ਨਹੀਂ ਰੁਕ ਰਿਹਾ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ

10/27/2017 4:46:51 AM

ਸੁਲਤਾਨਪੁਰ ਲੋਧੀ, (ਧੀਰ)- ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਲਈ ਪਰਾਲੀ ਨੂੰ ਅੱਗ ਲਗਾਉਣ ਦੀ ਮਨਾਹੀ ਦੇ ਦਿੱਤੇ ਗਏ ਨਿਰਦੇਸ਼ਾਂ ਮੁਤਾਬਕ ਪੰਜਾਬ ਸਰਕਾਰ ਵਲੋਂ ਪਰਾਲੀ ਨੂੰ ਅੱਗ ਨਾ ਲਾਉਣ ਦੇ ਸਖਤ ਹੁਕਮਾਂ ਤਹਿਤ ਕੇਸ ਦਰਜ ਕਰਨ ਦੇ ਬਾਵਜੂਦ ਵੀ ਕਿਸਾਨਾਂ ਵਲੋਂ ਲਗਾਤਾਰ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਜਾਰੀ ਹੈ। ਪ੍ਰਸ਼ਾਸਨ ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਕਿਸਾਨ ਵਾਤਾਵਰਣ ਨੂੰ ਹੋਰ ਪ੍ਰਦੂਸ਼ਿਤ ਕਰ ਰਹੇ ਹਨ। ਪਰਾਲੀ ਨੂੰ ਅੱਗ ਲਗਾਉਣਾ ਆਪਣਾ ਅਧਿਕਾਰ ਸਮਝਦੇ ਹੋਏ ਕਿਸਾਨ ਇਸ ਗੱਲ ਤੋਂ ਬੇਪ੍ਰਵਾਹ ਹਨ ਕਿ ਉਹ ਆਪਣੇ ਹੱਥੀਂ ਜਿਥੇ ਉਪਜਾਊ ਜ਼ਮੀਨ ਨੂੰ ਬੰਜਰ ਕਰਨ ਦੇ ਲਈ ਕੋਈ ਕਸਰ ਨਹੀਂ ਛੱਡ ਰਹੇ ਉਥੇ ਆਉਣ ਵਾਲੀ ਪੀੜ੍ਹੀ ਲਈ ਬੀਮਾਰੀਆਂ ਦੀ ਸੌਗਾਤ ਵੀ ਦੇ ਰਹੇ ਹਨ। 
ਸਰਕਾਰ ਤੇ ਖੇਤੀਬਾੜੀ ਵਿਭਾਗ ਵਲੋਂ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪ੍ਰਚਾਰ ਵੈਨਾਂ, ਨਵੀਂ ਤਕਨੀਕ ਰਾਹੀਂ ਪਰਾਲੀ ਨੂੰ ਮਲਚਰ ਕਰਕੇ ਨਵੀਂ ਫਸਲ ਬੀਜਣਾ ਆਦਿ ਦੇ ਡੈਮੋ ਵਿਖਾਉਣ ਦੇ ਬਾਵਜੂਦ ਕੁੱਝ ਕਿਸਾਨਾਂ ਵਲੋਂ ਪਰਾਲੀ ਨੂੰ ਬੇਖੌਫ ਅੱਗ ਲਗਾਈ ਜਾ ਰਹੀ ਹੈ।
ਪ੍ਰਸ਼ਾਸਨ ਤੇ ਵਿਭਾਗ ਬੇਵੱਸ- ਰਾਜਨੀਤਕ ਮਜਬੂਰੀਆਂ ਦੇ ਚਲਦੇ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਨਾ ਲਾਉਣ ਦੇ ਹੁਕਮਾਂ ਨੂੰ ਰੋਕਣ ਲਈ ਪ੍ਰਸ਼ਾਸਨ ਤੇ ਵਿਭਾਗ ਦੋਨੋਂ ਹੀ ਬੇਵਸ ਹਨ। ਵੋਟਾਂ ਦੀ ਰਾਜਨੀਤੀ ਨੇ ਅੱਜ ਇਨਸਾਨ ਨੂੰ ਅਜਿਹੇ ਚੋਰਾਹੇ 'ਤੇ ਲਿਆ ਖੜ੍ਹਾ ਕੀਤਾ ਹੈ। ਉਹ ਕੁਝ ਚਾਹੁੰਦੇ ਹੋਏ ਵੀ ਨਹੀਂ ਕਰ ਸਕਦਾ ਹੈ। ਸਾਹ, ਦਮਾ, ਕੈਂਸਰ, ਫੇਫੜਿਆਂ ਦਾ ਰੋਗ, ਅੰਤੜੀਆਂ ਦੀ ਸੂਜਨ ਆਦਿ ਖਤਰਨਾਕ ਬੀਮਾਰੀਆਂ ਨੇ ਅੱਜ ਇਨਸਾਨ ਦੀ 20 ਸਾਲ ਉਮਰ ਨੂੰ ਛੋਟਾ ਕਰ ਦਿੱਤਾ ਹੈ।
ਕੀ ਕਹਿੰਦੇ ਹਨ ਵਾਤਾਵਰਣ ਪ੍ਰੇਮੀ- ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਗੁਰਵਿੰਦਰ ਸਿੰਘ ਬੋਪਾਰਾਏ, ਡਾ. ਹਰਜੀਤ ਸਿੰਘ, ਰੋਟੇ. ਯਾਦਵਿੰਦਰ ਸਿੰਘ, ਜਸਪਾਲ ਸਿੰਘ ਫੱਤੋਵਾਲ, ਰਣਜੀਤ ਸਿੰਘ ਆਦਿ ਦਾ ਕਹਿਣਾ ਹੈ ਕਿ ਜੇ ਅਸੀਂ ਸਾਰੇ ਮਿਲ ਕੇ ਇਹ ਨਿਸ਼ਚੈ ਕਰ ਲਈਏ ਕਿ ਵਾਤਾਵਰਣ ਨੂੰ ਹੋਰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਪਰਾਲੀ ਨੂੰ ਅੱਗ ਨਹੀਂ ਲਾਉਣੀ ਹੈ ਤਾਂ ਇਸ ਦੇ ਲਈ ਹੁਣ ਬਹੁਤ ਤਕਨੀਕਾਂ ਆ ਗਈਆਂ ਹਨ। ਲੋੜ ਹੈ ਕਿ ਉਸ ਨੂੰ ਵਰਤਣ ਦੀ ਤੇ ਸਮਝਣ ਦੀ। ਉਨ੍ਹਾਂ ਕਿਹਾ ਕਿ ਪੰਜਾਬ 'ਚ ਲਗਾਤਾਰ ਫੈਲ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਜੇ ਅਸੀਂ ਹਾਲੇ ਵੀ ਜਾਗਰੂਕ ਨਾ ਹੋਏ ਤਾਂ ਆਉਣ ਵਾਲਾ ਸਮਾਂ ਸਾਨੂੰ ਕਦੇ ਵੀ ਮੁਆਫ ਨਹੀਂ ਕਰੇਗਾ।
ਕੀ ਕਹਿੰਦੇ ਹਨ ਕਿਸਾਨ- ਕਿਸਾਨ ਪਰਮਜੀਤ ਸਿੰਘ, ਗੁਰਦੇਵ ਸਿੰਘ, ਬਾਜ ਸਿੰਘ, ਸੁਰਿੰਦਰਜੀਤ ਸਿੰਘ ਆਦਿ ਦਾ ਕਹਿਣਾ ਹੈ ਕਿ ਸਰਕਾਰ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਪਾਬੰਦੀ ਤੋਂ ਪਹਿਲਾਂ ਇਸਦੇ ਢੁੱਕਵੇਂ ਹੱਲ ਬਾਰੇ ਸੋਚਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣਾ ਸਾਡਾ ਕੋਈ ਸ਼ੌਕ ਨਹੀਂ, ਸਾਡੀ ਮਜਬੂਰੀ ਹੈ, ਕਿੱਥੋਂ ਅਸੀਂ ਮਹਿੰਗੇ ਟਰੈਕਟਰ, ਸੰਦ ਲੈ ਕੇ ਆਈਏ। ਪਹਿਲਾਂ ਹੀ ਖੇਤੀ ਧੰਦਾ ਹੁਣ ਲਾਹੇਵੰਦ ਨਹੀਂ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਖੁਦ ਪਰਾਲੀ ਖਰੀਦ ਕੇ ਇਸ  ਨੂੰ ਆਪਣੇ ਤੌਰ 'ਤੇ ਕਿਤੇ ਵੇਚੇ ਜਾਂ ਪ੍ਰਯੋਗ ਕਰੇ ਤਾਂ ਹੀ ਕੁਝ ਹੱਦ ਤਕ ਇਸ ਤੱਕ ਕਾਬੂ ਪਾਇਆ ਜਾ ਸਕਦਾ ਹੈ। 
ਕੀ ਕਹਿੰਦੇ ਹਨ ਖੇਤੀਬਾੜੀ ਵਿਭਾਗ ਅਧਿਕਾਰੀ- ਖੇਤੀਬਾੜੀ ਵਿਭਾਗ ਦੇ ਸੁੱਚਾ ਸਿੰਘ ਖਿੰਡਾ ਤੇ ਡਾ. ਪਰਮਿੰਦਰ ਕੁਮਾਰ ਨੇ ਕਿਹਾ ਕਿ ਅਸੀਂ ਹਾਲੇ ਵੀ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ ਅੱਗ ਨਾ ਲਗਾਉਣ ਦੀਆਂ ਅਪੀਲਾਂ ਕਰਦੇ ਆ ਰਹੇ ਹਾਂ। ਬਾਕੀ ਹੁਕਮ ਤਾਂ ਪ੍ਰਸ਼ਾਸਨ ਨੇ ਲਾਗੂ ਕਰਵਾਉਣੇ ਹੁੰਦੇ ਹਨ।