ਸੁਖਪਾਲ ਖਹਿਰਾ ਆਪਣੇ ਮਾੜੇ ਕੰਮਾਂ ਨੂੰ ਲੁਕਾਉਣ ਦੀ ਕੋਸ਼ਿਸ਼ ਨਾ ਕਰੇ : ਅਕਾਲੀ ਦਲ

11/20/2017 1:32:51 AM

ਚੰਡੀਗੜ੍ਹ  (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੂੰ ਕਿਹਾ ਹੈ ਕਿ ਉਹ ਲੋਕਾਂ ਦਾ ਧਿਆਨ ਹਟਾਉਣ ਵਾਲੇ ਬਿਆਨ ਦੇ ਕੇ ਆਪਣੇ ਮਾੜੇ ਕੰਮਾਂ ਨੂੰ ਛੁਪਾਉਣ ਦੀ ਕੋਸ਼ਿਸ਼ ਨਾ ਕਰੇ, ਜਿਨ੍ਹਾਂ ਕਰਕੇ ਇਕ ਅਦਾਲਤ ਵੱਲੋਂ ਉਸ ਨੂੰ ਦੋਸ਼ੀ ਐਲਾਨਿਆ ਜਾ ਚੁੱਕਿਆ ਹੈ।
ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਨਸ਼ਾ ਅਤੇ ਹਥਿਆਰਾਂ ਦੀ ਕੌਮਾਂਤਰੀ ਸਮੱਗਲਿੰਗ ਦੇ ਮਾਮਲੇ ਵਿਚ ਆਪਣੀ ਭੂਮਿਕਾ ਸਵੀਕਾਰ ਕਰਨ ਦੀ ਥਾਂ ਸੁਖਪਾਲ ਖਹਿਰਾ ਲੋਕਾਂ ਦਾ ਧਿਆਨ ਹਟਾਉਣ ਲਈ ਨਿਰਦੋਸ਼ ਹੋਣ ਦਾ ਡਰਾਮਾ ਕਰ ਰਿਹਾ ਹੈ। ਉਨਾਂ ਕਿਹਾ ਕਿ ਸੁਖਪਾਲ ਖਹਿਰਾ ਵੱਲੋਂ ਵਿਧਾਨ ਸਭਾ ਅਤੇ ਵਿਰੋਧੀ ਧਿਰ ਦੇ ਅਹੁਦੇ ਦੀ ਸ਼ਾਨ ਨੂੰ ਲਾਏ ਦਾਗ ਵਾਲੇ ਮੁੱਦੇ ਉੱਤੇ ਅਕਾਲੀ ਦਲ ਵਿਧਾਨ ਸਭਾ ਵਿਚ ਲੰਬੀ ਬਹਿਸ ਲਈ ਤਿਆਰ ਹੈ ਅਤੇ ਉਸ ਨੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਵੀ ਇਸ ਬਾਰੇ ਮੁਕੰਮਲ ਬਹਿਸ ਕਰਵਾਉਣ ਲਈ ਆਖਿਆ ਹੈ । ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਜ਼ਰੂਰੀ ਹੈ, ਕਿਉਂਕਿ 'ਆਪ' ਇਕ ਅਜਿਹੀ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ, ਜਿਹੜੀ ਰਾਜਨੀਤੀ ਅੰਦਰ ਨੈਤਿਕਤਾ ਅਤੇ ਸਦਾਚਾਰ ਦੀ ਹਾਮੀ ਭਰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਬਹਿਸ 'ਆਪ' ਦੇ ਵਿਧਾਇਕ ਦਲ ਨੂੰ ਵੀ ਪੰਜਾਬੀਆਂ ਨੂੰ ਇਹ ਦੱਸਣ ਦਾ ਖੁੱਲ੍ਹਾ ਮੌਕਾ ਦੇ ਦੇਵੇਗੀ ਕਿ ਉਹ ਇਕ ਨਸ਼ਾ ਸਮੱਗਲਿੰਗ ਦੇ ਦੋਸ਼ੀ ਦੇ ਨਾਲ ਖੜ੍ਹੇ ਹਨ ਜਾਂ ਫਿਰ ਜਨਤਕ ਜੀਵਨ ਵਿਚ ਈਮਾਨਦਾਰੀ ਦੇ ਹਮਾਇਤੀ ਹਨ ।
ਉਨ੍ਹਾਂ ਨੇ ਖਹਿਰਾ ਨੂੰ ਕਿਹਾ ਕਿ ਖੁਦ ਨੂੰ 'ਬਹਿਸ ਦਾ ਚੈਂਪੀਅਨ' ਕਹਾਉਣ ਲਈ ਕੀਤੇ ਡਰਾਮੇ ਤੁਹਾਡੇ ਮਾੜੇ ਕੰਮਾਂ 'ਤੇ ਮਿੱਟੀ ਨਹੀਂ ਪਾਉਣਗੇ । ਪੰਜਾਬੀ ਤੁਹਾਡੇ ਢੀਠਪੁਣੇ ਉਤੇ ਹੈਰਾਨ ਹਨ ਕਿ ਫਾਜ਼ਿਲਕਾ ਦੀ ਇਕ ਅਦਾਲਤ ਵੱਲੋਂ ਦੋਸ਼ੀ ਐਲਾਨੇ ਜਾਣ ਦੇ ਬਾਵਜੂਦ ਵੀ ਤੁਸੀਂ ਕੁਰਸੀ ਨੂੰ ਚਿੰਬੜ ਕੇ ਇਸ ਦੀ ਸ਼ੋਭਾ ਘਟਾ ਰਹੇ ਹੋ । ਤੁਹਾਡੀ ਆਪਣੇ ਖਿਲਾਫ ਲੱਗੇ ਦੋਸ਼ ਨੂੰ ਹਟਾਉਣ ਦੀ ਕੋਸ਼ਿਸ਼ ਨੂੰ ਮਾਣਯੋਗ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਇਸ ਨਸ਼ਾ ਸਮੱਗਲਿੰਗ ਦੇ ਮਾਮਲੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਤੁਹਾਡੇ ਵੱਲੋਂ ਕੀਤੀ ਤਾਜ਼ਾ ਕੋਸ਼ਿਸ਼ ਵੀ ਸਿਵਾਏ ਕੋਝੀ ਸਿਆਸਤ ਦੇ ਹੋਰ ਕੁੱਝ ਨਹੀਂ।
ਉਨ੍ਹਾਂ ਨੇ ਸਪੀਕਰ ਨੂੰ ਇਹ ਵੀ ਕਿਹਾ ਕਿ ਉਹ ਜਾਂਚ ਕਰਨ ਕਿ ਕੀ ਸੁਖਪਾਲ ਖਹਿਰਾ ਨੂੰ ਵਿਧਾਨ ਸਭਾ ਅੰਦਰ ਆਉਣ ਦੀ ਆਗਿਆ ਹੋਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਸਦਨ ਦੇ ਸਨਮਾਨ ਨੂੰ ਠੇਸ ਵੱਜਣ ਦੀ ਸੰਭਾਵਨਾ ਹੈ ਅਤੇ ਸਦਨ ਨੂੰ ਅਣਕਿਆਸੇ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਉਨ੍ਹਾਂ ਕਿਹਾ ਕਿ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਅਜੇ ਵੀ ਖਹਿਰਾ ਦੀ ਮੁੱਢਲੀ ਪਾਰਟੀ ਮੈਂਬਰਸ਼ਿਪ ਖਾਰਿਜ ਕਰਕੇ ਅਤੇ ਨਵਾਂ ਵਿਧਾਨ ਸਭਾ ਆਗੂ ਨਿਯੁਕਤ ਕਰਕੇ ਆਪਣੀ ਪਾਰਟੀ ਨੂੰ ਨਮੋਸ਼ੀ ਤੋਂ ਬਚਾ ਸਕਦਾ ਹੈ।