ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਮੰਗਾਂ ਸਬੰਧੀ ਸੰਘਰਸ਼ ਦਾ ਐਲਾਨ

10/03/2017 12:18:17 PM

ਟਾਂਡਾ(ਮੋਮੀ, ਕੁਲਦੀਸ਼)— ਦੋਆਬਾ ਕਿਸਾਨ ਸੰਘਰਸ਼ ਕਮੇਟੀ ਹੁਸ਼ਿਆਰਪੁਰ ਦੀ ਇਕ ਮੀਟਿੰਗ ਸਰਕਾਰੀ ਕਾਲਜ ਟਾਂਡਾ ਦੀ ਗਰਾਊਂਡ 'ਚ ਹੋਈ, ਜਿਸ 'ਚ ਗੰਨੇ ਦੇ ਘੱਟ ਰੇਟ ਅਤੇ ਗੰਨਾ ਕਾਸ਼ਤਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਵਿਰੁੱਧ ਆਵਾਜ਼ ਬੁਲੰਦ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਕਮੇਟੀ ਦੇ ਸੰਘਰਸ਼ਸ਼ੀਲ ਆਗੂ ਜਗਵੀਰ ਸਿੰਘ ਚੌਹਾਨ, ਪ੍ਰੀਤ ਮੋਹਣ ਸਿੰਘ, ਰਣਜੀਤ ਸਿੰਘ ਬਾਜਵਾ, ਸਤਪਾਲ ਸਿੰਘ ਮਿਰਜ਼ਾਪੁਰ, ਅਮਰਜੀਤ ਸਿੰਘ ਸੰਧੂ ਅਤੇ ਜਰਨੈਲ ਸਿੰਘ ਕੁਰਾਲਾ ਨੇ ਮੰਗ ਕੀਤੀ ਕਿ 238 ਵਰਾਇਟੀ ਨੂੰ ਅਰਲੀ ਵਰਾਇਟੀ 'ਚ ਸ਼ਾਮਲ ਕਰ ਕੇ ਪੱਕੇ ਤੌਰ 'ਤੇ ਨੋਟੀਫਿਕੇਸ਼ਨ ਕੀਤਾ ਜਾਵੇ, ਗੰਨੇ ਦਾ ਰੇਟ ਮਿੱਲ ਚੱਲਣ ਤੋਂ ਪਹਿਲਾਂ 350 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ ਅਤੇ ਇਲਾਕੇ ਦੇ ਕਿਸਾਨਾਂ ਦਾ ਗੰਨਾ ਪਹਿਲ ਦੇ ਆਧਾਰ 'ਤੇ ਚੁੱਕਿਆ ਜਾਵੇ। ਉਨ੍ਹਾਂ ਕਿਹਾ ਉਕਤ ਮੰਗਾਂ ਸਰਕਾਰ ਤੇ ਪ੍ਰਸ਼ਾਸਨ ਦੇ ਧਿਆਨ 'ਚ ਲਿਆਉਣ ਲਈ ਹਲਕਾ ਵਿਧਾਇਕ ਨੂੰ ਇਕ ਮੰਗ-ਪੱਤਰ ਵੀ ਦਿੱਤਾ ਗਿਆ ਸੀ ਪਰ ਕਈ ਦਿਨ ਬੀਤਣ ਤੋਂ ਬਾਅਦ ਵੀ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੋਇਆ, ਜਿਸ ਕਾਰਨ ਕਿਸਾਨਾਂ 'ਚ ਲਗਾਤਾਰ ਰੋਸ ਵਧਦਾ ਜਾ ਰਿਹਾ ਹੈ।
ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਿੱਲ ਚੱਲਣ ਦੌਰਾਨ ਪਹਿਲੇ 2 ਮਹੀਨੇ ਸਿਰਫ ਇਲਾਕੇ ਦਾ ਗੰਨਾ ਹੀ ਪੀੜਿਆ ਜਾਵੇ। ਜੇ ਕਿਸੇ ਵੀ ਮਿੱਲ ਦੀ ਵਾਧੂ ਅਲਾਟਮੈਂਟ ਹੋਵੇ ਤਾਂ ਉਹ ਜਨਵਰੀ ਮਹੀਨੇ 'ਚ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਿਸਾਨਾਂ ਵੱਲੋਂ ਆਪਣਾ ਸੰਘਰਸ਼ ਤੇਜ਼ ਕਰਦਿਆਂ ਰੋਸ ਮੁਜ਼ਾਹਰੇ ਤੇ ਚੱਕਾ ਜਾਮ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਇਸ ਮੌਕੇ ਜੁਝਾਰ ਸਿੰਘ ਕੇਸੋਪੁਰ, ਤਾਰਾ ਬਾਹਟੀਵਾਲ, ਅਵਤਾਰ ਸਿੰਘ ਚੀਮਾ, ਬਲਵੀਰ ਸਿੰਘ ਸੋਹੀਆਂ, ਸੁੱਖੀ ਗਾਲੋਵਾਲ, ਪ੍ਰਿਤਪਾਲ ਸੈਣਪੁਰ, ਕੁਲਦੀਪ ਸਿੰਘ ਮਿਰਜ਼ਾਪੁਰ, ਅਮਰਜੀਤ ਸਿੰਘ ਕੁਰਾਲਾ, ਪ੍ਰਸ਼ੋਤਮ ਸਿੰਘ, ਮੀਕਾ ਕੁਰਾਲਾ, ਜੋਗਾ ਸਿੰਘ ਚਨੌਤਾ, ਪ੍ਰੀਤ ਸਰਾਈਂ, ਪਰਮਿੰਦਰ ਸਿੰਘ ਰਸੂਲਪੁਰ, ਮੋਦੀ ਕੁਰਾਲਾ, ਕਰਮਜੀਤ ਜਾਜਾ, ਜਸਵੀਰ ਸਿੰਘ, ਦਿਆਲ ਦੇਹਰੀਵਾਲ, ਸੀਸਾ ਰਾਣਾ, ਬਿੱਟੂ ਜਾਜਾ ਆਦਿ ਹਾਜ਼ਰ ਸਨ।