਮਦ ਕੀਤੇ ਹਨ। ਕਥਿਤ ਮੁਲਜ਼ਮਾਂ ਵਿਚ ਇਕ ਵਿਅਕਤੀ ਪੰਜਾਬ ਅਤੇ ਦੋ ਬਾਹਰੀ ਸੂਬਿਆਂ ਦੇ ਹਨ। ਪੁਲਸ ਨੇ ਜਾਅਲੀ ਡਾਂਕਟਰ ਖਿਲਾਫ ਧੋਖਾਧੜੀ ਕਰਨ ਅਤੇ ਇੰਡੀਅਨ ਮੈਡੀਕਲ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

Gurminder Singh

This news is Content Editor Gurminder Singh